ਗਲਾਸਗੋ: ਡਾ. ਮਰਿਦੁਲਾ ਚਕਰਬਰਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਐੱਮ.ਬੀ.ਈ. ਸਨਮਾਨ ਮਿਲਣ ਦੀ ਖੁਸ਼ੀ ‘ਚ ਸਮਾਗਮ

ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ (ਏ ਆਈ ਓ) ਵੱਲੋਂ ਕੀਤਾ ਗਿਆ ਉਪਰਾਲਾ
ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਬਿਜੇ ਸੇਲਵਰਾਜ, ਸ੍ਰੀ ਸੱਤਿਆਵੀਰ ਸਿੰਘ ਵੱਲੋਂ ਕੀਤੀ ਗਈ ਸ਼ਿਰਕਤ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਡਾ. ਮਰਿਦੁਲਾ ਚਕਰਬਰਤੀ ਦੇ ਨਾਮ ਤੋਂ ਭਲੀਭਾਂਤ ਜਾਣੂੰ ਹਨ। ਭਾਈਚਾਰੇ ਦੇ ਲੋਕਾਂ ਦੇ ਸੁਖ ਦੁੱਖ ਵਿੱਚ ਸ਼ਰੀਕ ਹੋਣ, ਵੱਖ ਵੱਖ ਸੰਸਥਾਵਾਂ ਦੇ ਕਾਰਜਾਂ ਵਿੱਚ ਨਿਸ਼ਕਾਮ ਸ਼ਮੂਲੀਅਤ ਉਹਨਾਂ ਦੇ ਸੁਭਾਅ ਦਾ ਵਿਸ਼ੇਸ਼ ਗੁਣ ਹੈ।

ਯੂਕੇ ਵਿੱਚ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਹੋਣ ਦਾ ਮਾਣ ਹਾਸਲ ਡਾ. ਮਰਿਦੁਲਾ ਚਕਰਬਰਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ “ਮੈਂਬਰ ਆਫ ਬ੍ਰਿਟਿਸ਼ ਐਂਪਾਇਰ” (ਐੱਮ ਬੀ ਈ) ਸਨਮਾਨ ਨਾਲ ਨਿਵਾਜਿਆ ਗਿਆ ਤਾਂ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ। ਸਕਾਟਲੈਂਡ ਵਿੱਚ ਭਾਰਤੀ ਮੂਲ ਦੀਆਂ ਸੰਸਥਾਵਾਂ ਲਈ ਛਤਰੀ ਵਾਂਗ ਕੰਮ ਕਰ ਰਹੀ ਸੰਸਥਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜ਼ੇਸ਼ਨਜ਼ (ਏ ਆਈ ਓ) ਵੱਲੋਂ ਬੰਬੇ ਬਲੂਅਜ਼ ਰੈਸਟੋਰੈਂਟ ਵਿਖੇ ਵਿਸ਼ੇਸ਼ ਸਮਾਗਮ ਕਰਕੇ ਡਾ. ਮਰਿਦੁਲਾ ਚਕਰਬਰਤੀ ਨੂੰ ਵਧਾਈ ਪੇਸ਼ ਕੀਤੀ ਗਈ। ਏ ਆਈ ਓ ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮ ਬੀ ਈ) ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ।

ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਪਹੁੰਚੇ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਬਿਜੇ ਸੇਲਵਰਾਜ, ਸ੍ਰੀ ਸੱਤਿਆਵੀਰ ਸਿੰਘ ਵੱਲੋਂ ਵੀ ਸ੍ਰੀਮਤੀ ਚਕਰਬਰਤੀ ਨੂੰ ਇਸ ਸਨਮਾਨ ਦੀ ਹਾਰਦਿਕ ਵਧਾਈ ਪੇਸ਼ ਕੀਤੀ। ਕਾਰੋਬਾਰੀ ਸੋਹਣ ਸਿੰਘ ਰੰਧਾਵਾ ਵੱਲੋਂ ਸੁੰਦਰ ਗੁਲਦਸਤਾ ਭੇਂਟ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਸਮੇਂ ਹੋਏ ਰੰਗਾਰੰਗ ਸਮਾਗਮ ਦੌਰਾਨ ਗਾਇਕ ਸੰਤੋਖ ਸੋਹਲ ਅਤੇ ਅਭੀਜੀਤ ਕੜਵੇ ਵੱਲੋਂ ਇੱਕ ਤੋੰ ਵੱਧ ਇੱਕ ਗੀਤ ਗਾ ਕੇ ਹਾਜਰੀਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਸਮਾਗਮ ਵਿੱਚ ਗਲਾਸਗੋ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਅਖ਼ੀਰ ਵਿੱਚ ਡਾ. ਮਰਿਦੁਲਾ ਚਕਰਬਰਤੀ (ਐੱਮ ਬੀ ਈ) ਨੇ ਸਮਾਗਮ ਵਿੱਚ ਪਹੁੰਚੇ ਸਮੂਹ ਮੈਂਬਰਾਨ ਦਾ ਧੰਨਵਾਦ ਕੀਤਾ।

Comments are closed, but trackbacks and pingbacks are open.