ਲੰਡਨ ਵਿਖੇ ਸ਼ਿਵ ਕੁਮਾਰ ਬਟਾਲਵੀ ਟਰੱਸਟ ਵਲੋਂ ਸਾਬਿਰ ਅਲੀ ਕਿਤਾਬ ਦੀ ਘੁੰਢ ਚੁਕਾਈ

ਸਹਿਤਕ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ

ਹੇਜ਼, ਇੰਗਲੈਂਡ (ਗੁਰਮੇਲ ਕੌਰ ਸੰਘਾ) – ਸ਼ਿਵ ਕੁਮਾਰ ਬਟਾਲਵੀ ਔਰਗੇਨਾਇਜ਼ੇਸ਼ਨ ਯੂ ਕੇ ਅਤੇ ਮੇਲ਼ ਗੇਲ਼ ਮਲਟੀਕਲਚਰਲ ਸੋਸਾਇਟੀ, ਨੌਰਵੁੱਡ ਗਰੀਨ ਵੱਲੋਂ ਅਵਾਰਡ ਅਤੇ ਸਾਬਿਰ ਅਲੀ ਸਾਬਿਰ ਦੀ ਕਿਤਾਬ “ਭੁੱਖ” ਦੀ ਘੁੰਡ ਚੁਕਾਈ ਦਾ ਆਯੋਜਨ ਕੀਤਾ ਗਿਆ। 

ਸਟੇਜ ਤੋਂ ਆਏ ਹੋਏ ਮਹਿਮਾਨਾਂ ਦੇ ਸੁਆਗਤ ਉਪਰੰਤ ਸਟੇਜ ਸੰਚਾਲਨ ਦਾ ਕੰਮ ਸੋਸਾਇਟੀ ਦੇ ਕਰਤਾ ਧਰਤਾ ਤਲਵਿੰਦਰ ਸਿੰਘ ਢਿੱਲੋਂ ਜੀ ਦੁਆਰਾ ਬਾਖ਼ੂਬੀ ਨਿਭਾਇਆ ਗਿਆ। ਸਮਾਗਮ ਵਿੱਚ ਸ. ਗੁਰਬਚਨ ਸਿੰਘ ਅਟਵਾਲ ਤੇ ਸੀ੍ ਗੁਰੂ ਸਿੰਘ ਸਭਾ, ਸਾਊਥਾਲ ਦੇ ਟਰੱਸਟੀ ਸ. ਦਲਜੀਤ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। 

ਕਿਤਾਬ “ਭੁੱਖ” ਚਰਚਾ ਜਿਸ ਵਿੱਚ ਸ਼ਿਵ ਕੁਮਾਰ ਬਟਾਲਵੀ ਔਰਗੇਨਾਇਜ਼ੇਸ਼ਨ ਯੂ ਕੇ ਦੇ ਚੇਅਰਮੈਨ ਤਲਵਿੰਦਰ ਸਿੰਘ ਢਿੱਲੋਂ, ਸਾਹਿਤ ਕਲਾ ਕੇਂਦਰ ਦੇ ਕੁਲਵੰਤ ਢਿੱਲੋਂ, ਲਹਿੰਦੇ ਪੰਜਾਬ ਤੋਂ ਆਈ ਉੱਚਕੋਟੀ ਦੀ ਕਵਿੱਤਰੀ ਤਾਹਿਰਾ ਸਰਾ, ‘ਚਰਚਾ’ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਸਲੋਹ ਤੋਂ ਗੁਰਨਾਮ ਸਿੰਘ ਗਰੇਵਾਲ ,ਫ਼ਿਲਮੀ ਕਹਾਣੀਆਂ ਨੂੰ ਲਿਖਣ ਤੇ ਘੋਖਣ ਦਾ ਕੰਮ ਕਰਨ ਵਾਲੇ ਇਕਬਾਲ ਚੰਨਾ, ਪੰਜਾਬ ਤੋਂ ਆਈ ਉੱਚਕੋਟੀ ਦੀ ਕਵਿੱਤਰੀ ਸਿਮਰਨ ਅਕਸ, ਨਾਵਲਕਾਰ ਮਹਿੰਦਰਪਾਲ ਧਾਲੀਵਾਲ ਤੇ ਗਿੰਮੀ ਟੀ ਵੀ ਦੀ ਸੰਚਾਲਕਾ ਸ਼ਗੁਫ਼ਤਾ ਗਿੰਮੀ ਨੇ ਭਾਗ ਲਿਆ।

ਇਸ ਤੋਂ ਉਪਰੰਤ ਮੁਸ਼ਾਇਰੇ ਤੇ ਮੌਸੀਕੀ ਦਾ ਪੋ੍ਗਰਾਮ ਨਾਲ ਨਾਲ ਚੱਲਿਆ।

ਜਿਸ ਦੌਰਾਨ ਲਹਿੰਦੇ ਪੰਜਾਬ ਤੋਂ ਆਏ ਸੁਰੀਲੇ ਗਾਇਕ ਸੁਨੀਲ ਸੱਜਲ ਨੇ ਸਾਬਿਰ ਅਲੀ ਸਾਬਿਰ ਦੀ ਲਿਖੀ ਗ਼ਜ਼ਲ ” ਜਜ਼ਬਿਆਂ ਤੇ ਚੱਲੀਂਆਂ ਨੇ ਆਰੀਆਂ” ਤੇ ਕਵਿੱਤਰੀ ਤਾਹਿਰਾ ਸਰਾ ਦਾ ਲਿਖਿਆ ਗੀਤ “ਜਿਹਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ” ਗਾ ਕੇ ਧੰਨ ਧੰਨ ਕਰਵਾ ਦਿੱਤੀ। ਇਸ ਤੋਂ ਬਾਅਦ ਚੜ੍ਹਦੇ ਪੰਬਾਬ ਤੋਂ ਆਈ ਗਾਇਕਾ ਮਨਜੀਤ ਨਿੱਕੀ ਵੱਲੋਂ ” ਜਦੋਂ ਤੂੰ ਨਾਂ ਲਵੇਂ ਸਾਡਾ, ਇਹ ਦਿਲ ਕੁਰਬਾਨ ਹੋ ਜਾਂਦੈ” ਗੀਤ ਉਪਰੰਤ ਟਣਕਦੀ ਅਵਾਜ਼ ਵਿੱਚ ਬੋਲੀਆਂ ਗਾ ਕੇ ਪੰਡਾਲ ਵੱਚ ਬੈਠੀਆਂ ਬੀਬੀਆਂ ਨੂੰ ਉੱਠ ਕੇ ਨੱਚਣ ਲਈ ਮਜ਼ਬੂਰ ਕਰ ਦਿੱਤਾ।

ਕਵੀਆਂ ਦੀ ਕਤਾਰ ਵਿੱਚ ਲਹਿੰਦੇ ਪੰਜਾਬ ਤੋਂ ਆਏੇ ਲਫ਼ਜ਼ਾਂ ਦੇ ਜਾਦੂਗਰ ਸਾਬਿਰ ਅਲੀ ਸਾਬਿਰ ਵੱਲੋਂ “ਇੰਨੇ ਚੋਖੇ ਚਿਰ ਪਿੱਛੋਂ ਨਾ ਆਇਆ ਕਰ”, ਤਾਹਿਰਾ ਸਰਾ ਵੱਲੋਂ “ਪਹਿਲੀ ਗੱਲ ਤਾਂ ਸਾਰੀ ਗ਼ਲਤੀ ਮੇਰੀ ਨਹੀਂ” ਅਤੇ ਚੜ੍ਹਦੇ ਪੰਜਾਬ ਤੋਂ ਆਈ ਕਵਿੱਤਰੀ ਸਿਮਰਨ ਅਕਸ ਵੱਲੋਂ ” ਭੋਲ਼ੀ ਏਂ ਕਿ ਸੁੰਨੀ ਏਂ,ਕਿਸ ਮਿੱਟੀ ਵਿੱਚ ਗੁੰਨ੍ਹੀਂ ਏਂ” ਸੁਣਾ ਕੇ ਦਰਸ਼ਕਾਂ ਨੂੰ ਕੀਲ ਰੱਖਿਆ।

ਇਨ੍ਹਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਵਿੱਚ ਭਿੰਦਰ ਜਲਾਲਾਬਾਦੀ, ਦਲਵਿੰਦਰ ਕੌਰ ਬੁੱਟਰ, ਸ਼ਿਵਦੀਪ ਕੌਰ ਢੇਸੀ, ਅਮਰ ਜੋਤੀ ਜੀ, ਮਨਜੀਤ ਪੱਡਾ, ਕਿੱਟੀ ਬੱਲ, ਭਜਨ ਧਾਲੀਵਾਲ, ਬਲਵਿੰਦਰ ਤੇ ਗੁਰਨਾਮ ਸਿੰਘ ਗਰੇਵਾਲ, ਗੁਰਮੇਲ ਕੌਰ ਸੰਘਾ, ਜਗਜੀਤ ਕੌਰ, ਮਿਸਿਜ਼ ਖਟੜਾ, ਸੰਸਾਰ ਸਿੰਘ ਤੇ ਮੇਲ ਗੇਲ ਦਾ ਸਟਾਫ਼ ਤੇ ਬੀਬੀਆਂ ਸ਼ਾਮਿਲ ਸਨ।

ਇਸ ਤੋਂ ਇਲਾਵਾ ਮੇਲ ਗੇਲ ਮਲਟੀਕਲਚਰਲ ਸੋਸਾਇਟੀ ਦੇ ਟੀਮ ਲੀਡਰ ਹਰਵੰਤ ਕੌਰ ਜੀ ਤੇ ਸਹਿਯੋਗਣਾਂ ਸ਼ਸੀ ਸ਼ਰਮਾ, ਜਗਜੀਤ ਕੌਰ, ਮਨਜੀਤ ਖਟੜਾ ਤੇ ਹੋਰ ਮੈਂਬਰਾਂ ਵੱਲੋਂ ਚਾਹ-ਪਾਣੀ ਦੀ ਸੇਵਾ ਨਿਰਵਿਘਨ ਨਿਭਾਈ ਗਈ।

ਪੋ੍ਗਰਾਮ ਦੇ ਅੰਤ ਵਿੱਚ ਦਲਜੀਤ ਸਿੰਘ ਗਰੇਵਾਲ ਤੇ ਗੁਰਬਚਨ ਸਿੰਘ ਅਟਵਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Comments are closed, but trackbacks and pingbacks are open.