ਇਲਾਕੇ ਵਿੱਚ ਦੂਸਰੀ ਪੰਜਾਬਣ ਔਰਤ ਮੇਅਰ ਬਣ ਕੇ ਰਚਿਆ ਇਤਿਹਾਸ
ਸਾਊਥਾਲ – ਯੂ.ਕੇ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਲੇਬਰ ਪਾਰਟੀ ਨੇ ਆਪਣੇ ਨੰਬਰ ਵਧਾ ਕੇ ਜਿੱਤ ਪ੍ਰਾਪਤ ਕੀਤੀ ਹੈ ਜਿਸ ਦੇ ਚਲਦਿਆਂ ਈਲਿੰਗ-ਸਾਊਥਾਲ ਹਲਕੇ ਤੋਂ ਬੀਬੀ ਮਹਿੰਦਰ ਕੌਰ ਮਿੱਢਾ ਨੂੰ ਈਲਿੰਗ ਦੀ ਮੇਅਰ ਚੁਣ ਲਿਆ ਗਿਆ ਹੈ।
2022-2023 ਦੇ ਕਾਰਜਕਾਲ ਲਈ ਮੇਅਰ ਚੁਣੇ ਜਾਣ ਵਾਲੀ ਮਹਿੰਦਰ ਕੌਰ ਮਿੱਢਾ ਨੇ ਭਾਈਚਾਰੇ ਦੀ ਪਿਛਲੇ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਅਤੇ ਉਹ ਹਮੇਸ਼ਾਂ ਦੁੱਖ ਸੁੱਖ ਦੀ ਘੜੀ ਵਿੱਚ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਤੱਤਪਰ ਰਹੇ ਹਨ। ਉਨ੍ਹਾਂ ਨੇ ਕੌਂਸਲਰ ਰਹਿੰਦਿਆਂ ਵੀ ਲੇਬਰ ਪਾਰਟੀ ਲਈ ਲੱਕ ਬੰਨ ਕੇ ਕੰਮ ਕੀਤਾ ਅਤੇ ਵਿਰੋਧੀਆਂ ਨੂੰ ਪਛਾੜਿਆ ਹੈ। ਉਹ ਗੁਰੂ ਰਵਿਦਾਸ ਟੈਂਪਲ ਸਾਊਥਾਲ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਕੰਮ ਕਰਨ ਵਿੱਚ ਯਕੀਨ ਰੱਖਦੇ ਹਨ।
ਬੀਬੀ ਮਹਿੰਦਰ ਕੌਰ ਮਿੱਢਾ ਨੂੰ ਸਾਬਕਾ ਮੇਅਰ ਮੁਨੀਰ ਅਹਿਮਦ ਨੇ ਆਪਣਾ ਅਹੁਦਾ ਸੰਭਾਲ ਦਿੱਤਾ ਹੈ ਜਿਸ ਮੌਕੇ ਈਲਿੰਗ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਅਤੇ ਬਾਕੀ ਸਾਰੇ ਕੌਂਸਲਰ ਮੌਜੂਦ ਸਨ।
ਬੀਬੀ ਮਿੱਢਾ ਦੇ ਮੇਅਰ ਚੁਣੇ ਜਾਣ ’ਤੇ ਭਾਈਚਾਰੇ ਦੀ ਮਹਿਲਾ ਸੇਵਾਦਾਰ ਬੀਬੀ ਬਲਵਿੰਦਰ ਕੌਰ ਚਾਹਲ ਸਮੇਤ ਸਾਰੀਆਂ ਸੰਸਥਾਵਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ਹੈ।
ਮੇਅਰ ਸਾਹਿਬਾ ਨੇ ਆਪਣੇ ਅਹੁਦੇ ’ਤੇ ਰਹਿੰਦਿਆਂ ਹਾਰਟਲਿੰਕ ਚੈਰਿਟੀ ਲਈ ਚੰਦਾ ਇਕੱਠਾ ਕਰਨ ਦਾ ਪ੍ਰਣ ਕੀਤਾ ਹੈ। ਅਦਾਰਾ ‘ਦੇਸ ਪ੍ਰਦੇਸ’ ਮਹਿੰਦਰ ਕੌਰ ਮਿੱਢਾ ਦੇ ਸਫ਼ਲ ਕਾਰਜਕਾਲ ਲਈ ਅਰਦਾਸ ਕਰਦਾ ਹੈ ਅਤੇ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਬੀਬੀ ਮਿੱਢਾ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇ ਜਿਸ ਨਾਲ ਔਰਤ ਵਰਗ ਨੂੰ ਮਿਲਣ ਵਾਲੇ ਸਨਮਾਨ ਵਿੱਚ ਵਾਧਾ ਹੋਵੇ।
ਇੱਥੇ ਜ਼ਿਕਰਯੋਗ ਹੈ ਕਿ ਬੀਬੀ ਮਿੱਢਾ ਨੇ ਪੰਜਾਬ ਯੂਨਿਵਰਸਿਟੀ ਤੋਂ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਇੰਗਲੈਂਡ ਵਿੱਚ ਆ ਕੇ ਵੀ ਸਾਹਿਤਕ, ਸੱਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ।
ਇਸ ਸਮਾਗਮ ਮੌਕੇ ਕੂਲ ਕੇਕਸ ਵਾਲੇ ਕੁਲਵਿੰਦਰ (ਪੌਲ ਬੇਕਰੀ) ਨੇ ਕੇਕ ਮੁਹੱਈਆ ਕਰਵਾਇਆ ਜਿਨ੍ਹਾਂ ਨੇ ਨਾਲ ਤਲਵਿੰਦਰ ਸਿੰਘ ਢਿੱਲੋਂ, ਕੌਂਸਲਰ ਰਣਜੀਤ ਧੀਰ (ਸਾਬਕਾ ਮੇਅਰ), ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਆਤਮਾ ਰਾਮ ਢਾਂਡਾ, ਸਿੰਘ ਸਭਾ ਸਾਊਥਾਲ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਡਾ. ਉਕਾਰ ਸਿੰਘ ਸਹੋਤਾ ਲੰਡਨ ਅਸੈਂਬਲੀ ਮੈਂਬਰ, ਨਿਰਮਲਾ ਸ਼ਰਮਾ, ਸਤਨਾਮ ਸਿੰਘ ਚੌਹਾਨ, ਗੁਰਦੀਪ ਸਿੰਘ, ਤਜਿੰਦਰ ਸਿੰਧਰਾ, ਪੰਜਾਬ ਰੇਡੀਓ ਤੋਂ ਸੁਰਜੀਤ ਸਿੰਘ ਘੁੰਮਣ, ਦੇਸੀ ਰੇਡੀਓ ਤੋਂ ਅਨੀਤਾ ਕੌਰ, ਚੰਨੀ ਸਿੰਘ ਅਲਾਪ ਅਤੇ ਮੋਨਾ ਸਿੰਘ, ਡਾਕਟਰ ਗੁਰਦੀਪ ਸਿੰਘ ਜਗਬੀਰ ਅਤੇ ਹੋਰ ਮੋਹਤਬਾਰ ਸਖ਼ਸ਼ੀਅਤਾਂ ਨੇ ਬੀਬੀ ਮਿੱਢਾ ਨੂੰ ਹਾਜ਼ਰ ਹੋ ਕੇ ਵਧਾਈ ਦਿੱਤੀ।
Comments are closed, but trackbacks and pingbacks are open.