ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –
ਯੂਕੇ ਵਿੱਚ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ (ਓ ਐੱਨ ਐੱਸ) ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸੈਕੰਡਰੀ ਸਕੂਲਾਂ ਵਿੱਚ ਕੋਵਿਡ -19 ਦੀਆਂ ਦਰਾਂ ਵਧ ਰਹੀਆਂ ਹਨ। ਅੰਕੜਿਆਂ ਅਨੁਸਾਰ ਕੋਵਿਡ -19 ਦੇ ਸਕਾਰਾਤਮਕ ਟੈਸਟ ਦੇ ਨਤੀਜਿਆਂ ਦੇ ਨਾਲ ਸਕੂਲੀ ਸਾਲ 7 ਅਤੇ 11 (11 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ ) ਦੀ ਪ੍ਰਤੀਸ਼ਤਤਾ 11 ਸਤੰਬਰ ਨੂੰ ਵਧ ਕੇ 2.74 ਪ੍ਰਤੀਸ਼ਤ ਹੋ ਗਈ ਹੈ। ਓ ਐੱਨ ਐੱਸ ਡਾਟਾਬੇਸ ਅਨੁਸਾਰ, ਹਰ 35 ਵਿਦਿਆਰਥੀਆਂ ਵਿੱਚੋਂ 1 ਨੂੰ ਕੋਵਿਡ-19 ਹੈ। ਇਸ ਦੇ ਬਾਅਦ ਸਕੂਲ ਸਾਲ 12 ਤੋਂ ਵਧੇਰੇ ਉਮਰ ਦੇ ਵਿਦਿਆਰਥੀ ਹਨ, ਜਿਨ੍ਹਾਂ ਵਿੱਚ 45 ਵਿੱਚੋਂ 1 ਨੂੰ ਕੋਵਿਡ ਹੈ। ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ਵਿੱਚ ਵਾਇਰਸ ਦੀ ਲਾਗ ਦਾ ਵਾਧਾ ਚਿੰਤਾਜਨਕ ਹੈ ਅਤੇ ਇਸ ਲਈ ਸਾਵਧਾਨੀਆਂ ਜਰੂਰੀ ਹਨ। ਇਹਨਾਂ ਅੰਕੜਿਆਂ ਦੇ ਅਨੁਸਾਰ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੰਗਲੈਂਡ ਵਿੱਚ ਹਰ 80 ਲੋਕਾਂ ਵਿੱਚੋਂ ਇੱਕ ਨੂੰ 11 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ ਕੋਵਿਡ ਸੀ। ਇਹਨਾਂ ਅੰਕੜਿਆਂ ਵਿੱਚ ਉਸ ਨਾਲੋਂ ਪਿਛਲੇ ਹਫਤੇ ਦੇ ਮੁਕਾਬਲੇ ਥੋੜ੍ਹੀ ਜਿਹੀ ਗਿਰਾਵਟ ਦਰਜ਼ ਹੋਈ ਹੈ, ਪਰ ਇੰਗਲੈਂਡ ਵਿੱਚ ਲਾਗ ਦੀ ਦਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀ ਦਰ ਨਾਲੋਂ ਵੱਧ ਸੀ। ਇਸ ਸਬੰਧ ਵਿੱਚ ਓ ਐੱਨ ਐੱਸ ਦਾ ਅਗਲਾ ਕੋਰੋਨਾ ਵਾਇਰਸ ਇਨਫੈਕਸ਼ਨ ਸਰਵੇਖਣ 24 ਸਤੰਬਰ ਨੂੰ ਹੋਵੇਗਾ।
ਯੂਕੇ ਵਿੱਚ ਕੋਰੋਨਾ ਕੇਸਾਂ ‘ਚ ਲਗਾਤਾਰ ਵਾਧਾ ਹੋਣ ਕਾਰਨ, ਹਸਪਤਾਲਾਂ ਵਿੱਚ ਵੀ ਕੋਰੋਨਾ ਮਰੀਜਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਦਰਜ਼ ਹੋ ਰਹੀ ਹੈ। ਕੋਵਿਡ ਮੌਤਾਂ ਅਤੇ ਹਸਪਤਾਲ ਵਿੱਚ ਦਾਖਲ ਹੋਣਾ ਯੂਕੇ ਦੇ ਸਿਹਤ ਬੋਰਡਾਂ ਦਰਮਿਆਨ ਮਾਰਚ ਮਹੀਨੇ ਦੇ ਪੱਧਰ ‘ ਤੇ ਵਾਪਸ ਆ ਰਿਹਾ ਹੈ ਅਤੇ ਫਿਲਹਾਲ ਇਸ ਗਿਣਤੀ ਦੇ ਹੇਠਾਂ ਆਉਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਸਰਕਾਰ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੋਵਿਡ -19 ਨਾਲ ਪੀੜਤ ਲੋਕਾਂ ਦੀ ਹਸਪਤਾਲ ਵਿੱਚ ਗਿਣਤੀ ਲਗਾਤਾਰ ਗਿਆਰ੍ਹਵੇਂ ਦਿਨ 8,000 ਤੋਂ ਉੱਪਰ ਰਹੀ ਹੈ। ਜਿਸ ਤਹਿਤ ਸ਼ਨੀਵਾਰ ਨੂੰ 8068 ਕੋਰੋਨਾ ਮਰੀਜ਼ ਹਸਪਤਾਲਾਂ ਵਿੱਚ ਦਾਖਲ ਸਨ। ਅੰਕੜਿਆਂ ਦੇ ਅਨੁਸਾਰ 31 ਅਗਸਤ ਤੋਂ ਵੈਂਟੀਲੇਟਰਾਂ ‘ਤੇ ਮਰੀਜ਼ਾਂ ਦੀ ਗਿਣਤੀ 1,000 ਤੋਂ ਉੱਪਰ ਹੀ ਰਹੀ ਹੈ। ਇਸਦੇ ਇਲਾਵਾ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਕੋਵਿਡ -19 ਨਾਲ ਤਕਰੀਬਨ 159,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸ਼ਨੀਵਾਰ ਨੂੰ ਹੋਰ ਨਵੇਂਂ 30,144 ਕੋਰੋਨਾ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਸਿਹਤ ਮਾਹਿਰ ਵਾਇਰਸ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਲਈ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ।
Comments are closed, but trackbacks and pingbacks are open.