ਸਸਕਾਰ ਮੌਕੇ ਪੰਥਕ ਸਖ਼ਸ਼ੀਅਤਾਂ ਵਲੋਂ ਹਾਰਦਿਕ ਸ਼ਰਧਾਂਜਲੀ
ਨਵਾਂਸ਼ਹਿਰ – ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜ੍ਹੀ ਤੇ ਸੁਣੀ ਜਾਵੇਗੀ ਕਿ ਢਾਡੀ ਰਾਗ ਦੇ ਧੁਨੰਤਰ ਕਰਕੇ ਜਾਣੇ ਜਾਂਦੇ ਸ਼੍ਰੋਮਣੀ ਢਾਡੀ ਪੁਰਸਕਾਰ ਨਾਲ ਸਨਮਾਨਿਤ ਸਵਰਗਵਾਸੀ ਢਾਡੀ ਦਇਆ ਸਿੰਘ ਦਿਲਬਰ ਦੇ ਛੋਟੇ ਸਪੁੱਤਰ ਢਾਡੀ ਕੁਲਜੀਤ ਸਿੰਘ ਦਿਲਬਰ ਪ੍ਰਧਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਪੰਜਾਬ ਨਹੀਂ ਰਹੇ। ਉਹ ਆਪਣੇ ਪਿਤਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰੰਤ ਪੰਜਾਬ ਐਂਡ ਸਿੰਧ ਬੈਂਕ ਨਵਾਂਸ਼ਹਿਰ ਵਿਖੇ ਅਫ਼ਸਰੀ ਦੀ ਸ਼ਾਨਦਾਰ ਨੌਕਰੀ ਨੂੰ ਲੱਤ ਮਾਰ ਕੇ ਸਿੱਖ ਕੌਮ ਦੇ ਜੁਝਾਰੂ ਵਿਰਸੇ ਨੂੰ ਪਰਨਾਏ ਢਾਡੀ ਰਾਗ ਨੂੰ ਸਮਰਪਿੱਤ ਹੋ ਆਪਣੇ ਪਿਤਾ ਦੀ ਸ਼ਾਨਾਮੱਤੀ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਏ ਸਨ। ਉਹ ਗੁਰਦਿਆਂ ਦੀ ਬੀਮਾਰੀ ਤੋਂ ਪੀੜ੍ਹਤ ਸਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਪਿਤਾ ਸਵਰਗਵਾਸੀ ਗਿਆਨੀ ਦਇਆ ਸਿੰਘ ਦਿਲਬਰ ਵੀ 26 ਜਨਵਰੀ ਨੂੰ ਪੂਰੇ ਹੋਏ ਸਨ ਅਤੇ ਉਨ੍ਹਾਂ ਦੇ ਸਪੁੱਤਰ ਗਿਆਨੀ ਕੁਲਜੀਤ ਸਿੰਘ ਦਿਲਬਰ ਨੇ ਵੀ 26 ਫ਼ਰਵਰੀ ਦੀ ਹੀ ਤਾਰੀਖ਼ ਦੀ ਚੋਣ ਕੀਤੀ।
ਢਾਡੀ ਕੁਲਜੀਤ ਸਿੰਘ ਦਿਲਬਰ ਦਾ ਸਸਕਾਰ 28 ਫ਼ਰਵਰੀ ਨੂੰ ਨਵਾਂਸ਼ਹਿਰ ਵਿਖੇ ਉੱਘੀਆਂ ਪੰਥਕ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
Comments are closed, but trackbacks and pingbacks are open.