ਯੂਕੇ ‘ਚ ਹਜ਼ਾਰਾਂ ਲੋਕਾਂ ਨੂੰ ਪੀ ਸੀ ਆਰ ਕੋਵਿਡ ਟੈਸਟ ਦੇ ਗਲਤ ਨਤੀਜੇ ਦਿੱਤੇ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਇੰਗਲੈਂਡ ਅਤੇ ਵੇਲਜ਼ ਦੇ ਹਜ਼ਾਰਾਂ ਲੋਕਾਂ ਨੂੰ ਇੱਕ ਗਲਤੀ ਦੇ ਬਾਅਦ ਕੋਵਿਡ ਟੈਸਟ ਦੇ ਗਲਤ ਨੈਗੇਟਿਵ ਨਤੀਜੇ ਦਿੱਤੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਗਈ ਹੈ। ਇਸ ਸਬੰਧੀ ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਅਨੁਸਾਰ ਅੰਦਾਜ਼ਨ 43,000 ਲੋਕਾਂ ਨੂੰ ਪੀ ਸੀ ਆਰ ਕੋਵਿਡ ਟੈਸਟ ਦੇ ਗਲਤ ਨੈਗੇਟਿਵ ਨਤੀਜੇ ਦਿੱਤੇ ਗਏ ਹੋ ਸਕਦੇ ਹਨ। ਇਸ ਮਾਮਲੇ ਵਿੱਚ ਐੱੱਨ ਐੱਚ ਐੱਸ ਟੈਸਟ ਅਤੇ ਟਰੇਸ ਨੇ ਵੁਲਵਰਹੈਂਪਟਨ ਵਿੱਚ ਆਪਣੀ ਪ੍ਰਯੋਗਸ਼ਾਲਾ ‘ਚ ਇਮੇਂਸਾ ਹੈਲਥ ਕਲੀਨਿਕ ਲਿਮਟਿਡ ਦੁਆਰਾ ਮੁਹੱਈਆ ਕਰਵਾਏ ਗਏ ਟੈਸਟਿੰਗ ਕਾਰਜਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਕਈ ਲੋਕਾਂ ਦੁਆਰਾ ਨੈਗੇਟਿਵ ਪੀ ਸੀ ਆਰ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਤੋਂ ਬਾਅਦ ਕੀਤੀ ਗਈ ਹੈ, ਜਦੋਂ ਕਿ ਉਨ੍ਹਾਂ ਨੇ ਪਹਿਲਾਂ ਪਾਜੇਟਿਵ ਲੇਟਰਲ ਫਲੋਅ ਟੈਸਟ ਕੀਤਾ ਸੀ। ਇਹ ਗਲਤੀਆਂ 8 ਸਤੰਬਰ ਅਤੇ 12 ਅਕਤੂਬਰ ਦੇ ਵਿਚਕਾਰ ਲੋਕਾਂ ਨੂੰ ਦਿੱਤੇ ਗਏ ਟੈਸਟ ਦੇ ਨਤੀਜਿਆਂ ਨਾਲ ਸਬੰਧਤ ਹਨ ਜੋ ਮੁੱਖ ਤੌਰ ਤੇ ਇੰਗਲੈਂਡ ਦੇ ਦੱਖਣ ਪੱਛਮ, ਦੱਖਣ ਪੂਰਬ ਅਤੇ ਵੇਲਜ਼ ਦੇ ਕੁੱਝ ਮਾਮਲਿਆਂ ਨਾਲ ਜੁੜੇ ਹਨ। ਯੂਕੇ ਐੱਚ ਐੱਸ ਏ ਅਨੁਸਾਰ ਟੈਸਟ ਕਿੱਟਾਂ ਵਿੱਚ ਕੋਈ ਤਕਨੀਕੀ ਸਮੱਸਿਆਵਾਂ ਨਹੀਂ ਹਨ ਅਤੇ ਲੋਕਾਂ ਨੂੰ ਆਮ ਵਾਂਗ ਟੈਸਟ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਗਲਤ ਨਤੀਜੇ ਕਿਉਂ ਅਤੇ ਕਿਵੇਂ ਦਿੱਤੇ ਗਏ। ਐੱਨ ਐੱਚ ਐੱਸ ਟੈਸਟ ਅਤੇ ਟਰੇਸ ਦਾ ਅਨੁਮਾਨ ਹੈ ਕਿ ਲਗਭਗ 400,000 ਨਮੂਨਿਆਂ ਦੀ ਇਸ ਪ੍ਰਯੋਗਸ਼ਾਲਾ ਦੁਆਰਾ ਪ੍ਰਕਿਰਿਆ ਕੀਤੀ ਗਈ ਹੈ, ਪਰ ਨਵੇਂ ਨਮੂਨਿਆਂ ਨੂੰ ਹੁਣ ਹੋਰ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ ਜਾ ਰਿਹਾ ਹੈ। ਟੈਸਟ ਅਤੇ ਟਰੇਸ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਜੋ ਅਜੇ ਵੀ ਵਾਇਰਸ ਪੀੜਤ ਹੋ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਦੂਸਰਾ ਟੈਸਟ ਲੈਣ ਦੀ ਸਲਾਹ ਦਿੱਤੀ ਜਾ ਸਕੇ।

Comments are closed, but trackbacks and pingbacks are open.