ਸਾਡੇ ਪਿਤਾ ਜੀ ਵਿਚ ਕਦੀ ਵੀ ਹੈਂਕੜਬਾਜ਼ੀ, ਗੁਮਾਨ, ਤਹਿਸ਼ ਅਤੇ ਆਪਣੇ ਪਿਛੋਕੜ ਦੇ ‘ਵੱਡੇ ਹੋਣ ਦਾ’ ਦੀ ਝਲਕ ਨਹੀਂ ਪੈਂਦੀ ਦਿਸਦੀ ਸੀ।
ਇਨਸਾਫ਼ ਅਤੇ ਬਰਾਬਰਤਾ ਲਈ ਛਾਤੀ ਡਾਹ ਕੇ ਲੜਣਾ ਉਹਨਾਂ ਦੇ ਖੂਨ ਵਿਚ ਸੀ। ਇਸੇ ਕਾਰਨ ਹੀ ਸਭ ਜਾਤ-ਪਾਤ ਦੇ ਹੱਦਾਂ ਬੰਨਿਆਂ ਨੂੰ ਤੋੜ ਕੇ, ਭਾਰਤ ਤੋਂ ਆਏ ਹਰ ਪ੍ਰਵਾਸੀ ਦੇ ਹੱਕਾਂ ਦੀ ਜਦੋ-ਜਹਿਦ ਲਈ (ਇੰਡੀਅਨ ਵਰਕਰਜ਼ ਐਸੋਸੀਏਸ਼ਨ, ਸਾਊਥਾਲ) ਦਾ ਗਠਨ ਕੀਤਾ। ਭਾਰਤੀਆਂ ਦੀ ਇਹ ਉਹ ਜਥੇਬੰਦੀ ਸਾਬਤ ਹੋਈ ਜਿਸਤੋਂ ਸਮੇਂ ਦੀ ਹਕੂਮਤ ਡਰਦੀ ਹੀ ਨਹੀਂ ਸੀ ਸਗੋਂ ਕਈ ਵਾਰ ਤਾਂ ਥਰ-ਥਰ ਕੰਬਣ ਲੱਗ ਜਾਂਦੀ ਸੀ। ਇਸ ਸਭਾ ਦੇ ਪ੍ਰਧਾਨ ਰਹਿੰਦੇ ਹੋਇਆਂ, ਆਪ ਜੀ ਨੇ ਬਾਕੀ ਸਾਥੀਆਂ ਨਾਲ ਮਿਲਕੇ ਹਰ ਮਜ਼ਦੂਰ ਦੀ ਤਨਖਾਹ ਵਿਚ ਬਰਾਬਰਤਾ, ਕੰਮ ਉਪਰ ਬਰਾਬਰਤਾ ਦੇ ਹੱਕ, ਨਸਲੀ ਵਿਤਕਰੇ ਦਾ ਵਿਰੋਧ ਦੇ ਨਾਲ ਨਾਲ ਭਾਈਚਾਰੇ ਦੀ ਸਮਾਜਕ ਉੱਨਤੀ ਲਈ ਵੀ ਯਤਨ ਕੀਤੇ।
ਸਾਡੇ ਪਿਤਾ ਜੀ ਲਈ ਪਰਿਵਾਰਕ ਕਦਰਾਂ-ਕੀਮਤਾਂ ਦੀ ਏਨੀ ਕਦਰ ਸੀ ਕਿ ਆਖ਼ਰੀ ਦਮ ਤੀਕ ਪਰਿਵਾਰ ਨੂੰ ਇਕਮੁੱਠ ਰੱਖਣ ਦੇ ਨਾਲ ਸਮੇਂ ਸਮੇਂ ਆਈਆਂ ਦੁਸ਼ਵਾਰੀਆਂ ਅਤੇ ਮੁਸ਼ਕਲਾਂ ਦਾ ਪੂਰੇ ਤਾਨ ਨਾਲ, ਖਿੜੇ ਮੱਥੇ ਸਾਹਮਣਾ ਕੀਤਾ ਅਤੇ ਹਰ ਪੱਖੋਂ ਬੁਲੰਦੀਆਂ `ਤੇ ਪਹੁੰਚਾਇਆ।
ਸਰਕਾਰੀ ਅਤੇ ਅਫ਼ਸਰਸ਼ਾਹੀ ਦੀ ਧੱਕੜਸ਼ਾਹੀ ਖਿਲਾਫ ਡੱਟ ਜਾਣ ਦੀ ਜੁਅੱਰਅਤ ਮੁਢ ਤੋਂ ਹੀ ਉਹਨਾਂ ਦੀ ਤਰਬੀਅਤ ਅਤੇ ਵਿਚਾਰਧਾਰਕ ਸੋਚ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜਿਥੇ ਕਿਤੇ ਵੀ ਜ਼ਬਰ ਹੋਇਆ (ਭਾਵੇਂ ਭਾਰਤ ਵਿਚ, ਬਰਤਾਨੀਆਂ ਵਿਚ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ) ਸ੍ਰ: ਅਜੀਤ ਸਿੰਘ ਰਾਏ ਦੀ ਆਵਾਜ਼ ਜ਼ੁਲਮ ਸਹਿੰਦੇ ਲੋਕਾਂ ਦੀ ਹਮਾਇਤ ਵਿਚ ਉੱਠੀ।
ਸਾਨੂੰ ਇਹ ਕਹਿਣ ਵਿਚ ਫ਼ਖਰ ਮਹਿਸੂਸ ਹੁੰਦਾ ਹੈ ਕਿ ਸਾਡੇ ਪਿਤਾ ਜੀ ਵਿਚ ਕਦੀ ਵੀ ਹੈਂਕੜਬਾਜ਼ੀ, ਗੁਮਾਨ, ਤਹਿਸ਼ ਅਤੇ ਆਪਣੇ ਪਿਛੋਕੜ ਦੇ ‘ਵੱਡੇ ਹੋਣ ਦਾ’ ਦੀ ਝਲਕ ਨਹੀਂ ਪੈਂਦੀ ਦਿਸਦੀ ਸੀ। ਜਿਸਨੂੰ ਵੀ ਮਿਲੇ ਖਿੜੇ ਮੱਥੇ ਮਿਲੇ। ਸਾਰੀ ਉਮਰ ਯਾਰੀਆਂ ਨਿਭਾਈਆਂ ਅਤੇ ਯਾਰਾਂ ਦੇ ਯਾਰ ਰਹੇ।
ਉਹਨਾਂ ਦਾ ਮੁਖ ਮਕਸਦ ਦੁਨੀਆਂ ਭਰ ਦੇ ਕਾਮਿਆਂ ਦੀ ਬਿਹਤਰੀ, ਵਿਸ਼ੇਸ਼ ਕਰਕੇ ਆਪਣੀ ਏਸ਼ੀਅਨ ਕਮਿਊਨਿਟੀ ਦੀ ਭਲਾਈ ਲਈ, ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ, ਉਹਨਾਂ ਵਲੋਂ ਵਧੀਆਂ ਮਾਣਮੱਤਾ ਜੀਵਨ ਬਸਰ ਕਰਨ ਵਾਸਤੇ – ਸਮੁੱਚੀ ਮਨੁੱਖਤਾ ਦੇ ਮੁਢਲੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਲੋੜ ਪ੍ਰਤੀ ਤਾਅ-ਜਿੰਦਗੀ ਜੂੰਝਦੇ ਰਹੇ।
ਸਾਨੂੰ, ਸਮੁੱਚੇ ਪਰਿਵਾਰ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਪਿਤਾ ਜੀ, ਦਾਦਾ ਜੀ, ਪੜਦਾਦਾ ਜੀ ਆਪਣੇ ਭਰਪੂਰ ਜੀਵਨ ਦੇ 92 ਸਾਲ ਸਿਰ ਉੱਚਾ ਕਰਕੇ ਜੀਵੇ ਅਤੇ ਨਾਲ ਹੀ ਪਰਿਵਾਰ ਦੀਆਂ ਜੜ੍ਹਾਂ ਵੀ ਮਜ਼਼ਬੂਤ ਕਰ ਗਏ।
ਸਾਨੂੰ, ਉਹਨਾਂ ਦੇ ਆਖ਼ਰੀ ਸਮੇਂ ਕਹੇ ਇਹ ਸ਼ਬਦ ਹਮੇਸ਼ਾ ਹੌਂਸਲਾ ਦਿੰਦੇ ਰਹਿਣਗੇ:
“ਗੁੱਡ ਬਾਈ ” – “ਸ਼ੁਕਰੀਆ ਪੁੱਤਰੋ !!”- ਅਮੀਨ
Comments are closed, but trackbacks and pingbacks are open.