ਗਲਾਸਗੋ ਗੁਰਦੁਆਰਾ ਪੰਜਾਬੀ ਸਕੂਲ ਵਿਖੇ ਹੋਇਆ “ਪੰਜਾਬੀ ਵਿਰਸਾ” ਸਮਾਗਮ ਯਾਦਗਾਰੀ ਹੋ ਨਿੱਬੜਿਆ 

ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ, ਬੱਚਿਆਂ ਤੇ ਅਧਿਆਪਕਾਂ ਦਾ ਧੰਨਵਾਦ 

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਵਿਦੇਸ਼ ਦੀ ਧਰਤੀ ‘ਤੇ ਜਨਮੇ ਬੱਚਿਆਂ ਨੂੰ ਮਾਂ ਬੋਲੀ ਤੇ ਵਿਰਸੇ ਨਾਲ ਜੋੜ ਦੇ ਉਪਰਾਲੇ ਆਪਣੇ-ਆਪ ਵਿੱਚ ਵੀ ਸਨਮਾਨ ਯੋਗ ਹਨ।

 ਬੱਚਿਆਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਵਿਦੇਸ਼ਾਂ ‘ਚ ਚਲਦੇ ਪੰਜਾਬੀ ਸਕੂਲਾਂ ਦੀ ਦੇਣ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਵੀ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੇ ਮਨਸ਼ੇ ਤਹਿਤ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਗਲਾਸਗੋ ਗੁਰਦਵਾਰਾ ਪੰਜਾਬੀ ਸਕੂਲ ਵੱਲੋਂ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਲੰਗਰ ਹਾਲ ਵਿੱਚ ਹੋਏ “ਪੰਜਾਬੀ ਵਿਰਸਾ” ਪ੍ਰੋਗਰਾਮ ਦੌਰਾਨ 185 ਬੱਚਿਆਂ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ।

 ਇਸ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਜੂਕੇਸ਼ਨ ਸੈਕਟਰੀ ਪ੍ਰਭਜੋਤ ਕੌਰ ਵਿਰਹਿਆ ਨੇ ਦੱਸਿਆ ਕਿ ਇਸ ਸਮਾਗਮ ਨੂੰ ਕਰਵਾਉਣ ਲਈ ਅਧਿਆਪਕਾਂ ਤੇ ਬੱਚਿਆਂ ਵੱਲੋਂ ਚਾਰ ਮਹੀਨੇ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

 ਸਮਾਗਮ ਦੀ ਰੂਪਰੇਖਾ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਨਰਸਰੀ ਕਲਾਸ ਦੇ ਬੱਚਿਆਂ ਨੇ ਅਧਿਆਪਕਾ ਰਾਜਿੰਦਰ ਧਾਮੀ, ਸੁਖਵਿੰਦਰ ਔਜਲਾ, ਉਹਨਾਂ ਦੇ ਸਹਾਇਕਾ ਪ੍ਰੀਤੀਕਾ ਸਮਰਾ, ਰੋਮਾ ਗਿੱਲ, ਜਸਕਰਨ ਕੌਰ, ਕੋਮਾਲਪ੍ਰੀਤ ਕੌਰ ਦੀ ਅਗਵਾਈ ਹੇਠ ਚਾਰ ਰੁੱਤਾਂ, ਦੇਸੀ ਮਹੀਨੇ, ਪੰਜਾਬੀ ਨਾ ਭੁਲਾ ਦਿਓ ਕਵਿਤਾ ਰਾਹੀਂ ਹਾਜਰੀਨ ਦਾ ਦਿਲ ਜਿੱਤਿਆ ਗਿਆ।

 ਕਲਾਸ 1 ਦੇ ਵਿਦਿਆਰਥੀਆਂ ਨੇ ਅਧਿਆਪਕ ਹਰਵਿੰਦਰ ਕੌਰ , ਸ਼ਰਨ ਕੌਰ ਤੇ ਸਹਾਇਕ ਜੀਵਨ ਕੌਰ, ਮਹਿਕ ਕੌਰ ਦੀ ਦੇਖਰੇਖ ਵਿੱਚ ਮੇਰਾ ਪੰਜਾਬ ਮੇਰਾ ਦੇਸ਼, ਨਿੱਕਾ ਜੇਹਾ ਖਾਲਸਾ ਪੁੱਤ ਸਰਦਾਰਾਂ ਦਾ ਦੀ ਬਾਖੂਬੀ ਪੇਸ਼ਕਾਰੀ ਕੀਤੀ।

 ਕਲਾਸ 2 ਵੱਲੋਂ ਨਵਦੀਪ ਕੌਰ ਗਿੱਲ, ਕਿਰਨ ਕੌਰ ਤੇ ਸਹਾਇਕਾਂ ਹਰਲੀਨ ਤਮੰਨਾ ਕੌਰ, ਰੂਪੀ ਕੌਰ ਦੇ ਸਹਿਯੋਗ ਨਾਲ ਪਾਣੀ, ਮਿੱਟੀ, ਬੀਬਾ ਬੱਚਾ ਤੇ ਕਵਿਤਾਵਾਂ ਰਾਹੀਂ ਸਮਾਗਮ ਨੂੰ ਰੰਗੀਨ ਕੀਤਾ।

 ਕਲਾਸ 3 ਦੇ ਬੱਚਿਆਂ ਨੇ ਅਧਿਆਪਕਾਵਾਂ ਜਸਵੀਰ ਕੌਰ ਮਾਨ, ਰਮਨ ਕੋਹਲੀ ਅਤੇ ਉਹਨਾਂ ਦੇ ਸਹਾਇਕ ਅਵਾਨੀ ਗਿੱਲ, ਕਿਰਨਜੀਤ ਕੌਰ ਦੇ ਸਾਥ ਨਾਲ ਲਗਾਂ ਮਾਤਰਾਵਾਂ, ਰੁੱਖ, ਵਾਤਾਵਰਨ ਬਾਰੇ ਪੇਸ਼ਕਾਰੀ ਤੇ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾਈ ਗਈ।

 ਕਲਾਸ 4 ਦੇ ਵਿਦਿਆਰਥੀਂ ਨੇ ਅਧਿਆਪਕਾ ਗੁਰਦੀਪ ਕੌਰ ਦੀ ਅਗਵਾਈ ਹੇਠ ਮੇਰੀ ਮਾਂ, ਇਹ ਧਰਤੀ, ਬਾਰਿਸ਼, ਲੱਸੀ, ਪੱਖੀ ਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।

 ਕਲਾਸ 5 ਦੇ ਅਧਿਆਪਕ ਗੁਰਦੇਵ ਸਿੰਘ ਵੱਲੋਂ ਕਰਵਾਈ ਤਿਆਰੀ ਅਧੀਨ ਬੱਚਿਆਂ ਨੇ ਬਿੱਲੀ ਮਾਸੀ ਡੋਡੋ, ਮਸਤਾਨਾ ਜੋਗੀ, ਅੱਧੀ ਛੁੱਟੀ ਸਾਰੀ ਤੇ ਸਕਿਟ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ।

 ਕਲਾਸ 6 ਦੀਆਂ ਅਧਿਆਪਕਾਵਾਂ ਜਸਪ੍ਰੀਤ ਕੌਰ, ਹਰਪ੍ਰੀਤ ਕੌਰ ਦੀ ਦੇਖਰੇਖ ਵਿੱਚ ਬੱਚਿਆਂ ਨੇ ਇੱਕ ਸੀ ਚਿੜੀ ਇਕ ਸੀ ਕਾਂ ਦੀ ਪੇਸ਼ਕਾਰੀ ਕੀਤੀ। ਜੀ ਸੀ ਐੱਸ ਈ ਕਲਾਸ ਦੀ ਅਧਿਆਪਕਾ ਰਣਜੀਤ ਕੌਰ ਹੇਰ ਦੀ ਅਗਵਾਈ ਹੇਠ ਸੋਸ਼ਲ ਮੀਡਿਆ ਤੇ ਡਰਾਮਾ ਕਰਕੇ ਵਾਹ ਵਾਹ ਲੁੱਟੀ ਗਈ। ਏ ਲੈਵਲ ਦੇ ਅਧਿਆਪਕ ਜਸਵੀਰ ਕੌਰ ਗਿੱਦਾ, ਦਲਬੀਰ ਕੌਰ ਵੱਲੋਂ ਤਿਆਰ ਕਰਵਾਏ ਬੱਚਿਆਂ ਵੱਲੋਂ ਸਿੰਘਾਂ ਦੇ ਬੋਲ ਸੁਣਾ ਕੇ ਸਮਾਗਮ ਦਾ ਹਿੱਸਾ ਬਣਿਆ ਗਿਆ।

 ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਲਭਾਇਆ ਸਿੰਘ ਮਹਿਮੀ,  ਗਲਾਸਗੋ ਗੁਰਦੁਆਰਾ ਪੰਜਾਬੀ ਸਕੂਲ ਦੀ ਹੈੱਡ ਟੀਚਰ  ਦਲਜੀਤ ਕੌਰ ਦਿਲਬਰ ਅਤੇ ਐਜੂਕੇਸ਼ਨ ਸੈਕਟਰੀ  ਪ੍ਰਭਜੋਤ ਕੌਰ ਵਿਰਹਿਆ ਵੱਲੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਏ ਮਾਪਿਆਂ ਦਾ ਹਾਰਦਿਕ ਧੰਨਵਾਦ ਕਰਨ ਦੇ ਨਾਲ ਨਾਲ ਇਸ ਨਵੀਂ ਪਿਰਤ ਦੇ ਪਾਤਰ ਬਣੇ ਬੱਚਿਆਂ ਤੇ ਅਧਿਆਪਕਾਂ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਉਹਨਾਂ ਦੀ ਮਿਹਨਤ ਲਈ ਸ਼ਾਬਾਸ਼ ਕਿਹਾ।

 ਇਸ ਸਮੇਂ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਉਹਨਾਂ ਨੂੰ ਯਾਦ ਨਿਸ਼ਾਨੀਆਂ ਵੀ ਭੇਂਟ ਕੀਤੀਆਂ ਗਈਆਂ। ਇਸ ਤਰ੍ਹਾਂ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।

Comments are closed, but trackbacks and pingbacks are open.