9 ਮੈਂਬਰੀ ਜਿਊਰੀ ਨੇ ਦਿੱਤਾ ਆਦੇਸ਼
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਸੰਘੀ ਜਿਊਰੀ ਵੱਲੋਂ ਇਕ ਮਾਣਹਾਨੀ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ 83 ਮਿਲੀਅਨ ਡਾਲਰ ਤੋਂ ਵਧ ਮੁਆਵਜ਼ਾ ਕਾਲਮਨਵੀਸ ਈ ਜੀਨ ਕੈਰੋਲ ਨੂੰ ਦੇਣ ਦੇ ਆਦੇਸ਼ ਜਾਰੀ ਕਰਨ ਦੀ ਖਬਰ ਹੈ।
ਜਿਊਰੀ ਨੇ ਕਿਹਾ ਕਿ 2019 ਵਿਚ ਮੈਨਹਟਨ ਡਿਪਾਰਟਮੈਂਟ ਸਟੋਰ ਵਿਚ ਸਰੀਰਕ ਸ਼ੋਸ਼ਣ ਕਰਨ ਦੇ ਕੈਰੋਲ ਵੱਲੋਂ ਲਾਏ ਦੋਸ਼ਾਂ ਤੋਂ ਇਨਕਾਰ ਕਰਕੇ ਸਾਬਕਾ ਰਾਸ਼ਟਰਪਤੀ ਨੇ ਝੂਠੇ ਦੋਸ਼ਾਂ ਦਾ ਸਹਾਰਾ ਲਿਆ ਹੈ ਤੇ ਸਾਬਕਾ ਰਾਸ਼ਟਰਪਤੀ ਨੇ ਸ਼ੋਸਲ ਮੀਡੀਆ ਉਪਰ ਨਿਰੰਤਰ ਕੈਰੋਲ ਨੂੰ ਨਿਸ਼ਾਨਾ ਬਣਾਇਆ ਹੈ। ਸੁਣਵਾਈ ਦੌਰਾਨ ਕੈਰੋਲ ਦੇ ਵਕੀਲਾਂ ਨੇ 9 ਮੈਂਬਰ ਜਿਊਰੀ ਨੂੰ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਨੂੰ ਮਿਸਾਲੀ ਵਿੱਤੀ ਸਜ਼ਾ ਦੇਵੇ। ਜਿਊਰੀ ਨੇ ਵਕੀਲਾਂ ਨੂੰ ਨਿਰਾਸ਼ ਨਹੀਂ ਕੀਤਾ ਤੇ 3 ਘੰਟਿਆਂ ਦੀ ਸੁਣਵਾਈ ਉਪਰੰਤ ਸਾਬਕਾ ਰਾਸ਼ਟਰਪਤੀ ਨੂੰ ਆਦੇਸ਼ ਦਿੱਤਾ ਕਿ ਉਹ ਹਰ ਹਾਲਤ ਵਿਚ 83.3 ਮਿਲੀਅਨ ਡਾਲਰ ਕੈਰੋਲ ਨੂੰ ਦੇਵੇ। ਟਰੰਪ ਜੋ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਮੈਨਹਟਨ ਅਦਾਲਤ ਵਿਚੋਂ ਚਲੇ ਗਏ ਸਨ, ਨੇ ਸ਼ੋਸਲ ਮੀਡਆ ਉਪਰ ਕਿਹਾ ਹੈ ਕਿ ਉਹ ਜਿਊਰੀ ਦੇ ਫੈਸਲੇ ਨੂੰ ਚੁਣੌਤੀ ਦੇਣਗੇ ਕਿਉਂਕਿ ਉਹ ਫੈਸਲੇ ਨਾਲ ਪੂਰੀ ਤਰਾਂ ਅਸਹਿਮਤ ਹਨ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਰਾ ਕੁਝ ਮੈਨੂੰ ਤੇ ਰਿਪਬਲੀਕਨ ਪਾਰਟੀ ਨੂੰ ਰਾਸ਼ਟਰਪਤੀ ਬਾਈਡਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਦਨਾਮ ਕਰਨ ਦੀ ਚਾਲ ਹੈ। ਜਦੋਂ ਫੈਸਲਾ ਸੁਣਾਇਆ ਗਿਆ ਤਾਂ ਕੈਰੋਲ ਅਦਾਲਤ ਵਿਚ ਮੌਜੂਦ ਸੀ। ਉਹ ਮੁਸਕਰਾਈ ਤੇ ਉਸ ਨੇ ਫੈਸਲੇ ਦਾ ਸਵਾਗਤ ਕੀਤਾ। ਉਸ ਨੇ ਕਿਹਾ ਇਹ ਉਸ ਹਰ ਔਰਤ ਦੀ ਜਿੱਤ ਹੈ ਜੋ ਆਪਣੇ ਨਾਲ ਹੋਈ ਵਧੀਕੀ ਵਿਰੁੱਧ ਖੜੀ ਹੋਈ ਹੈ।
Comments are closed, but trackbacks and pingbacks are open.