ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ

ਯੂ.ਕੇ ਤੋਂ ਬੀਬੀ ਚਾਹਲ ਅਤੇ ਦਿੱਲੀ ਤੋਂ ਰਘਬੀਰ ਸਿੰਘ ਜੌੜਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ 

ਮੋਹਾਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ। ਉਹ 95 ਸਾਲ ਦੇ ਸਨ। 

ਅਕਾਲੀ ਦਲ ਦੇ ਸਰਪ੍ਰਸਤ ਤੇ ਸਿਆਸਤ ਦੇ ਬਾਬਾ ਬੋਹੜ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੈ ਸੀ ਜਿਸ ਤੋਂ ਬਾਅਦ ਉਹ ਐਤਵਾਰ ਤੋਂ ਹਸਪਤਾਲ ਦੇ ਆਈ.ਸੀ.ਯੂ. ‘ਚ ਦਾਖ਼ਲ ਸਨ। ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। 

ਉਹ ਪੰਜਾਬ ਦੇ ਸਭ ਤੋਂ ਵੱਧ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸਨ। 

ਸ. ਬਾਦਲ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਯੂ.ਕੇ ਅਕਾਲੀ ਦਲ ਦੀ 50 ਸਾਲ ਤੋਂ ਸਰਪ੍ਰਸਤ ਬੀਬੀ ਬਲਵਿੰਦਰ ਕੌਰ ਚਾਹਲ ਨੇ ਭਰੇ ਮਨ ਨਾਲ ਕਿਹਾ ਕਿ 25 ਅਪ੍ਰੈਲ ਦੀ ਮਨਹੂਸ ਘੜੀ, ਪੰਜਾਬ ਤੋਂ ਦਿਲਾ ਦਾ ਦਰਦੀ ਖੋਹ ਲਿਆ, ਪੰਜ ਵਾਰ ਮੁੱਖ ਮੰਤਰੀ ਬਣਕੇ ਆਪਣੇ ਸਮੁੱਚੇ ਭਾਈਚਾਰੇ ਦੀ ਅਣਥੱਕ, ਹਰ ਖਿਤੇ ਤੇ ਵਰਗ ਨੂੰ ਇੱਕੋ ਅੱਖ ਨਾਲ ਦੇਖ ਕੇ ਸੇਵਾ, ਵੰਡ ਅਤੇ ਹੱਕ ਵਰਤਾਏ।

ਹਰਮਨ ਪਿਆਰੇ ਨੇਤਾ ਸਵ. ਪ੍ਰਕਾਸ਼ ਸਿੰਘ ਬਾਦਲ ਵਿੱਚ ਭੇਦਭਾਵ ਨਾਉ ਦੀ ਕੋਈ ਅੰਸ਼ ਨੇੜੇ ਨਹੀਂ ਸੀ, ਸ਼ਾਂਤ ਸੁਭਾਅ, ਹਲੇਮੀ, ਸਹਿਣਸ਼ੀਲਤਾ ਤੇ ਨਿਮਰਤਾ ਦੇ ਕੁੰਭ ਸਨ, ਬੁਰਾ ਭਲਾ ਸੁਣ ਕੇ ਵੀ ਕਹਿਣਾ ਕੋਈ ਨਾ ਭਾਈ ਮੈਂ ਤਾਂ ਚੰਗਾ ਕੀਤਾ ਤੁਸੀਂ ਨਹੀਂ ਖੁਸ਼ ਤਾਂ ਵੀ ਕੋਈ ਨਹੀਂ, ਹਰ ਇੱਕ ਦਾ ਸਿਰ ਪਲੋਸਿਆ।

18 ਸਾਲ ਦੀ ਉਮਰ ’ਚ ਲਾਹੌਰ ਕਾਲਜ ਤੋਂ ਵਿੱਦਿਆ ਲੈ ਕੇ ਰਾਜਨੀਤੀ ’ਚ ਗਿਆਨੀ ਕਰਤਾਰ ਸਿੰਘ ਹੋਰਾਂ ਦੇ ਹੁਕਮਾਂ ’ਤੇ ਫੁੱਲ ਚੜ੍ਹਾਏ, ਵਿਰੋਧੀਆਂ ਨਾਲ ਵੀ ਭਰਾਵੀ ਸਾਂਝ ਕਰਕੇ ਕੇਂਦਰ ਤੋਂ ਪੰਜਾਬ ਲਈ ਗਰਾਂਟਾ ਲਈਆਂ। ਕਿਸਾਨਾ ਨਾਲ ਕੀ ਨਹੀਂ ਕੀਤਾ, ਹਰ ਪੜਾਅ ’ਤੇ ਸਹਾਇਤਾ, ਯੂ.ਪੀ. ਦੇ ਚੌਧਰੀ ਮਹਿੰਦਰ ਸਿੰਘ ਰਕੇਸ਼ ਟਕੈਤ ਦੇ ਪਿਤਾ ਨਾਲ ਰਲ੍ਹਕੇ ਘੋਲ ਕੀਤਾ, ਐਮਰਜੈਂਸੀ ਵੇਲੇ ਸਾਰੇ ਦੇਸ਼ ’ਚ ਸ਼੍ਰੋਮਣੀ ਅਕਾਲੀ ਦਲ ਦਾ ਨਾਂਉ ਦਰਜ ਕਰਵਾਇਆ।

ਬਸ ਇੱਕੋ ਅਫ਼ਸੋਸ ਹੈ ਕਿ ਅੰਤਲੇ ਵਰ੍ਹਿਆਂ ’ਚ ਖੁਦਗਰਜ਼ੀਆਂ ਨੇ ਕਸ਼ਟ ਦਿੱਤਾ ਜੋ ਨਿੰਦਣਯੋਗ ਹੈ, ਅੱਜ ਹਰ ਸਿਆਸੀ ਨੇਤਾ ਵੈਰਾਗੀ ਹੈ, ਸਹਿਚਾਰੀ ਤਾਂ ਉਨ੍ਹਾਂ ਨਾਲ ਗੁਜ਼ਾਰੇ ਕੰਮਾਂ ’ਚ ਪਲਾਂ ਨੂੰ ਚੇਤੇ ਕਰਕੇ ਦੁਖੀ ਹਨ, ਕਦਰ ਜਾਣ ਮਗਰੋਂ ਵੀ ਪੈ ਰਹੀ ਹੈ, ਜਾਣਾ ਤਾਂ ਸਭ ਨੇ ਹੈ ਪਰ ਕੁੱਝ ਕਰਕੇ ਜਾਵੇ ਤਾਂ ਸਫ਼ਲ।

ਵਿਛੋੜਾ ਤਾਂ ਅਸਹਿ ਹੈ ਪਰ ਤਸੱਲੀ ਧਰਵਾਸ ਹੈ ਕਿ ਮੰਜਾ-ਮੱਲ ਨਹੀਂ ਗਏ ਪਰ ਅੱਖ ਹੀ ਸਹਿਜਲ ਹੈ, ਸਮੁੱਚਾ ਪੰਜਾਬ ਹੀ ਪ੍ਰਵਾਰ ਹੈ, ਕਿਹੜਾ ਵਰਗ ਹੈ ਜੋ ਨਿਵਾਜਿਆ ਨਹੀਂ, ਭਗਵਾਨ ਵਾਲਮੀਕ ਜੀ ਦੀ ਵੱਡਮੁੱਲੀ ਮੂਰਤੀ, ਗੁਰੂ ਰਵਿਦਾਸ ਜੀ ਲਈ ਵਿਸ਼ਾਲ ਅਸਥਾਨ ਜੋ ਸੈਲਾਨੀ ਦੇਖਣਗੇ, ਹੋਰ ਕਿੰਨੀਆਂ ਸਕੀਮਾਂ ਤੋਹਫ਼ੇ ਬੋਲਣਗੇ।

ਓ-ਸ਼ੇਰਾ ਹੁਣ ਕਦ ਪਾਵੇਂਗਾ ਫੇਰਾ

ਮੈਂ ਔਖੇ ਸਮੇਂ ’ਚ ਵੀ ਨਿਧੜਕ ਹੋ ਕੇ ਝੰਡਾ ਚੁੱਕੀ ਰੱਖਿਆ ਇੱਖ ਅੱਖ਼ਰ ਵੀ ਉਨ੍ਹਾਂ ਵਿਰੁੱਧ ਨਹੀਂ ਸਹਾਰਿਆ, ਪੰਜਾਹ ਸਾਲ ਦੀ ਮੈਂਬਰ ਹਾਂ, ਮੈਂ ਸੌ ਸਾਲਾ ਜਨਮ ਦਿਨ ਸਮਾਗਮ ਦੀ ਅਭਿਲਾਸ਼ੀ ਸੀ ਪਰ ਜਿਓ ਤੂੰ ਰਾਖੇ ਤਿਓ ਰਹਾਂ, ਭਾਣੇ ’ਚ ਹੀ ਰਹਿਣਾ ਧਰਮ ਹੈ। ਸ਼ਰਧਾਂਜਲੀ ਦੇ ਇਹ ਅੱਖਰ ਅਰਪਨ ਪ੍ਰਵਾਰ, ਪੰਜਾਬ ਦੇ ਹਰ ਪ੍ਰਾਣੀ ਨਾਲ ਦੁੱਖ ’ਚ ਸ਼ਰੀਕ ਹਾਂ, ਉਨ੍ਹਾਂ ਦੀ ਆਤਮਾਂ ਨੂੰ ਚਰਨਾਂ ’ਚ ਨਿਵਾਸ, ਸ਼੍ਰੋਮਣੀ ਅਕਾਲੀ ਦਲ ਨੂੰ ਉਹ ਅਰਸ਼ਾਂ ’ਚੋਂ ਅਸ਼ੀਰਵਾਦ ਦੇਣ।

ਦਿੱਲੀ ਦੇ ਉੱਘੇ ਸਨਅਤਕਾਰ ਅਤੇ ਸਮਾਜ ਸੇਵਕ ਸ. ਰਘਬੀਰ ਸਿੰਘ ਜੌੜਾ ਨੇ ਸ. ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਹੋਏ ਤਜ਼ਰਬੇਕਾਰ ਸਿਆਸਤਦਾਨ ਜਿਨ੍ਹਾਂ ਆਪਣੇ ਜੀਵਨ 13 ਵਿਧਾਨ ਸਭਾ ਚੋਣਾਂ ਲੜੀਆਂ ਅਤੇ ਸਭ ਤੋਂ ਵੱਧ 5 ਵਾਰ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਾਪਤ ਕੀਤਾ।

ਸ. ਜੋੜਾ ਨੇ ਕਿਹਾ ਕਿ ਉਹ ਮਹਿਜ਼ 13 ਸਾਲ ਦੀ ਉਮਰ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦਾ ਸੰਗ ਮਾਣਦੇ ਰਹੇ ਜਿਸ ਦੀ ਮਿਸਾਲ 1977 ਵਿੱਚ ਖਿੱਚੀ ਗਈ ਥੱਲੇ ਵਾਲੀ ਤਸਵੀਰ ਹੈ ਜਿਸ ਵਿੱਚ ਸ. ਜੌੜਾ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਪਟਕਾ ਸਜਾਈ ਖੜ੍ਹੇ ਹਨ।

Comments are closed, but trackbacks and pingbacks are open.