ਯੂਕੇ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਯਾਤਰਾ ਨਿਯਮਾਂ ਨੂੰ ਕੀਤਾ ਸੌਖਾ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਯਾਤਰਾ ਪਾਬੰਦੀਆਂ ਤਹਿਤ ਬਣਾਈ ਲਈ ਟ੍ਰੈਫਿਕ ਲਾਈਟ ਪ੍ਰਣਾਲੀ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਨਵੇਂ ਨਿਯਮਾਂ ਦੇ ਅਧੀਨ 4 ਅਕਤੂਬਰ ਤੋਂ ਅੰਬਰ ਅਤੇ ਹਰੀ ਸੂਚੀ ਨੂੰ ਖਤਮ ਕਰਕੇ ਇਕੱਲੀ ਲਾਲ ਸੂਚੀ ਰੱਖੀ ਜਾਵੇਗੀ। ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਐਲਾਨ ਅਨੁਸਾਰ ਯੂਕੇ ਆਉਣ ਵਾਲੇ ਪੂਰੀ ਤਰ੍ਹਾਂ ਕੋਰੋਨਾ ਟੀਕਾ ਲੱਗੇ ਹੋਏ ਯਾਤਰੀਆਂ ਲਈ ਲਾਜ਼ਮੀ ਕੁਆਰੰਟੀਨ ਅਤੇ ਪੀ ਸੀ ਆਰ ਟੈਸਟਾਂ ਲਈ ਲਾਗਤ ਦਾ ਬੋਝ ਘਟੇਗਾ। 4 ਅਕਤੂਬਰ ਤੋਂ, ਯਾਤਰੀਆਂ ਨੂੰ ਵਿਦੇਸ਼ਾਂ ਤੋਂ ਯੂਕੇ ਅਉਣ ਲਈ ਪ੍ਰੀ-ਡੀਪਾਰਚਰ ਪੀ ਸੀ ਆਰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਯੂਕੇ ਦੇ ਟਰਾਂਸਪੋਰਟ ਸਕੱਤਰ ਗ੍ਰਾਂਟ ਸ਼ੈਪਸ ਅਨੁਸਾਰ ਇਹਨਾਂ ਬਦਲਾਵਾਂ ਨਾਲ ਸਧਾਰਨ, ਵਧੇਰੇ ਸਿੱਧੀ ਅਤੇ ਘੱਟ ਖਰਚੇ ਵਾਲੀ ਪ੍ਰਣਾਲੀ ਨਾਲ ਵਧੇਰੇ ਲੋਕਾਂ ਨੂੰ ਯਾਤਰਾ ਕਰਨ ਦੀ ਆਗਿਆ ਮਿਲੇਗੀ। ਨਵੇਂ ਨਿਯਮਾਂ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਉਨ੍ਹਾਂ ਅੱਠ ਲਾਲ ਸੂਚੀ ਵਾਲੇ ਸਥਾਨਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਗਲੇ ਬੁੱਧਵਾਰ ਤੋਂ ਯਾਤਰਾ ਪਾਬੰਦੀ ਸੂਚੀ ਤੋਂ ਹਟਾ ਦਿੱਤਾ ਜਾਵੇਗਾ। ਅਕਤੂਬਰ ਦੇ ਅਖੀਰ ਤੋਂ, ਗੈਰ-ਲਾਲ ਸੂਚੀ ਵਾਲੇ ਦੇਸ਼ਾਂ ਦੇ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਯਾਤਰੀ ਮੌਜੂਦਾ ਲਾਜ਼ਮੀ ਦੂਜੇ ਦਿਨ ਦੇ ਪੀ ਸੀ ਆਰ ਟੈਸਟ ਦੀ ਜ਼ਰੂਰਤ ਨੂੰ ਇੱਕ ਸਸਤੇ ਲੈਟਰਲ ਫਲੋ ਟੈਸਟ ਨਾਲ ਬਦਲਣ ਦੇ ਯੋਗ ਹੋਣਗੇ। ਇਸਦੇ ਇਲਾਵਾ ਕੋਰੋਨਾ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਕਾਂਤਵਾਸ ਅਤੇ ਇੱਕ ਮੁਫਤ ਪੁਸ਼ਟੀਕਰਣ ਪੀ ਸੀ ਆਰ ਟੈਸਟ ਲੈਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਸਾਰੇ ਯਾਤਰੀਆਂ ਨੂੰ ਅਜੇ ਵੀ ਯਾਤਰਾ ਤੋਂ ਪਹਿਲਾਂ ਇੱਕ ਯਾਤਰੀ ਲੋਕੇਟਰ ਫਾਰਮ ਭਰਨਾ ਪਵੇਗਾ।

Comments are closed, but trackbacks and pingbacks are open.