ਭਾਰਤੀ ਮੂਲ ਦੇ ਪੰਜਾਬੀ ਨੂੰ ਮਿਲੇਗੀ ‘‘ਸਰ’’ ਦੀ ਉਪਾਧੀ

ਕਾਰੋਨਾ ਕਾਲ ਵਿੱਚ ਕੀਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ

ਲੰਡਨ – ਕੋਰੋਨਾ ਕਾਲ ਦੇ ਹਾਲਾਤ ਅਤੇ ਸਮੱਸਿਆਵਾਂ ਨੂੰ ਸ਼ਬਦਾਂ ’ਚ ਦੱਸਣਾ ਆਸਾਨ ਨਹੀਂ ਹੈ। ਇਹ ਸਮਾਂ ਇਕ ਆਮ ਨਾਗਰਿਕ ਤੋਂ ਲੈ ਕੇ ਸੂਬੇ ਅਤੇ ਕਈ ਦੇਸ਼ਾਂ ਲਈ ਦੁਖਦਾਇਕ ਰਿਹਾ ਹੈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਸਮੇਂ ਲੋਕਾਂ ਨੇ ਦਿਲ ਖੋਲ੍ਹ ਕੇ ਇਕ-ਦੂਜੇ ਦੀ ਮਦੱਦ ਕੀਤੀ। ਭਾਰਤੀ ਮੂਲ ਦੇ ਗੁਰਦੀਪ ਬਾਠ ਨੇ ਕੋਵਿਡ ਦੌਰਾਨ ਕੈਰੇਬਿਆਈ ਦੇਸ਼ ਬਾਰਬਾਡੋਸ ਲਈ ਆਪਣਾ ਅਨਮੋਲ ਯੋਗਦਾਨ ਦਿੱਤਾ। ਜਿਸ ਲਈ ਉਨ੍ਹਾਂ ਨੂੰ ਬਾਰਬਾਡੋਸ ਦੇਸ਼ ’ਚ ਸਨਮਾਨਿਤ ਕੀਤਾ ਜਾਵੇਗਾ। ਗੁਰਦੀਪ ਬਾਠ (ਦੇਵ ਬਾਠ) ਸੈਂਟ ਕਿਟਸ ਅਤੇ ਨੇਵਿਸ ਦੇ ਪ੍ਰਤੀਨਿਧੀ ਦੇ ਰੂਪ ’ਚ ਵੀ ਤਾਇਨਾਤ ਹਨ।
ਉਨ੍ਹਾਂ ਨੇ ਫਰਵਰੀ 2021 ’ਚ ਭਾਰਤ ਤੋਂ ਬਾਰਬਾਡੋਸ ਜਾਣ ਵਾਲੀ ਇਕ ਲੱਖ ਵੈਕਸੀਨ ਨੂੰ ਸਮੇਂ ਸਿਰ ਦੇਸ਼ ’ਚ ਪਹੁੰਚਾਉਣ ਦਾ ਕੰਮ ਕੀਤਾ ਸੀ। ਗੁਰਦੀਪ ਬਾਠ ਨੇ ਆਵਾਜਾਈ ਅਤੇ ਰੂਟ ਨੂੰ ਆਸਾਨ ਕਰ ਦਿੱਤਾ। ਜਿਸ ਨਾਲ ਵੈਕਸੀਨ ਸਮਾਂ ਰਹਿੰਦਿਆਂ ਬਾਰਬਾਡੋਸ ਪਹੁੰਚਾਉਣ ’ਚ ਕਾਮਯਾਬ ਹੋ ਸਕੀ। ਇਹ ਸਮਾਂ ਪੂਰੇ ਵਿਸ਼ਵ ਲਈ ਕਾਫ਼ੀ ਮੁਸ਼ਕਿਲਾਂ ਭਰਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਨੇ ਅਜਿਹੇ ਮੁਸ਼ਕਿਲ ਸਮੇਂ ’ਚ ਕਈ ਦੇਸ਼ਾਂ ਦੀ ਮਦੱਦ ਕੀਤੀ। ਪੁਣੇ ਦੇ ਸੀਰਮ ਇੰਸਟੀਚਿੳੂਟ ਆਫ਼ ਇੰਡੀਆ ਦੁਆਰਾ ਤਿਆਰ ਵੈਕਸੀਨ ਰਾਹੀਂ ਬਾਰਬਾਡੋਸ ’ਚ ਟੀਕਾਕਰਨ ਦੀ ਸ਼ੁਰੂਆਤ ਹੋਈ। ਇਹ ਸ਼ੁਰੂਆਤ ਅਜਿਹੇ ਸਮੇਂ ’ਚ ਹੋਈ ਜਦੋਂ ਪੂਰੀ ਦੁਨੀਆ ਵੈਕਸੀਨ ਲਈ ਜੱਦੋਜਹਿਦ ਕਰ ਰਹੀ ਸੀ।
ਗੁਰਦੀਪ ਬਾਠ ਦੇ ਇਸ ਅਮਿੱਟ ਯੋਗਦਾਨ ਲਈ ਉਨ੍ਹਾਂ ਨੂੰ ਬਾਰਬਾਡੋਸ ਨੇ ‘ਦਿ ਆਨਰੇਬਲ’ ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਉਹ ਆਪਣੇ ਨਾਂ ਅੱਗੇ ‘ਸਰ’ ਲਗਾ ਸਕਦੇ ਹਨ। ਇਹ ਐਲਾਨ ਬਾਰਬਾਡੋਸ ’ਚ ਹੋਰ ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕਰਨ ਦੌਰਾਨ ਕੀਤਾ ਗਿਆ। ਨਾਲ ਹੀ ਭਾਰਤ ਦੇ ਮਾਨਦ ਕੌਂਸਲ, ਡਾ. ਕਿਲੋਮੇਨਾ ਐੱਨ ਮੋਲਿਨ ਹੈਰਿਸ ਨੂੰ ਭਾਰਤੀ ਭਾਈਚਾਰੇ ਲਈ ਡਾਕਟਰੀ ਸੇਵਾ ’ਚ ਯੋਗਦਾਨ ਦੇਣ ਲਈ ਆਰਡਰ ਆਫ਼ ਦਿ ਰਿਪਬਲਿਕ ਵੀ ਦਿੱਤਾ ਗਿਆ।

Comments are closed, but trackbacks and pingbacks are open.