ਜਲੰਧਰ ਵਿਖੇ ਐਨ ਆਰ ਆਈ ਦੇ ਮਾਲਕੀ ਵਾਲੇ ਬਾਠ ਕਾਸਲ ਵਿਖੇ ਨਜਾਇਜ਼ ਵਸੂਲੀ ਦਾ ਮਾਮਲਾ ਭਖਿਆ

ਮਾਲਕਾਂ ਨੇ ਛਿੱਤਰ ਪਰੇਡ ਕਰਨ ਤੋਂ ਬਾਅਦ ਵਸੂਲੇ ਗਏ 8 ਲੱਖ ਸਮੇਤ ਵਿਜੀਲੈਂਸ ਹਵਾਲੇ ਕੀਤੇ

ਜਲੰਧਰ – ਬਾਠ ਕਾਸਲ ਦੇ ਮਾਲਕਾਂ ਤੋਂ ਵਸੂਲੀ ਕਰਨ ਦਾ ਮਾਮਲਾ ਹੁਣ ਤੂਲ ਫੜਨ ਲੱਗ ਪਿਆ ਹੈ। ਇਸ ਮਾਮਲੇ ‘ਚ ਵਿਜੀਲੈਂਸ ਬਿਊਰੋ ਦੀ ਮੋਹਾਲੀ ਤੋਂ ਆਈ ਵਿਸ਼ੇਸ਼ ਟੀਮ ਨੇ ਨਿਗਮ ਦੇ ਸਹਾਇਕ ਟਾਊਨ ਪਲੈਨਰ ਸਮੇਤ ਭਾਜਪਾ ਆਗੂ ਸਮੇਤ ਇਕ ਹੋਰ ਦੋਸ਼ੀ ਨੂੰ ਕਾਬੂ ਕੀਤਾ ਸੀ ਪਰ ਹੁਣ ਨਿਗਮ ਪ੍ਰਸ਼ਾਸਨ ਵੱਲੋਂ ਵੀ ਸਹਾਇਕ ਟਾਊਨ ਪਲੈਨਰ ਵੱਲੋਂ ਉਸਾਰੀਆਂ ਦੇ ਮਾਮਲੇ ਵਿਚ ਦਿੱਤੇ ਗਏ ਨੋਟਿਸਾਂ ਦੀ ਜਾਂਚ ਕਰਨ ਲਈ ਕਹਿ ਦਿੱਤਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਨਾਜਾਇਜ਼ ਵਸੂਲੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਹਾਇਕ ਟਾਊਨ ਪਲੈਨਰ ਰਵੀ ਸ਼ਰਮਾ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਕਈ ਨੋਟਿਸਾਂ ਦੀ ਵੀ ਜਾਂਚ ਕਰਨ ਲਈ ਕਹਿ ਦਿੱਤਾ ਹੈ। ਚੇਤੇ ਰਹੇ ਕਿ ਬਾਠ ਕਾਸਲ ਦੇ ਕੁਝ ਨਿਰਮਾਣ ਨੂੰ ਨਾਜਾਇਜ਼ ਦੱਸ ਕੇ ਵਸੂਲੀ ਕੀਤੀ ਜਾ ਰਹੀ ਸੀ।

ਸੂਤਰਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਨੋਟਿਸ ਪਹਿਲਾਂ ਵੀ ਉਨ੍ਹਾਂ ਇਮਾਰਤਾਂ ਨੂੰ ਦਿੱਤੇ ਗਏ ਸਨ ਜਿਹੜੀਆਂ ਕਿ ਪਹਿਲਾਂ ਹੀ ਕਈ ਸਾਲਾਂ ਤੋਂ ਬਣੀਆਂ ਹੋਈਆਂ ਸੀ। ਉਂਜ ਬਿਲਡਿੰਗ ਵਿਭਾਗ ਕਦੇ ਵੀ ਨਿਗਮ ਪ੍ਰਸ਼ਾਸਨ ਦੇ ਕੰਟਰੋਲ ਵਿਚ ਨਹੀਂ ਰਿਹਾ ਹੈ ਤੇ ਕਈ ਸ਼ਿਕਾਇਤਾਂ ਅਕਸਰ ਹੀ ਆਉਂਦੀਆਂ ਰਹੀਆਂ ਹਨ। ਬਿਲਡਿੰਗ ਵਿਭਾਗ ਦੇ ਅਫ਼ਸਰਾਂ ‘ਤੇ ਵਿਜੀਲੈਂਸ ਵੱਲੋਂ ਦੂਜੀ ਵਾਰ ਕਾਰਵਾਈ ਕੀਤੀ ਗਈ ਹੈ।

ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਨਿਗਮ ਦੇ ਟਾਊਨ ਪਲੈਨਰ ਰਵੀ ਸ਼ਰਮਾ ਸ਼ਿਵ ਸੈਨਾ ਦੇ ਆਗੂਆਂ ਕੁਨਾਲ ਕੋਹਲੀ ਅਤੇ ਅਰਵਿੰਦ ਸ਼ਰਮਾ ਨਾਲ ਬਾਠ ਕਾਸਲ ਵਿਖੇ ਮਾਲਕਾਂ ਕੋਲੋਂ ਨਜਾਇਜ਼ ਵਸੂਲੀ ਕਰਨ ਗਏ ਸਨ ਜਿੱਥੇ ਮਾਲਕਾਂ ਨੇ ਪਹਿਲਾਂ ਉਨ੍ਹਾਂ ਦੀ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ 8 ਲੱਖ ਰੂਪੈ ਬਰਾਮਦ ਕਰਵਾਕੇ ਵਿਜੀਲੈਂਸ ਦੇ ਅਧਿਕਾਰੀਆਂ ਹਵਾਲੇ ਕੀਤਾ ਗਿਆ ਸੀ।

Comments are closed, but trackbacks and pingbacks are open.