ਪੰਜਾਬ ਨੂੰ ਕੈਂਸਰ ਮੁਕਤ ਬਣਾਉਣਾ ਹੀ ਵਰਲਡ ਕੈਂਸਰ ਕੇਅਰ ਸੰਸਥਾ ਦਾ ਮਕਸਦ

ਵਰਲਡ ਕੈਂਸਰ ਕੇਅਰ ਸੰਸਥਾ ਦੀਆਂ ਮਾਨਵਤਾ ਪ੍ਰਤੀ ਅਣਥੱਕ ਸੇਵਾਵਾਂ ਸ਼ਲਾਘਾਯੋਗ

ਅੰਮ੍ਰਿਤਸਰ – ਅੰਤਰਰਾਸ਼ਟਰੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਇਸ ਦੇ ਚੀਫ਼ ਐਡਵਾਈਜ਼ਰ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਪਿੰਡ ਬੂਆ ਨੰਗਲੀ ਵਿਖੇ ਕੈਂਸਰ ਦੀ ਜਾਂਚ ਲਈ ਵਿਸ਼ਾਲ ਫਰੀ ਮੈਡੀਕਲ ਕੈਪ ਲਗਾਇਆ ਗਿਆ। ਕੈਪ ਦੇ ਮੁੱਖ ਮਹਿਮਾਨ, ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ ਨੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਪੰਜਾਬ ਨੂੰ ਕੈਂਸਰ ਮੁਕਤ ਅਤੇ ਮਾਨਵਤਾ ਲਈ ਕੀਤੀਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੰਸਥਾ ਨੂੰ ਹਮੇਸ਼ਾਂ ਸਹਿਯੋਗ ਦਿੱਤਾ ਜਾਵੇਗਾ।  

ਸੰਸਥਾ ਦੇ ਚੀਫ਼ ਐਡਵਾਈਜ਼ਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਰਲਡ ਕੈਂਸਰ ਕੇਅਰ ਅਤੇ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਆਗੂਆਂ ਸ: ਇਕਬਾਲ ਸਿੰਘ ਲਾਲਪੁਰਾ ਚੇਅਰਮੈਨ, ਕੌਮੀ ਘਟ ਗਿਣਤੀ ਕਮਿਸ਼ਨ ਅਤੇ ਸ: ਕੁਲਵੰਤ ਸਿੰਘ ਧਾਲੀਵਾਲ ਦਾ ਸਾਂਝਾ ਮਿਸ਼ਨ ਹੀ ਪੰਜਾਬ ਨੂੰ ਕੈਂਸਰ ਮੁਕਤ ਕਰਨਾ, ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਰੱਖਣਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦਿਆਂ ਵਿਰਸੇ ਦੀ ਸੰਭਾਲ ਕਰਨ ਤੋਂ ਇਲਾਵਾ ਪੰਜਾਬ ਦੀ ਅਮੀਰ ਸਭਿਆਚਾਰਕ ਤੇ ਵਿਲੱਖਣ ਜੀਵਨ ਸ਼ੈਲੀ ਵਾਲੇ ਸਿਹਤਮੰਦ ਪੰਜਾਬੀਆਂ ਦੁਨੀਆ ਲਈ ਮੁੜ ਮਿਸਾਲ ਬਣਨ ਲਈ ਉਤਸ਼ਾਹਿਤ ਕਰਨਾ ਹੈ।

ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਸਮਾਜ ਸੇਵੀ ਸੋਨੀਆ ਮਾਨ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੈਂਸਰ ਨੂੰ ਫੈਲਣ ਤੋਂ ਪਹਿਲਾਂ ਹੀ ਰੋਕ ਲਿਆ ਜਾਵੇ ਤਾਂ ਕੀਮਤੀ ਜਾਨਾਂ ਦੇ ਨਾਲ ਨਾਲ ਲੋਕਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਇਆ ਜਾ ਸਕਦਾ ਹੈ। ਵਿਕਸਤ ਦੇਸ਼ਾਂ ਵਿਚ ਕੈਂਸਰ ਨੂੰ ਪਹਿਲੀ ਸਟੇਜ ’ਤੇ ਹੀ ਕਾਬੂ ਕਰ ਲਿਆ ਜਾਂਦਾ ਹੈ। ਭਾਵੇਂ ਕਿ ਉੱਥੇ ਕੈਂਸਰ ਭਾਰਤ ਨਾਲੋਂ ਵੀ ਜ਼ਿਆਦਾ ਹੈ ਪਰ ਮੌਤ ਦਰ ਨਾ ਦੇ ਬਰਾਬਰ ਹੈ, ਕਿਉਂਕਿ ਉੱਥੋਂ ਦੇ ਵਸਨੀਕ ਇਸ ਬਿਮਾਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਨਿਯਮਤ ਤੌਰ ’ਤੇ ਆਪਣੇ ਜ਼ਰੂਰੀ ਟੈੱਸਟ ਕਰਵਾਉਂਦੇ ਰਹਿੰਦੇ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨਾ ਹੈ। ਸੰਸਥਾ ਵੱਲੋਂ ਚਲਾਈਆਂ ਰਹੀਆਂ ਡਿਜੀਟਲ ਕੈਂਸਰ ਜਾਂਚ ਬੱਸਾਂ ਰਾਹੀਂ ਮੌਕੇ ’ਤੇ ਹੀ ਕੈਂਸਰ ਦੇ ਕਈ ਪ੍ਰਕਾਰ ਦੇ ਟੈੱਸਟ ਕਰਕੇ ਬਿਮਾਰੀ ਨੂੰ ਵਧਣ ਤੋਂ ਪਹਿਲਾਂ ਹੀ ਫੜ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਕੈਂਪਾਂ ਦੀ ਲੜੀ ਅਧੀਨ ਪਿੰਡਾਂ ਅਤੇ ਸ਼ਹਿਰਾਂ ਵਿਚ ਫਰੀ ਮੈਡੀਕਲ ਕੈਂਪ ਲਾ ਕੇ  ਔਰਤਾਂ ਅਤੇ ਮਰਦਾਂ ਵਿਚ ਕੈਂਸਰ ਨੂੰ ਪਹਿਲੀ ਸਟੇਟ ਤੇ ਫੜਨ ਲਈ ਸਰੀਰਕ ਜਾਂਚ ਤੋਂ ਬਾਅਦ ਲੱਛਣਾਂ ਦੇ ਅਧਾਰ ਤੇ 6 ਵੱਖ ਵੱਖ ਟੈੱਸਟ ਕਰਦਿਆਂ ਅਤੇ ਮੁਫ਼ਤ ’ਚ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਵੀਡੀਉ ਦਿਖਾਏ ਜਾਂਦੇ ਹਨ ਅਤੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ ਤੋਂ ਜਾਣੂ ਕਰਾਉਣ ਲਈ ਇਸ਼ਤਿਹਾਰ ਵੰਡੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੰਸਥਾ ਭਾਰਤ ਦੇ ਅਲੱਗ ਅਲੱਗ ਰਾਜਾਂ ਵਿੱਚ ਕੰਮ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਪੰਜਾਬ, ਜੰਮੂ ਕਸ਼ਮੀਰ, ਦਿੱਲੀ ਉਤਰਾਖੰਡ, ਰਾਜਸਥਾਨ, ਹਰਿਆਣਾ, ਯੂ-ਪੀ ਅਤੇ ਹਿਮਾਚਲ ਸ਼ਾਮਲ ਹਨ। ਸੰਸਥਾ ਹੁਣ ਤੱਕ 9500 ਦੇ ਕਰੀਬ ਪਿੰਡਾਂ ਅਤੇ ਕਸਬਿਆਂ ਨੂੰ ਇਹ ਸਹੂਲਤ ਮੁਹੱਈਆ ਕਰਵਾ ਚੁੱਕੀ ਹੈ ਅਤੇ ਲੱਖਾਂ ਲੋਕਾਂ ਦੀ ਮੁਫ਼ਤ ਜਾਂਚ ਕਰ ਚੁੱਕੀ ਹੈ ।

ਸੰਸਥਾ ਦੇ ਮੈਨੇਜਿੰਗ ਡਾਇਰੈਕਟ ਡਾ: ਧਰਮਿੰਦਰ ਢਿੱਲੋਂ ਨੇ ਕਿਹਾ ਕਿ ਜੇਕਰ ਪਹਿਲੀ ਸਟੇਜ ’ਤੇ ਹੀ ਕੈਂਸਰ ਬਾਰੇ ਪਤਾ ਲਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਪ ਵਿਚ 6 ਮਾਹਿਰ ਡਾਕਟਰਾਂ ਸਮੇਤ 25 ਮੈਂਬਰੀ ਟੀਮ ਵੱਲੋਂ 300 ਦੇ ਕਰੀਬ ਵਿਅਕਤੀਆਂ ਦੀ ਜਾਂਚ ਕੀਤੀ ਗਈ ਅਤੇ ਕਈਆਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਹਰ ਸਾਲ 12 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਹੈ ਅਤੇ ਜਿਨ੍ਹਾਂ ਵਿਚ 7.5 ਲੱਖ ਲੋਕਾਂ ਦੀ ਕੈਂਸਰ ਨਾਲ ਮੌਤ ਹੋ ਜਾਂਦੀ ਹੈ, ਯਾਨੀ ਕਿ ਭਾਰਤ ਵਿੱਚ ਹਰ ਰੋਜ਼ 2000 ਦੇ ਕਰੀਬ ਕੈਂਸਰ ਨਾਲ ਮੌਤਾਂ ਹੋ ਰਹੀਆਂ ਹਨ । ਜਿਸ ਦਾ ਵੱਡਾ ਕਾਰਨ ਕੈਂਸਰ ਪ੍ਰਤੀ ਲੋਕਾਂ ਦਾ ਜਾਗਰੂਕ ਨਾ ਹੋਣਾ ਅਤੇ ਉਨ੍ਹਾਂ ਦੀ ਸਮੇਂ ਸਿਰ ਜਾਂਚ ਨਾ ਹੋਣਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਦਿਲਪ੍ਰੀਤ ਸਿੰਘ ਟੋਨੀ, ਕੈਂਪ ਇੰਚਾਰਜ ਫਿੱਕੀ ਫਲੋਰ, ਡਾ: ਬਿਪਨ ਚੌਧਰੀ, ਡਾ ਕੁਲਸ਼ੀਨ ਥਾਪਰ, ਡਾ. ਰਣਦੀਪ, ਡਾ ਪੂਜਾ ਅਤੇ ਡਾ. ਮਨਦੀਪ ਵੀ ਮੌਜੂਦ ਸਨ।

Comments are closed, but trackbacks and pingbacks are open.