ਲਹਿੰਦੇ ਪੰਜਾਬ ਦੇ ਸਾਬਕਾ ਗਵਰਨਰ ਦਾ ਚੜ੍ਹਦੇ ਪੰਜਾਬ ਦੇ ਦੋਸਤਾਂ ਨੇ ਮਨਾਇਆ ਜਨਮਦਿਨ 

ਚੌਧਰੀ ਸਰਵਰ ਪਕਿਸਤਾਨ ਆਉਣ ਵਾਲ਼ੇ ਸਿੱਖ ਭਾਈਚਾਰੇ ਦੀ ਖਿਦਮਤ ਲਈ ਹਰ ਵੇਲੇ ਤਿਆਰ- ਚੌਧਰੀ ਸਰਵਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) –

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਸਥਿਤ ਬੰਬੇ ਬਲੂਅਜ਼ ਵਿਖੇ ਭਾਈਚਾਰਕ ਸਾਂਝ ਵਧਾਉਣ ਹਿੱਤ ਇੱਕ ਵਿਸ਼ੇਸ਼ ਸਮਾਗਮ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਦੌਰਾਨ ਪਾਕਿਸਤਾਨ ਪੰਜਾਬ ਦੇ ਦੋ ਵਾਰ ਗਵਰਨਰ ਰਹਿ ਚੁੱਕੇ ਚੌਧਰੀ ਮੁਹੰਮਦ ਸਰਵਰ ਦਾ 70ਵਾਂ ਜਨਮਦਿਨ ਮਨਾਇਆ ਗਿਆ।

ਇਸ ਸਮਾਗਮ ਦੀ ਖਾਸੀਅਤ ਇਹ ਸੀ ਕਿ ਲਹਿੰਦੇ ਪੰਜਾਬ ਦੇ ਜੰਮੇ ਜਾਏ ਮੁਹੰਮਦ ਸਰਵਰ ਦੇ ਚੜ੍ਹਦੇ ਪੰਜਾਬ ਦੇ ਉਹਨਾਂ ਦੇ ਦੋਸਤਾਂ ਨੇ ਜਨਮਦਿਨ ਮਨਾਉਣ ਸੰਬੰਧੀ ਦਾਅਵਤ ਦਿੱਤੀ।

ਇਸ ਸਮੇਂ ਸਿੱਖ ਭਾਈਚਾਰੇ ਦੀ ਤਰਫੋਂ ਸੋਹਣ ਸਿੰਘ ਰੰਧਾਵਾ ਨੇ ਹਾਜਰੀਨ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਚੌਧਰੀ ਮੁਹੰਮਦ ਸਰਵਰ ਨੂੰ ਸਮੂਹਿਕ ਵਧਾਈ ਪੇਸ਼ ਕੀਤੀ।

ਉਹਨਾਂ ਕਿਹਾ ਕਿ “ਸਕਾਟਲੈਂਡ ਵਿੱਚ ਮੁਸਲਿਮ ਸਿੱਖ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਦੋਵੇਂ ਭਾਈਚਾਰੇ ਦਹਾਕਿਆਂ ਤੋਂ ਸਰਗਰਮ ਹਨ। ਇਹੀ ਵਜ੍ਹਾ ਹੈ ਕਿ ਅਸੀਂ ਇੱਕ ਦੂਜੇ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੁੰਦੇ ਰਹਿੰਦੇ ਹਾਂ।

ਅੱਜ ਦਾ ਇਹ ਸਮਾਗਮ ਵੀ ਮੁਹੱਬਤੀ ਸਾਂਝਾਂ ਨੂੰ ਹੋਰ ਗੂੜ੍ਹਾ ਕਰਨ ਵੱਲ ਵੱਡਾ ਕਦਮ ਹੈ।” ਜ਼ਿਕਰਯੋਗ ਹੈ ਮੁਹੰਮਦ ਸਰਵਰ ਦਾ ਸਕਾਟਲੈਂਡ ਦੀ ਸਿਆਸਤ ਵਿੱਚ ਵੀ ਵੱਡਾ ਨਾਮ ਸੀ, ਪਰ ਉਹਨਾ ਪਾਕਿਸਤਾਨ ਦੀ ਸਰਗਰਮ ਸਿਆਸਤ ਵਿੱਚ ਕੁੱਦਣ ਦਾ ਫੈਸਲਾ ਲਿਆ ਸੀ।

ਕਰਤਾਰਪੁਰ ਸਾਹਿਬ ਲਾਂਘੇ ਵੇਲੇ ਉਹਨਾਂ ਵੱਲੋਂ ਕੀਤੇ ਕਾਰਜਾਂ ਕਰਕੇ ਸਿੱਖ ਭਾਈਚਾਰੇ ਵਿੱਚ ਉਹਨਾਂ ਨੂੰ ਹੋਰ ਵਧੇਰੇ ਸਤਿਕਾਰ ਪਿਆਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਸਕਾਟਲੈਂਡ ਦੀਆਂ ਸੰਗਤਾਂ ਦੀ ਪਾਕਿਸਤਾਨ ਫੇਰੀ ਮੌਕੇ ਸਰਵਰ ਵੱਲੋਂ ਉਹਨਾਂ ਨੂੰ ਪਲਕਾਂ ‘ਤੇ ਬਿਠਾਇਆ ਗਿਆ। ਉਹਨਾਂ ਦਾ 70ਵਾਂ ਜਨਮਦਿਨ ਮਨਾਉਣ ਸੰਬੰਧੀ ਜੁੜੀਆਂ ਸਿੱਖ ਭਾਈਚਾਰੇ ਦੀਆਂ ਨਾਮਵਰ ਸਖਸ਼ੀਅਤਾਂ ਨੇ ਉਹਨਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ-ਨਾਲ ਉਹਨਾਂ ਦੇ ਮਾਨਵਤਾਵਾਦੀ ਕਾਰਜਾਂ ਲਈ ਧੰਨਵਾਦ ਵੀ ਕੀਤਾ।

ਇਸ ਸਮਾਗਮ ਦੌਰਾਨ ਸੋਹਣ ਸਿੰਘ ਰੰਧਾਵਾ ਵੱਲੋਂ “ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ” ਗੀਤ ਗਾ ਕੇ ਸਮਾਗਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।

ਇਸ ਸਮੇਂ ਸਰਵ ਸ੍ਰੀ ਬਲਜੀਤ ਸਿੰਘ ਖਹਿਰਾ, ਮੱਖਣ ਸਿੰਘ ਬਿਨਿੰਗ, ਰਣਜੀਤ ਸਿੰਘ ਸੰਘਾ, ਗੁਰਮੀਤ ਸਿੰਘ ਧਾਲੀਵਾਲ, ਲਭਾਇਆ ਸਿੰਘ ਮਹਿਮੀ, ਰੇਸ਼ਮ ਸਿੰਘ ਕੂਨਰ, ਜਿੱਤ ਸਿੰਘ ਮਸਤਾਨ, ਗੁਰਨਾਮ ਸਿੰਘ ਧਾਮੀ, ਸੱਤੀ ਸਿੰਘ, ਟੋਨੀ ਢਿੱਲੋਂ, ਗੁਰਮੇਲ ਸਿੰਘ ਧਾਮੀ, ਗੁਰਦੇਵ ਸਿੰਘ ਧਾਮੀ, ਕਮਲਜੀਤ ਸਿੰਘ ਭੁੱਲਰ, ਮਲਿਕ ਖਾਲਿਦ, ਅਲੀ ਅੱਬਾਸ, ਅਫਜਲ ਜਿਗਰ, ਮੁਹੰਮਦ ਸਰਫਰਾਜ ਅਹਮਦ, ਅਰਸ਼ਦ ਮੁਗਲ, ਬਾਬਾ ਰੱਬਾਨੀ, ਆਮੀਨ ਮਿਰਜ਼ਾ, ਅਲੀ ਨਿਜਾਫਨੀ, ਮਨਜੀਤ ਸਿੰਘ (ਬੰਬੇ ਬਲੂ), ਗੁਰਚਰਨ ਸਿੰਘ ਸੇਖੋਂ, ਵਿਕਾਸ ਗੁਪਤਾ, ਜੀਵਨ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। 

Comments are closed, but trackbacks and pingbacks are open.