ਮਸ਼ਹੂਰ ਗੀਤਾਂ ਨਾਲ ਪੰਜਾਬੀਆਂ ਦਾ ਲੰਬਾ ਅਰਸਾ ਮਨੋਰੰਜਨ ਕੀਤਾ
ਵੁਲਵਰਹੈਂਪਟਨ – ਬਰਤਾਨੀਆ ਵਿੱਚ ‘ਸਫ਼ਰੀ ਬੋਇਜ਼’ ਗਰੁੱਪ ਦੇ ਮਸ਼ਹੂਰ ਗਾਇਕ ਬਲਵਿੰਦਰ ਸਫ਼ਰੀ ਦਾ 63 ਸਾਲ ਦੀ ਉਮਰ ਵਿੱਚ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ ਹੈ।
ਕਪੂਰਥਲੇ ਜ਼ਿਲ੍ਹੇ ਦੇ ਮਸ਼ਹੂਰ ਕਸਬਾ ਕਾਲਾ ਸੰਘਿਆਂ ਨੇੜਲੇ ਪਿੰਡ ਬਲੇਰਖਾਨਪੁਰ ਨਾਲ ਸਬੰਧਿਤ ਬਲਵਿੰਦਰ ਸਫ਼ਰੀ 1980 ਤੋਂ ਬਰਤਾਨਵੀਂ ਸੰਗੀਤ ਜਗਤ ਵਿੱਚ ਸਰਗਰਮ ਸਨ ਜਿਨ੍ਹਾਂ ਨੇ 1990 ਵਿੱਚ ‘ਸਫ਼ਰੀ ਬੋਇਜ਼’ ਨਾਮ ਦਾ ਗਰੁੱਪ ਬਣਾਇਆ ਸੀ ਅਤੇ ਪੰਜਾਬੀ ਸੰਗੀਤ ਜਗਤ ਦਾ ਅਣਗਿਣਤ ਹਰਮਨ ਪਿਆਰੇ ਗੀਤਾਂ ਨਾਲ ਲੰਬਾ ਸਮਾਂ ਮਨੋਰੰਜਨ ਕੀਤਾ।
ਬਲਵਿੰਦਰ ਸਫ਼ਰੀ ਨੂੰ ਅਪ੍ਰੈਲ 2022 ਵਿੱਚ ਦਿਲ ਦੀ ਬਾਈਪਾਸ ਸਰਜਰੀ ਤੋਂ ਬਾਅਦ ਦਿਮਾਗ ’ਤੇ ਅਸਰ ਪੈਣ ਕਾਰਨ ਵਿਸ਼ੇਸ਼ ਯੂਨਿਟ ਵਿੱਚ ਰੱਖਿਆ ਗਿਆ ਸੀ ਅਤੇ ਡਾਕਟਰਾਂ ਨੇ ਵੀ ਉਨ੍ਹਾਂ ਦੀ ਤੰਦਰੁਸਤੀ ਦੀ ਉਮੀਦ ਛੱਡ ਦਿੱਤੀ ਸੀ ਪਰ ਬਲਵਿੰਦਰ ਸਫ਼ਰੀ ਨੇ ਹੌਂਸਲਾ ਨਹੀਂ ਹਾਰਿਆ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ 86 ਦਿਨਾਂ ਬਾਅਦ ਵੁਲਵਰਹੈਂਪਟਨ ਦੇ ਨਿਊ ਕਰਾਸ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਪਰਿਵਾਰ ਨੂੰ ਪੂਰੀ ਉਮੀਦ ਸੀ ਕਿ ਉਹ ਮੁੜ ਸਿਹਤਯਾਬ ਹੋ ਕੇ ਪੰਜਾਬੀਆਂ ਦਾ ਮਨੋਰੰਜਨ ਕਰਨਗੇ।
ਬਲਵਿੰਦਰ ਸਫ਼ਰੀ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਮਾਤਮ ਛਾ ਗਿਆ ਹੈ। ਬਰਤਾਨਵੀ ਸੰਗੀਤ ਇੰਡਸਟਰੀ ਦੀਆਂ ਪ੍ਰਸਿੱਧ ਹਸਤੀਆਂ ਵਿਚੋਂ ਸੰਗੀਤਕਾਰ ਬਲਦੇਵ ਮਸਤਾਨਾ, ਤਰਲੋਚਨ ਬਿਲਗਾ, ਸ਼ਿੰਦਾ ਸੁਰੀਲਾ ਕਾਵੈਂਟਰੀ, ਬਿਲ ਕੂਨਰ (ਬਿੱਲ ਮੀਡੀਆ), ਕੁਲਵੰਤ ਭੰਮਰਾ, ਸਰਦਾਰਾ ਗਿੱਲ (ਆਪਣਾ ਸੰਗੀਤ), ਪ੍ਰੇਮੀ ਜੌਹਲ, ਜੱਸੀ ਪ੍ਰੇਮੀ, ਪਲਵਿੰਦਰ ਧਾਮੀ ਤੇ ਕੁਮਾਰ, ਚੰਨੀ ਸਿੰਘ ਅਲਾਪ, ਕੇ ਬੀ ਢੀਂਡਸਾ, ਨਿਰਮਲ ਸੂਰੀ ਮੈਟਰੋ ਮਿਊਜ਼ਿਕ, ਮਲਕੀਤ ਸਿੰਘ ਗੋਲਡਨ ਸਟਾਰ, ਸ਼ਿੰਨ (ਡੀ ਸੀ ਐਸ), ਮੰਗਲ ਸਿੰਘ (ਚਿਰਾਗ ਪਹਿਚਾਣ), ਬੂਟਾ ਪ੍ਰਦੇਸੀ, ਗੁਰਚਰਨ ਮੱਲ (ਢੋਲ ਕਿੰਗ), ਅਵਤਾਰ ਕੰਗ, ਸੁਖਸ਼ਿੰਦਰ ਸ਼ਿੰਦਾ, ਨਿੰਦਰ ਜੌਹਲ, ਪ੍ਰਮਿੰਦਰ (ਅਜ਼ਾਦ), ਮੇਸ਼ੀ ਇਸ਼ਾਰਾ, ਲਹਿੰਬਰ ਹੁਸੈਨਪੁਰੀ, ਨਛੱਤਰ ਕਲਸੀ (ਕਾਂਗਰਸੀ ਆਗੂ), ਗੀਤਕਾਰ ਦਲਵਿੰਦਰ ਕਾਲਾ ਸੰਘਿਆਂ (ਵੁਲਵਰਹੈਂਪਟਨ), ਪੱਤਰਕਾਰ ਤੇ ਖੇਡ ਲੇਖਕ ਸੰਤੋਖੀ ਢੇਸੀ, ਵੀਡੀਓ ਅਤੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਸਮੇਤ ਉੱਘੀਆਂ ਸਖਸ਼ੀਅਤਾਂ ਨੇ ਬਲਵਿੰਦਰ ਸਫ਼ਰੀ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Comments are closed, but trackbacks and pingbacks are open.