ਸਾਊਥਾਲ ਵਿਖੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ

ਗੋਲਡਨ ਵਿਰਸਾ ਵਲੋਂ ਸਾਹਿਤਕਾਰ ਕੰਵਲਪ੍ਰੀਤ ਕੌੜਾ ਦਾ ਸਨਮਾਨ

ਲੰਡਨ – ਗੋਲਡਨ ਵਿਰਸਾ ਯੂ.ਕੇ ਦੁਆਰਾ ਮੌਨਸੂਨ ਬੈਂਕਿਊਟ ਸਾਊਥਾਲ ਵਿਖੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਪਰਮਜੀਤ ਸਿੰਘ ਰੰਧਾਵਾ ਪ੍ਰਧਾਨ ਸਾਊਥਾਲ ਕਬੱਡੀ ਕਲੱਬ, ਰਾਜਵੀਰ ਸਮਰਾ ਐੱਮ.ਡੀ. ਗੋਲਡਨ ਵਿਰਸਾ ਯੂ.ਕੇ., ਮਨਜੀਤ ਸਿੰਘ, ਸ਼ਰਨਬੀਰ ਸਿੰਘ ਸੰਘਾ, ਰਵਿੰਦਰ ਸਿੰਘ ਧਾਲੀਵਾਲ, ਸੱਯਦ ਜ਼ਾਹਿਦ, ਰਣਜੀਤ ਸਿੰਘ ਗਿੱਲ ਆਦਿ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੌਰਾਨ ਪੰਜਾਬ ਤੋਂ ਆਏ ਉੱਘੇ ਸਾਹਿਤਕਾਰ ਕੰਵਲਪ੍ਰੀਤ ਸਿੰਘ ਕੌੜਾ ਦਾ ਪੰਜਾਬ ’ਚ ਪੰਜਾਬੀ ਮਾਂ-ਬਾਲੀ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

ਸਨਮਾਨਿਤ ਕਰਨ ਉਪਰੰਤ ਕਬੱਡੀ ਕਲੱਬ ਸਾੳੂਥਾਲ ਦੇ ਪ੍ਰਧਾਨ ਪਰਮਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਮਾਂ-ਬੋਲੀ ਨੂੰ ਦੁਨੀਆ ਦੇ ਕਿਸੇ ਵੀ ਕੋਨੋ ਵਿੱਚ ਪ੍ਰਫੁੱਲਿਤ ਕਰਨ ਵਾਲੇ ਦਾ ਸਨਮਾਨ ਕਰਨ ਦਾ ਜਿੱਥੇ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ, ਉਥੇ ਹੀ ਉਹ ਵਿਅਕਤੀ ਸਾਡੇ ਸਾਰਿਆਂ ਲਈ ਸਤਿਕਾਰਯੋਗ ਤੇ ਸਨਮਾਨਯੋਗ ਵੀ ਹੈ, ਜੋ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਤੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੋੜ ਕੇ ਆਪਣੇ ਵਿਰਸੇ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਇਸ ਸਨਮਾਨ ਸਬੰਧੀ ਕਿਹਾ ਕਿ ਕੰਵਲਪ੍ਰੀਤ ਸਿੰਘ ਕੌੜਾ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ-ਆਪ ਨੂੰ ਖ਼ੁਦ ਸਨਮਾਨਿਤ ਹੋਇਆ ਮਹਿਸੂਸ ਕਰ ਰਹੇ ਹਾਂ। ਸਮਾਗਮ ਦੌਰਾਨ ਰਵਿੰਦਰ ਸਿੰਘ ਧਾਲੀਵਾਲ ਤੇ ਮਨਜੀਤ ਸਿੰਘ ਨੇ ਜਿੱਥੇ ਸਾਹਿਤਕਾਰ ਕੌੜਾ ਦਾ ਯੂ.ਕੇ ਆਉਣ ’ਤੇ ਨਿੱਘਾ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਗੋਲਡਨ ਵਿਰਸਾ ਯੂ.ਕੇ ਵਲੋਂ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ, ਉਥੇ ਹੀ ਆਉਣ ਵਾਲੇ ਸਮੇਂ ਵਿੱਚ ਵੀ ਯੂ.ਕੇ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਮਾਂ-ਬੋਲੀ ਤੇ ਆਪਣੇ ਪੰਜਾਬੀ ਵਿਰਸੇ ਨਾਲ ਜੋੜੇ ਰੱਖਣ ਲਈ ਅਹਿਮ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਦੌਰਾਨ ਸਾਹਿਤਕਾਰ ਕੰਵਲਪ੍ਰੀਤ ਸਿੰਘ ਕੌੜਾ ਨੇ ਗੋਲਡਨ ਵਿਰਸਾ ਯੂ.ਕੇ ਦੁਆਰਾ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਗੋਲਡਨ ਵਿਰਸਾ ਯੂ.ਕੇ ਵੱਲੋਂ ਕੀਤੇ ਸਨਮਾਨ ਲਈ ਸਮੁੱਚੇ ਪ੍ਰਬੰਧਕਾਂ ਤੇ ਟੀਮ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਜਿਥੇ ਗੋਲਡਨ ਵਿਰਸਾ ਯੂ.ਕੇ ਦੀ ਭੰਗੜਾ ਟੀਮ ਨੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਰਾਹੀਂ ਵਾਹ-ਵਾਹ ਖੱਟੀ, ਉਥੇ ਹੀ ਇਸ ਦੌਰਾਨ ਪ੍ਰਸਿੱਧ ਗਾਇਕ ਤੇ ਕਲਾਕਾਰ ਹਰਮਨ ਚੀਮਾ ਨੇ ਵੀ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਕੱਬਡੀ ਖਿਡਾਰੀ, ਕਬੱਡੀ ਪ੍ਰਮੋਟਰ, ਸੱਭਿਆਚਾਰਕ ਪ੍ਰਮੋਟਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Comments are closed, but trackbacks and pingbacks are open.