ਅੰਮ੍ਰਿਤਸਰ- ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਸਬ ਕਮੇਟੀ ਨੇ ਮੁਅੱਤਲਸ਼ੁਦਾ ਸੁਪਰਵਾਈਜ਼ਰ ਗੁਰਮੁਖ ਸਿੰਘ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਭਾਈ ਲਖਬੀਰ ਸਿੰਘ ਮਹਾਲਮ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਆਵਾਜ਼-ਏ-ਕੌਮ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ ਬੁੱਲੋਵਾਲ ਅਤੇ ਜਥਾ ਨੀਲੀਆਂ ਫ਼ੌਜਾਂ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਬਾਬਾ ਮਹਾਰਾਜ ਸਿੰਘ ਛਾਉਣੀ ਨੌਰੰਗਬਾਦ ਦੇ ਮੁੱਖ ਜਥੇਦਾਰ ਬਾਬਾ ਰਛਪਾਲ ਸਿੰਘ ਨਿਹੰਗ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ 16 ਦੋਸ਼ੀਆਂ ‘ਚੋਂ ਇੱਕ ਉੱਤੇ ਜ਼ੁਰਮਾਨੇ ਦੀ ਮਮੂਲੀ ਕਾਰਵਾਈ ਕਰਕੇ ਸ਼੍ਰੋਮਣੀ ਕਮੇਟੀ ਨੇ ਇਹ ਮੋਹਰ ਲਾ ਦਿੱਤੀ ਹੈ ਕਿ ਜਥੇਬੰਦੀਆਂ ਵੱਲੋ ਵਿੱਢਿਆ ਸੰਘਰਸ਼ ਬਿਲਕੁਲ ਜਾਇਜ਼ ਸੀ ਅਤੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਵੱਡੀ ਗ਼ਲਤੀ ਹੋਈ ਹੈ। ਉਹਨਾਂ ਕਿਹਾ ਕਿ ਜੁਰਮਾਨਾ ਕਰਕੇ ਕੇਵਲ ਓਹੀ ਪੈਸੇ ਵਸੂਲੇ ਜਾ ਰਹੇ ਹਨ ਜੋ 328 ਪਾਵਨ ਸਰੂਪਾਂ ਦੀ ਭੇਟਾ ਬਣਦੀ ਹੈ ਪਰ ਦੋਸ਼ੀਆਂ ਨੂੰ ਕੇਵਲ ਮੁਅੱਤਲ ਕਰਨਾ, ਫਿਰ ਫੰਡ ਦੇਣ ਦੇ ਰਾਹ ਖੋਲ੍ਹਣੇ ਅਤੇ ਉਹਨਾਂ ਉੱਤੇ ਪਰਚੇ ਦਰਜ਼ ਨਾ ਕਰਵਾਉਣੇ ਸ਼੍ਰੋਮਣੀ ਕਮੇਟੀ ਦੀ ਦੋਸ਼ੀਆਂ ਪ੍ਰਤੀ ਹਮਦਰਦੀ ਸਾਬਤ ਕਰਦੀ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਕੇਵਲ ਪ੍ਰਬੰਧਕੀ ਕੁਤਾਹੀ ਦਾ ਨਹੀਂ, ਬਲਕਿ ਸਾਡੇ ਇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਵੇਚਣ ਦਾ ਹੈ ਜਿਸ ਨਾਲ ਲੱਖਾਂ ਸੰਗਤਾਂ ਦੇ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ, ਇਹ ਇੱਕ ਸੰਗੀਨ ਜੁਰਮ ਹੈ ਇਸ ਨੂੰ ਕੇਵਲ ਮਮੂਲੀ ਜੁਰਮਾਨੇ ਕਰਕੇ ਮਾਮਲੇ ਨੂੰ ਠੱਪਿਆ ਨਾ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਕੀ ਦੋਸ਼ੀਆਂ ਨੂੰ ਵੀ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਵੱਲੋਂ ਮੋਰਚਿਆਂ ਅਤੇ ਮਾਰਚਾਂ ਰਾਹੀਂ ਕੀਤਾ ਜਾ ਰਿਹਾ ਇਹ ਸੰਘਰਸ਼ ਕੇਵਲ ਦੋਸ਼ੀਆਂ ਨੂੰ ਜੁਰਮਾਨੇ ਲਾਉਣ ਲਈ ਨਹੀਂ ਬਲਕਿ ਦੋਸ਼ੀਆਂ ਉੱਤੇ ਧਾਰਮਿਕ, ਪ੍ਰਬੰਧਕੀ ਅਤੇ ਕਾਨੂੰਨੀ ਕਾਰਵਾਈ ਕਰਵਾਉਣ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਇਹ ਦੱਸੇ ਕਿ ਉਹ ਪਾਵਨ ਸਰੂਪ ਕੀਹਨੂੰ, ਕਿਉਂ ਅਤੇ ਕਿੱਥੇ ਦਿੱਤੇ ਅਤੇ ਹੁਣ ਪਾਵਨ ਸਰੂਪ ਕਿਹੜੇ ਹਲਾਤਾਂ ‘ਚ ਹਨ। ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੰਜੋਲੀ ਪਾਸੋਂ ਮੰਗ ਕੀਤੀ ਕਿ ਪਾਵਨ ਸਰੂਪਾਂ ਨੂੰ ਗੁੰਮ ਕਰਨ ਵਾਲੇ 16 ਦੋਸ਼ੀਆਂ ਉੱਤੇ ਪਰਚੇ ਦਰਜ਼ ਕਰਵਾਏ ਜਾਣ ਤਾਂ ਜੋ ਸੰਗਤਾਂ ਨੂੰ ਇਨਸਾਫ਼ ਮਿਲ ਸਕੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੰਨਾ ਚਿਰ ਤਕ ਲਾਪਤਾ ਪਾਵਨ ਸਰੂਪ ਨਹੀਂ ਲੱਭੇ ਜਾਂਦੇ ਅਤੇ ਦੋਸ਼ੀਆਂ ‘ਤੇ ਪਰਚੇ ਦਰਜ ਨਹੀਂ ਹੁੰਦੇ ਓਦੋਂ ਤਕ ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਲਾਪਤਾ 328 ਪਾਵਨ ਸਰੂਪਾਂ ਸਬੰਧੀ ਪੰਥਕ ਜਥੇਬੰਦੀਆਂ ਵੱਲੋਂ ਇਨਸਾਫ਼ ਲਈ ਲਾਏ ਸ਼ਾਂਤਮਈ ਮੋਰਚੇ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸਿਰੇ ਦੀ ਗੁੰਡਾਗਰਦੀ ਕਰਦਿਆਂ ਚੁੱਕਵਾ ਦਿੱਤਾ ਸੀ ਅਤੇ ਪੰਥ-ਪ੍ਰਸਤ ਗੁਰਸਿੱਖਾਂ ਦੇ ਕੇਸਾਂ-ਕਕਾਰਾਂ ਦੀ ਬੇਅਦਬੀ ਕੀਤੀ ਅਤੇ ਉਹਨਾਂ ਨੂੰ ਬੇਤਹਾਸ਼ਾ ਜ਼ੁਲਮ-ਤਸ਼ੱਦਦ ਕਰਕੇ ਬੰਦੀ ਬਣਾ ਕੇ ਉਲਟਾ 307 ਦੇ ਪਰਚੇ ਦਰਜ਼ ਕਰਵਾ ਦਿੱਤੇ ਸਨ ਜਿਸ ਤੋਂ ਬਾਅਦ ਦੁਨੀਆਂ ਭਰ ‘ਚ ਬਾਦਲਕਿਆਂ ਦੀ ਥੂਹ-ਥੂਹ ਹੋਈ।
2021-12-31
Comments are closed, but trackbacks and pingbacks are open.