ਸੰਦੀਪ ਨੰਗਲਅੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਦੀ ਵੀ ਕੀਤੀ ਮੰਗ
ਸਲੋਹ – ਬੀਤੇ ਹਫ਼ਤੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲਅੰਬੀਆਂ ਦੇ ਕਤਲ ਸਬੰਧੀ ਪ੍ਰਸਿੱਧ ਪ੍ਰਮੋਟਰ ਸੁਰਜਨ ਸਿੰਘ ਚੱਠਾ ਨੂੰ ਜਲੰਧਰ ਸ਼ਹਿਰੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ’ਤੇ ਯੂ.ਕੇ ਕਬੱਡੀ ਫੈਡਰੇਸ਼ਨ ਨੇ ਰੋਸ ਜਿਤਾਉਦਿਆਂ ਮੰਦਭਾਗਾ ਦੱਸਿਆ ਹੈ।
ਯੂ.ਕੇ ਕਬੱਡੀ ਫੈਡਰੇਸ਼ਨ ਵਲੋਂ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਵਿੱਚ ਇੰਗਲੈਂਡ ਭਰ ਤੋਂ ਕਰੀਬ 100 ਤੋਂ ਵੱਧ ਕਬੱਡੀ ਪ੍ਰਮੋਟਰ, ਖਿਡਾਰੀ ਅਤੇ ਪ੍ਰਸੰਸਕ ਖੜ੍ਹੇ ਪੈਰ ਪਹੁੰਚੇ ਅਤੇ ਸੁਰਜਨ ਸਿੰਘ ਚੱਠਾ ਦੀ ਗ੍ਰਿਫ਼ਤਾਰੀ ਨੂੰ ਅਫ਼ਸੋਸਨਾਕ ਦੱਸਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂ.ਕੇ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਹਾਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸੁਰਜਨ ਚੱਠਾ ਨੇ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੱਧ ਹਿੱਸਾ ਕਬੱਡੀ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਉੱਤੇ ਲੱਗਾ ਦਿੱਤਾ ਸੀ ਅਤੇ ਸੰਦੀਪ ਨੰਗਲਅੰਬੀਆਂ ਨੂੰ ਵੀ ਉਨ੍ਹਾਂ ਨੇ ਪੁੱਤਰਾਂ ਵਾਂਗ ਪਿਆਰ ਕੀਤਾ ਅਤੇ ਸੇਧ ਦੇ ਕੇ ਬੁਲੰਦੀਆਂ ਤੱਕ ਪਹੁੰਚਾਇਆ ਸੀ।
ਵੁਲਵਰਹੈਂਪਟਨ ਤੋਂ ਸਾਬਕਾ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਮੋਹਣ ਸਿੰਘ ਕਾਲਾਸੰਘਿਆ ਨੇ ਕਿਹਾ ਕਿ ਸੁਰਜਨ ਚੱਠਾ ਦੀ ਗਿ੍ਰਫ਼ਤਾਰੀ ਇਕ ਸਿਆਸੀ ਸਾਜ਼ਿਸ਼ ਹੈ ਜਿਸ ਲਈ ਪਿਛਲੇ ਕਾਰਨਾਂ ਦੀ ਘੋਖ ਕਬੱਡੀ ਜਗਤ ਨੂੰ ਕਰਨੀ ਪਵੇਗੀ ਦੋਨੋਂ ਅਹੁਦੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਦੀਪ ਨੰਗਲਅੰਬੀਆਂ ਦੇ ਪਰਿਵਾਰ ਨਾਲ ਹਮਦਰਦੀ ਹੈ ਅਤੇ ਉਹ ਚਾਹੁੰਦੇ ਹਨ ਕਿ ਸਹੀ ਸਾਜ਼ਿਸ਼ਘੜਤੇ ਅਤੇ ਕਾਤਲਾਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਪਹੁੰਚਾਇਆ ਜਾਵੇ ਪਰ ਜਿਸ ਤਰੀਕੇ ਨਾਲ ਪੁਲਿਸ ਨੇ ਬਿਨਾਂ ਕੋਈ ਨੋਟਿਸ ਦਿੱਤਿਆਂ ਸਰਕਾਰੀ ਨਿਰਦੇਸ਼ਾਂ ਅਨੁਸਾਰ ਜਲੰਧਰ ਜ਼ਿਮਨੀ ਚੋਣ ਦਾ ਲਾਹਾ ਲੈਣ ਲਈ ਚੱਠਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਇਹ ਅਤਿ ਨਿੰਦਣਯੋਗ ਕਾਰਵਾਈ ਹੈ।
ਇਸ ਮੌਕੇ ਵੱਖ-ਵੱਖ ਪੰਜਾਬ ਦੇ ਸੁਲਝੇ ਹੋਏ ਪੱਤਰਕਾਰਾਂ ਵਲੋਂ ਵੀ ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਦੱਸਦਿਆਂ ਕਿਹਾ ਗਿਆ ਹੈ ਕਿ ਸੁਰਜਨ ਚੱਠਾ ਨੂੰ ਭਾਰਤੀ ਜਾਂਚ ਏਜੰਸੀ ਨੇ ਜਾਂਚ ਪੜਤਾਲ ਕਰਨ ਬਾਅਦ ਉਨ੍ਹਾਂ ਦਾ ਇਸ ਕਤਲ ਵਿੱਚ ਕੋਈ ਵੀ ਹੱਥ ਨਾ ਹੋਣ ਦੀ ਪੁਸ਼ਟੀ ਕਰਦਿਆਂ ਗੈਂਗਸਟਰਾਂ ਤੋਂ ਬਚਾਅ ਲਈ ਸਕਿਉਰਟੀ ਦੀ ਪੇਸ਼ਕਸ਼ ਕੀਤੀ ਗਈ ਸੀ ਜੋ ਚੱਠਾ ਨੇ ਠੁਕਰਾ ਦਿੱਤੀ ਸੀ ਫਿਰ ਜਲੰਧਰ ਸ਼ਹਿਰੀ ਪੁਲਿਸ ਵਲੋਂ ਬਿਨਾ ਕਿਸੇ ਚਿਤਾਵਨੀ ਤੋਂ ਤੜਕਸਾਰ ਚੱਠਾ ਨੂੰ ਗ੍ਰਿਫ਼ਤਾਰ ਕਰਨਾ ਕਈ ਸ਼ੰਕੇ ਪੈਦਾ ਕਰਦਾ ਹੈ।
ਸਲੋਹ ਵਿਖੇ ਯੂ.ਕੇ ਕਬੱਡੀ ਫੈਡਰੇਸ਼ਨ ਵਲੋਂ ਸੱਦੀ ਗਈ ਹੰਗਾਮੀ ਮੀਟਿੰਗ ਵਿੱਚ ਪ੍ਰਧਾਨ ਬਹਾਦਰ ਸ਼ੇਰਗਿੱਲ, ਸਕੱਤਰ ਪਿੰਕੀ ਢਿੱਲੋਂ, ਚੇਅਰਮੈਨ ਇਕਬਾਲ ਅਟਵਾਲ, ਵਾਈਸ ਚੇਅਰਮੈਨ ਚਰਨੀ ਸੂਜਾਪੁਰ, ਖਜ਼ਾਨਚੀ ਪਾਲੀ ਚੱਠਾ ਅਤੇ ਮੋਹਣ ਸਿੰਘ ਮੋਹਣਾ ਕਾਲਾਸੰਘਿਆਂ ਦੀ ਸਰਪ੍ਰਸਤੀ ਹੇਠ ਸਾਬਕਾ ਪ੍ਰਧਾਨ ਅਤੇ ਕਬੱਡੀ ਪ੍ਰਮੋਟਰ ਰਣਜੀਤ ਸਿੰਘ ਢੰਡਾ, ਪਿਆਰਾ ਸਿੰਘ ਗੁੰਮਟਾਲਾ, ਇੰਦਰਜੀਤ ਬੱਲ, ਅਸ਼ੋਕ ਸ਼ਰਮਾ, ਗੋਗਾ, ਭਿੰਦਾ ਸੰਧੂ ਸਾਊਥਾਲ, ਰੂਪੀ ਆਹਲੂਵਾਲੀਆ, ਕਾਕਾ ਚੀਮਾ ਸਾਊਥਾਲ, ਰੈਡਿੰਗ ਤੋਂ ਟਾਟੀ ਗਰੇਵਾਲ, ਸੋਨੂੰ ਸ਼ੀਰਾ, ਚੀਨਾ ਜਵੰਦਾ, ਮਨਜਿੰਦਰ ਔਲਖ, ਹੈਪੀ, ਵਿੱਕੀ ਜਵੰਦਾ, ਸੋਨੂੰ, ਹਰਪਾਲ, ਲਵਲੀ, ਯਾਦਵਿੰਦਰ ਖੋਸਾ, ਰਵੀ ਅਰੋੜਾ, ਮਨਜਿੰਦਰ ਬਰਮੀ, ਵਿਸ਼ਾਲ, ਰਮਨ, ਗੁਰਵਿੰਦਰ (ਸਾਰੇ ਰੈਡਿੰਗ ਤੋਂ), ਇਲਾਵਾ ਸਾਬਕਾ ਕਬੱਡੀ ਖਿਡਾਰੀ, ਪ੍ਰਮੋਟਰ ਅਤੇ ਪ੍ਰਸੰਸਕ ਭਾਰੀ ਗਿਣਤੀ ਵਿੱਚ ਇਕੱਤਰ ਹੋਏ ਅਤੇ ਸੁਰਜਨ ਸਿੰਘ ਚੱਠਾ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਸੰਦੀਪ ਨੰਗਲਅੰਬੀਆਂ ਦੇ ਸਹੀ ਸਾਜ਼ਿਸ਼ਘਾੜਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੇ ਮੁਕਾਮ ’ਤੇ ਪਹੁੰਚਾ ਕੇ ਇਨਸਾਫ਼ ਦੀ ਵੀ ਮੰਗ ਕੀਤੀ ਹੈ।
Comments are closed, but trackbacks and pingbacks are open.