ਕਬੱਡੀ ਦੇ ਰਹਿਬਰ ਦੇਵੀ ਦਿਆਲ ਨੂੰ ਨਹੀਂ ਮਿਲੀ ਸੱਚੀ ਸਰਧਾਜਲੀ ?

ਪੰਜਾਬ ਸਰਕਾਰ ਦੇਵੀ ਦਿਆਲ ਦੇ ਨਾਮ ਤੇ ਸਟੇਟ ਖੇਡ ਐਵਾਰਡ ਸ਼ੁਰੂ ਕਰੇ

ਪੰਜਾਬ (ਜਗਰੂਪ ਸਿੰਘ ਜਰਖੜ, ਖੇਡ ਲੇਖਕ) – ਸਰਕਲ ਸਟਾਈਲ ਕਬੱਡੀ ਖੇਡ ਦਾ ਭੀਸ਼ਮ ਪਿਤਾਮਾ, ਅੰਤਰਰਾਸ਼ਟਰੀ ਖਿਡਾਰੀ , ਕੋਚ ਸਾਹਿਬ ਅਤੇ ਕਬੱਡੀ ਦੇ ਰਹਿਬਰ ਬਲਦੇਵੀ ਦਿਆਲ ਸ਼ਰਮਾ ਕੁੱਬੇ ਜੋ ਬੀਤੀ 16 ਜਨਵਰੀ ਵੀ 2024 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਉਹਨਾਂ ਦੇ ਨਮਿੱਤ ਸ਼ਰਧਾਂਜਲੀ ਸਮਾਰੋਹ  25 ਜਨਵਰੀ ਨੂੰ ਪਿੰਡ ਕੁੱਬੇ  ਦੇ ਖੇਡ ਸਟੇਡੀਅਮ ਵਿਖੇ ਹੋਇਆ । ਜਿੱਥੇ ਕੋਚ ਸਾਹਿਬ ਦੇਵੀ ਦਿਆਲ ਦੇ ਪਰਿਵਾਰਕ ਮੈਂਬਰ , ਰਿਸ਼ਤੇਦਾਰਾ ਤੋਂ ਇਲਾਵਾ ਵੱਖ-ਵੱਖ ਕਬੱਡੀ ਫੈਡਰੇਸ਼ਨਾ , ਖੇਡ ਪ੍ਰੇਮੀ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਸਮੇਤ ਡਾਕਟਰ ਜਸਵੰਤ ਗਰੇਵਾਲ (ਸਾੳੂਥਾਲ ਯੂ.ਕੇ), ਕਬੱਡੀ ਪ੍ਰਮੋਟਰ ਸਵਰਨਾ (ਗ੍ਰੇਵਜ਼ੈਂਡ ਯੂ.ਕੇ) ਨੇ ਉਸ ਮਹਾਨ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਸ ਨੂੰ ਸਦਾ ਲਈ ਇਸ ਦੁਨੀਆ ਤੋਂ ਅਲਵਿਦਾ ਕੀਤਾ।

ਬਹੁਤ ਸਾਰੇ ਰਾਜਨੀਤਿਕ ਅਤੇ ਖੇਡ ਬੁਲਾਰਿਆਂ ਨੇ ਕੋਚ ਦੇਵੀ ਦਿਆਲ ਜੀ ਨੂੰ ਆਪਣੀਆਂ ਸ਼ਰਧਾਂਜਲੀਆ ਭੇਟ ਕੀਤੀਆਂ ਬਹੁਤ ਸਾਰੇ ਬੁਲਾਰਿਆਂ ਨੇ ਉਹਦੀਆਂ ਬੀਤੇ ਸਮੇਂ ਦੀ ਖੇਡ ਪ੍ਰਾਪਤੀਆਂ, ਉਹਦੇ ਗੁਣਾਂ ਨੂੰ,  ਓਹਦੇ ਨਾਲ ਬਤਾਈਆ ਯਾਦਾਂ ਦਾ ਹੀ ਵਰਨਣ ਕੀਤਾ ਪਰ ਉਸ ਦੀ ਯਾਦ ਨੂੰ ਕਿਵੇਂ ਸੰਭਾਲਣਾ , ਜਾ ਉਸਦੇ ਅਧੂਰੇ ਕਾਰਜਾਂ ਨੂੰ ਅੱਗੇ ਕਿਵੇਂ ਚਲਾਉਣਾ ਤੇ ਉਹ ਕਿਸੇ ਵੀ ਬੁਲਾਰੇ ਨੇ ਆਪਣੇ ਭਾਸਣ ਵਿੱਚ ਜ਼ਿਕਰ ਨਹੀਂ ਕੀਤਾ । ਮੈਨੂੰ ਇੰਝ ਲੱਗਿਆ ਕਿ ਦੇਵੀ ਦਿਆਲ ਬਸ ਅੰਤਿਮ ਅਰਦਾਸ ਤੱਕ ਹੀ ਸਾਡੇ ਵਿੱਚ ਸੀਮਤ ਸੀ। ਅੱਜ ਤੋਂ ਬਾਅਦ ਉਸਨੂੰ ਸਦਾ ਲਈ ਵਿਸਾਰ ਚਲੇ ਹਾਂ।

ਪਹਿਲਾਂ ਤਾਂ ਦੁਖਦਾਈ ਪੱਖ ਇਹ ਸੀ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਤਰੀ, ਸੰਤਰੀ ਜਾਂ ਖੇਡ ਵਿਭਾਗ ਉਸਨੇ ਲੰਬਾ ਅਰਸਾ ਸੇਵਾ ਕੀਤੀ ਹੈ ਦਾ ਨੁਮਾਇੰਦਾ ਇਸ ਮਹਾਨ ਖਿਡਾਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਨਹੀਂ ਪੁੱਜਿਆ। ਜੇਕਰ ਕਬੱਡੀ ਜਗਤ ਵਾਲੇ ਸਮਝਦੇ ਹਨ ਕਿ ਕੋਚ ਸਾਹਿਬ ਦੇਵੀ ਦਿਆਲ ਦੀ ਕਬੱਡੀ ਅਤੇ ਖੇਡ ਜਗਤ ਨੂੰ ਬਹੁਤ ਵੱਡੀ ਦੇਣ ਸੀ ਤਾਂ ਉਹਨਾਂ ਨੂੰ ਸ਼ਰਧਾਂਜਲੀ ਇਹ ਬਣਦੀ ਸੀ ਕਿ ਸਭ ਤੋਂ ਪਹਿਲਾਂ ਤਾਂ ਜੇਕਰ ਕੋਚ ਸਾਹਿਬ ਦੇਵੀ ਦਿਆਲ ਸ਼ਰਮਾ ਦੇ ਪਰਿਵਾਰ ਨੂੰ ਕੋਈ ਵੀ ਆਰਥਿਕ ਜਾਂ ਸਮਾਜਿਕ ਤੌਰ ਤੇ ਸਮੱਸਿਆ ਆਉਂਦੀ ਹੈ ਤੇ ਉਸ ਦੀ  ਸਹਾਇਤਾ ਕਿੱਦਾਂ ਕਰਨੀ ਹੈ । ਇਸ ਬਾਰੇ ਕੋਈ ਵਿਚਾਰ ਨਹੀਂ ਹੋਈ । 

ਦੂਸਰਾ ਕੋਚ ਸਾਹਿਬ ਦੇਵੀ ਦਿਆਲ ਵੱਲੋਂ ਜੋ ਪਿੰਡ ਕੁੱਬੇ ਦੇ ਖੇਡ ਸਟੇਡੀਅਮ ਵਿਖੇ ਕਬੱਡੀ ਸੈਂਟਰ ਚਲਾਇਆ ਜਾ ਰਿਹਾ ਹੈ ਅਤੇ ਉਹ ਸੈਂਟਰ ਕਬੱਡੀ ਦੇ ਭਵਿੱਖ ਦੀ ਆਸ ਦੀ ਕਿਰਨ ਹੈ ਉਸ ਨੂੰ ਕਿਵੇਂ ਚਲਾਉਣਾ ਹੈ। ਕੁਬੇ ਕਬੱਡੀ ਸੈਂਟਰ ਦਾ ਹੁਣ ਵਾਲੀ ਵਾਰਸ ਕੌਣ ਹੋਵੇਗਾ ?  ਉਸ ਸੈਂਟਰ ਦੀ ਮਦਦ ਕੌਣ ਕਰੇਗਾ , ਇਹ ਵਿਚਾਰ ਹੋਣੀ ਜਰੂਰੀ ਸੀ।

ਤੀਸਰੀ ਵਿਚਾਰ ਇਹ ਜਰੂਰੀ ਬਣਦੀ ਸੀ ਕਿ ਜੇਕਰ ਖੇਡ ਜਗਤ ਵਿੱਚ ਕਬੱਡੀ ਦੇ ਰਹਿਬਰ ਦੇ ਦੇਵੀ ਦਿਆਲ ਨੂੰ ਸਦਾ ਲਈ ਜਿੰਦਾ ਰੱਖਣਾ ਹੈ ਤਾਂ ਪੰਜਾਬ ਸਰਕਾਰ ਉਹਨਾਂ ਦੇ ਨਾਂ ਤੇ ਇੱਕ ਸਟੇਟ ਖੇਡ ਐਵਾਰਡ ਸ਼ੁਰੂ ਕਰੇ ਜੋ ਕਿਸੇ ਉਭਰਦੇ ਨਾਮੀ ਕਬੱਡੀ ਖਿਡਾਰੀ ਨੂੰ ਦਿੱਤਾ ਜਾਵੇ। ਇਹ ਖੇਡ ਐਵਾਰਡ ਸ਼ੁਰੂ ਕਰਨਾ ਪੰਜਾਬ ਸਰਕਾਰ ਲਈ ਚੁਟਕੀ ਜਿਹਾ ਕੰਮ ਹੈ , ਕਿਉਂਕਿ ਜੇਕਰ ਅਜਿਹਾ ਐਵਾਰਡ ਸ਼ੁਰੂ ਹੋ ਜਾਂਦਾ ਤਾਂ ਉਸ ਨਾਲ ਜਿੱਥੇ  ਐਵਾਰਡ  ਜੇਤੂ ਕਬੱਡੀ ਖਿਡਾਰੀ ਨੂੰ ਆਰਥਿਕ ਤੌਰ ਤੇ ਵੱਡੀ ਸਹਾਇਤਾ ਮਿਲੇਗੀ, ਸਮਾਜ ਵਿੱਚ ਵਿਲੱਖਣ ਪਹਿਚਾਣ ਮਿਲੇਗੀ ਤਾਂ ਉੱਥੇ ਦੇਵੀ ਦਿਆਲ ਨਾਮ ਵੀ ਹਮੇਸ਼ਾ ਲਈ ਇਸ ਦੁਨੀਆ ਵਿੱਚ ਅਮਰ ਰਹੇਗਾ। ਹਾਲਾਂਕਿ ਇਸ ਸਬੰਧੀ ਪਰਮਜੀਤ ਸਿੰਘ ਡਾਲਾ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਐਵਾਰਡ ਸ਼ੁਰੂ ਕਰਨ ਦਾ ਐਲਾਨ ਤਾਂ ਕੀਤਾ ਹੈ ਪਰ ਵੱਡਾ ਫਰਜ ਪੰਜਾਬ ਸਰਕਾਰ ਦਾ ਬਣਦਾ ਹੈ। ਸਰਕਾਰਾਂ ਦੇ ਦਿੱਤੇ ਐਵਾਰਡ ਦੀ ਕਦਰ ਕੁਝ ਵੱਖਰੀ ਹੀ ਹੁੰਦੀ ਹੈ।

 ਇਸ ਸ਼ਰਧਾਂਜਲੀ ਸਮਾਗਮ ਦੇ ਇਕੱਠ ਵਿੱਚ ਸਾਡੇ ਮਿੱਤਰ,ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਤੇ ਹੁਣ ਦੇ ਮੌਜੂਦਾ ਵਿਧਾਇਕ ਗੁਰਲਾਲ ਸਿੰਘ ਘਨੌਰ ਜੋ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ ਨੂੰ ਬੇਨਤੀ ਕਰਨੀ ਬਣਦੀ ਸੀ ਤੇ ਉਹਨਾਂ ਦਾ ਵੀ ਫਰਜ਼ ਹੈ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਉਠਾਉਣ ਤਾਂ ਜੋ ਉਸ ਮਹਾਨ ਖਿਡਾਰੀ ਨੂੰ ਦੀ ਯਾਦ ਨੂੰ ਹਮੇਸ਼ਾ ਲਈ ਸੰਭਾਲਿਆ ਜਾਵੇ । ਜੇਕਰ ਪੰਜਾਬ ਸਰਕਾਰ ਦੇਵੀ ਦਿਆਲ ਦੇ ਨਾਂ ਤੇ ਸਟੇਟ ਖੇਡ ਐਵਾਰਡ ਸ਼ੁਰੂ ਕਰ ਦਿੰਦੀ ਹੈ ਤਾਂ ਕਬੱਡੀ ਖੇਡ ਦੇ ਬੇਹਤਰੀ ਲਈ ਅਤੇ ਖਿਡਾਰੀਆਂ ਦੀ ਯਾਦ ਨੂੰ ਸੰਭਾਲਣ ਲਈ ਇੱਕ ਵਧੀਆ ਮੌਕਾ ਬਣ ਜਾਵੇਗਾ । ਬਾਕੀ ਬੀਤੇ ਸਮੇਂ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਚੱਲੋ, ਬੀਤੇ ਵਕਤ ਦੀਆਂ ਤਾਰੀਫਾਂ ਦੇ ਗੁਣਗਾਨ ਕਰੀ ਚੱਲੋ ਉਹਨਾਂ ਨਾਲ ਕੁਝ ਨਹੀਂ ਬਣਨਾ , ਜੇਕਰ ਅਜੇ ਵੀ ਕਬੱਡੀ ਵਾਲਿਆਂ ਨੇ ਕੁਝ ਕੋਚ ਦੇਵੀ ਦਿਆਲ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨੀ ਹੈ ਤਾਂ ਪੰਜਾਬ ਸਰਕਾਰ ਤੇ ਦਬਾਅ ਪਾਉਣ ਕਿ ਉਹਨਾਂ  ਕਬੱਡੀ ਖੇਡ ਸੈਂਟਰ ਕੁੱਬੇ ਨੂੰ ਕੋਈ ਸਲਾਨਾ ਗਰਾਂਟ ਮਿਲੇ ਅਤੇ ਉਹਨਾਂ ਦੇ ਨਾਮ ਤੇ ਪੰਜਾਬ ਸਰਕਾਰ ਸਟੇਟ ਐਵਾਰਡ ਕਬੱਡੀ ਖਿਡਾਰੀ ਨੂੰ ਦੇਵੇ ਜੇਕਰ ਅਜਿਹਾ ਹੋ ਜਾਂਦਾ ਹੈ ਇਹ ਗੱਲ ਕਬੱਡੀ ਖੇਡ ਲਈ ਸੋਨੇ ਤੇ ਸੁਹਾਗਾ ਹੋਵੇਗੀ, ਤਾਂ ਹੀ ਕੋਚ ਦੇਵੀ ਦਿਆਲ ਜੀ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ । ਫੇਰ ਕੋਚ ਦੇਵੀ ਦਿਆਲ ਦਾ ਪਰਿਵਾਰ ਵੀ, ਇਲਾਕਾ ਵੀ ਅਤੇ ਕਬੱਡੀ ਜਗਤ ਫ਼ਖਰ ਮਹਿਸੂਸ ਕਰੇਗਾ। ਬਾਕੀ ਇਹ ਮੇਰੇ ਦਿਲ ਦਾ ਉਬਾਲ ਸੀ , ਮੈਂ ਤਾਂ ਇਹ ਗੱਲਾਂ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਹੀ ਕਹਿਣੀ ਚਾਹੁੰਦਾ ਸੀ , ਮੌਕਾ ਨਹੀਂ ਮਿਲਿਆ ਮੈਂ ਆਪਣੀ ਲਿਖਤ ਰਾਹੀਂ ਕਹਿ ਦਿੱਤਾ। ਕਬੱਡੀ ਲਈ ਗੁਰੂ ਭਲੀ ਕਰੇ, ਰੱਬ ਰਾਖਾ। 

Comments are closed, but trackbacks and pingbacks are open.