ਇੰਗਲੈਂਡ ਨਿਵਾਸੀ ਚੇਅਰਮੈਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ 60ਵਾਂ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ

ਕੇਰਲਾ ਦੀ ਟੀਮ ਨੇ ਯਾਦਗਾਰੀ ਕੱਪ ਜਿੱਤਿਆ

ਪੂਰੀ ਦੁਨੀਆਂ ਵਿਚ ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਹਿਲਪੁਰ ਇਲਾਕੇ ਦੀ ਮਸ਼ਹੂਰ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਚ 60ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੀਆਂ ਦਸ ਦਿਨ ਰੌਣਕਾਂ ਲੱਗੀਆਂ ਰਹੀਆਂ। ਉੱਘੇ ਖੇਡ ਪ੍ਰਮੋਟਰ ਕਲੱਬ ਪ੍ਰਧਾਨ ਕਲਵੰਤ ਸਿੰਘ ਸੰਘਾ ਦੀ ਸਰਬ ਸਾਂਝੀਵਾਲਤਾ ਦੀ ਰਚਨਾਤਮਿਕ ਸੋਚ ਨਾਲ ਆਯੋਜਿਤ ਕੀਤਾ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਡੂੰਘੀਆਂ ਪੈੜਾਂ ਪਾਉਂਦਾ ਹੋਇਆ ਸਦੀਵੀ ਯਾਦਾਂ ਛੱਡ ਗਿਆ।ਇਸ ਵਾਰ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ 12 ਕਲੱਬ, 10 ਕਾਲਜ ਅਤੇ 17 ਸਾਲ ਤੋਂ ਘੱਟ ਉਮਰ ਵਰਗ ਦੀਆਂ 8 ਖੇਡ ਅਕਾਤਮੀਆਂ ਨੇ ਫੁੱਟਬਾਲ ਦੀਆਂ ਕਲਾ ਜੁਗਤਾਂ ਦੀ ਨੁਮਾਇਸ਼ ਲਗਾਕੇ ਦਰਸ਼ਕਾਂ ਦੀ ਪ੍ਰਸੰਸਾ ਖੱਟੀ। ਪ੍ਰਿੰਸੀਪਲ ਹਰਭਜਨ ਸਿੰਘ ਸਮਰਟਿੰਗ ਕਲੱਬ ਦਾ ਅਸਲ ਮਨੋਰਥ ਮਾਹਿਲਪੁਰ ਦੀ ਫੁੱਟਬਾਲ ਨਰਸਰੀ ਨੂੰ ਹਰਿਆ ਭਰਿਆ ਰੱਖਣਾ ਹੈ। ਸਰਕਾਰਾਂ ਦੀਆਂ ਟਾਲ ਮਟੋਲ ਨੀਤੀਆਂ ਦੇ ਬਾਵਜੂਦ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੂਰੇ ਇਲਾਕੇ ਵਿਚ ਟੂਰਨਾਮੈਂਟਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਜਿਸ ਨਾਲ ਇਹਨਾਂ ਦਿਨਾਂ ਵਿਚ ਖੇਡ ਮੇਲਿਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ।

60 ਵੀਂ ਵਾਰ ਦੇ ਪ੍ਰਬੰਧਾਂ ਨੂੰ ਹੋਰ ਨਰੋਆ ਹੁਲਾਰਾ ਦੇਣ ਵਾਸਤੇ ਜੀ ਐਨ.ਏ. ਯੂਨੀਵਰਸਿਟੀ ਦਾ ਸਹਿਯੋਗ ਲਿਆ ਗਿਆ। ਅਮਰੀਕਾ,ਅਫਰੀਕਾ, ਆਸਟ੍ਰੇਲੀਆ, ਯੂਰਪ ਅਤੇ ਏਸ਼ੀਆ ਮਹਾਂਦੀਪ ਦੇ ਸਭ ਦੇਸ਼ਾਂ ਵਿਚ ਵਸਦੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਸ਼ਾਗਿਰਦ ਅਤੇ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਉਚੇਰੇ ਤੌਰ ‘ਤੇ ਹਾਜ਼ਰ ਹੁੰਦੇ ਹਨ। ਉਹਨਾਂ ਵਲੋ ਪ੍ਰਿੰਸੀਪਲ ਸਾਹਿਬ ਦੁਆਰਾ ਲਾਏ ਸਿੱਖਿਆ ਅਤੇ ਖੇਡਾਂ ਦੇ ਬੂਟੇ ਦੇ ਪਾਲਣ ਪੋਸ਼ਣ ਲਈ ਕਲੱਬ ਦਾ ਸਹਿਯੋਗ ਕੀਤਾ ਜਾਂਦਾ ਹੈ। ਅਸਲ ਵਿਚ ਦੁਆਬੇ ਦੀ ਧਰਤੀ ਤੇ ਲੱਗਣ ਵਾਲਾ ਇਹ ਫੁੱਟਬਾਲ ਦਾ ਮਹਾਂਕੁੰਭ ਹੈ। ਜਿਸ ਵਿਚ ਅਰਜਨ ਅਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ, ਇੰਦਰ ਸਿੰਘ ਅਤੇ ਅਰਜਨ ਅਵਾਰਡੀ ਅਥਲੀਟ ਅਧੁਰੀ ਏ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਹੁੰਦੇ ਹਨ।ਨਵੀਂ ਪਨੀਰੀ ਵਾਸਤੇ ਇਹ ਇਕ ਮਾਡਲ ਟੂਰਨਾਮੈਂਟ ਹੈ ਜਿਸ ਤੋਂ ਹੋਰ ਖੇਡ ਕਲੱਬਾਂ ਪ੍ਰੇਰਨਾ ਲੈਂਦੀਆਂ ਹਨ।ਉਹ ਆਪਣੇ ਟੂਰਨਾਮੈਂਟਾਂ ਤੇ ਉਸੇ ਰੰਗ-ਢੰਗ ਦੀਆਂ ਤਬਦੀਲੀਆਂ ਲਿਆਉਣ ਲਈ ਯਤਨ ਕਰਦੀਆਂ ਹਨ। ਭਾਰਤ ਦੇ ਸਭ ਤੋਂ ਪੁਰਾਣੇ ਇਸ ਟੂਰਨਾਮੈਂਟ ਦਾ ਆਰੰਭ ਉੱਘੇ ਰਿਕਾਰਡਰ ਫੁੱਟਬਾਲਰ ਚੌਧਰੀ ਰਾਮ ਕਿਸ਼ਨ ਬਿੱਲਾ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕੀਤਾ ਗਿਆ।

ਕਲੱਬ ਵਰਗ ਦੇ ਮੁਕਾਬਲੇ ਲੀਗ ਕਮ ਨਾਕ ਆਉਟ ਦੇ ਅਧਾਰ ਤੇ ਕਰਵਾਏ ਗਏ। 17 ਸਾਲ ਤੋਂ ਘੱਟ ਉਮਰ ਵਰਗ ਦੀਆਂ ਅਕੈਡਮੀਆਂ ਵਿਚਂੋ ਪਾਲਦੀ ਅਤੇ ਰਾਊਂਡ ਗਲਾਸ ਅਕੈਡਮੀ ਮੁਹਾਲੀ ਦਾ ਬੜਾ ਸਖਤ ਮੁਕਾਬਲਾ ਹੋਇਆ। ਜਿਸ ਵਿਚ ਮੁਹਾਲੀ ਦੇ ਖਿਡਾਰੀਆਂ ਨੇ ਤਕਨੀਕੀ ਖੇਡ ਨਾਲ ਇਹ ਸੈਮੀਫਾਈਲ ਮੁਕਾਬਲਾ 3-0 ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿਚ ਚੰਡੀਗੜ੍ਹ ਫੁੱਟਬਾਲ ਅਕੈਡਮੀ ਨੂੰ 4-2 ਨਾਲ ਪਿਛਾੜ ਕੇ ਅਕੈਡਮੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਉਹਨਾਂ ਦੇ ਖਿਡਾਰੀ ਵਿਸ਼ਾਲ ਯਾਦਵ ਨੂੰ ਬੈਸਟ ਪਲੇਅਰ ਵਜ਼ੋਂ ਗੁਰੂ ਦੱਤ ਅਵਾਰਡ ਦਿੱਤਾ ਗਿਆ।ਕਾਲਜ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿਚ ਜੀ.ਐਨ.ਏ ਫਗਵਾੜਾ ਨੇ ਬੱਬਰ ਅਕਾਲੀ ਮੈਮੋਰੀਅਲ ਕਾਲਜ ਗੜ੍ਹਸ਼ੰਕਰ ਨੂੰ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਡੀ.ਏ.ਵੀ ਕਾਲਜ ਫਗਵਾੜਾ ਨੂੰ 3-0 ਨਾਲ ਹਰਾਇਆ।ਫਾਈਨਲ ਮੁਕਾਬਲਾ ਸਿੱਖ ਨੈਸ਼ਨਲ ਕਾਲਜ ਬੰਗਾ ਨੇ 5-1 ਦੇ ਫਰਕ ਨਾਲ ਜੀ ਐਨ ਏ ਯੂਨੀਵਰਸਿਟੀ ਤੋਂ ਜਿੱਤਕੇ 75 ਹਜ਼ਾਰ ਦਾ ਨਗਦ ਇਨਾਮ ਹਾਸਲ ਕੀਤਾ। ਜੀ.ਐਨ ਏ ਨੂੰ 50 ਹਜ਼ਾਰ ਨਾਲ ਹੀ ਸਬਰ ਕਰਨਾ ਪਿਆ।ਹਰਜੋਤ ਸਿੰਘ ਨੁੰ ਬੈਸਟ ਖਿਡਾਰੀ ਵਜੋਂ ਰਾਊ ਅਵਾਰਡ ਦਿੱਤਾ ਗਿਆ।

ਕਲੱਬਾਂ ਦਾ ਫਾਈਨਲ ਮੁਕਾਬਲਾ ਦੇਖਣ ਵਾਲਿਆਂ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਸਟੇਡੀਅਮ ਖਚਾ-ਖਚ ਭਰਿਆ ਹੋਇਆ ਸੀ। ਟੈਕਟਰੋ ਸਵਦੇਸ਼ ਯੁਨਾਈਟਡ ਫੁੱਟਬਾਲ ਕਲੱਬ ਊਨਾ (ਹਿਮਾਚਲ ਪ੍ਰਦੇਸ਼) ਅਤੇ ਸਪੋਰਟਸ ਅਕੈਡਮੀ ਤਰੂਰ (ਕੇਰਲਾ) ਵਿਚ ਹੋਏ ਇਸ ਫਸਵੇਂ ਮੁਕਾਬਲੇ ਵਿਚ ਦੋਨਾਂ ਕਲੱਬਾਂ ਨੇ ਤਕਨੀਕੀ ਖੇਡ ਨਾਲ ਦਰਸ਼ਕਾਂ ਨੂੰ ਵਿਸ਼ਵ ਪੱਧਰੀ ਫੁੱਟਬਾਲ ਦੇ ਨਜ਼ਾਰੇ ਵਿਖਾਏ। ਦਰਸ਼ਕਾਂ ਨੇ ਸਭ ਖਿਡਾਰੀਆਂ ਦੀ ਖੂਬ ਹੌਸਲਾ ਅਫ਼ਜ਼ਾਈ ਕੀਤੀ। ਕੇਰਲਾ ਦੀ ਟੀਮ ਨੇ ਇਹ ਮੁਕਾਬਲਾ ਆਖਰੀ ਮਿੰਟਾਂ ਵਿਚ ਮੁਹੰਮਦ ਜਾਸਿਨ ਦੇ ਇਕੋ ਇਕ ਗੱਲ ਨਾਲ ਜਿੱਤ ਲਿਆ। ਉਹਨਾਂ ਨੂੰ ਦੋ ਲੱਖ ਅਤੇ ਊਨਾ ਨੂੰ ਡੇਢ ਲੱਖ ਦਾ ਨਗਦ ਇਨਾਮ ਟਰਾਫੀ ਅਤੇ ਮੈਡਲ ਦਿੱਤੇ ਗਏ। ਕਲੱਬਾਂ ‘ਚੋਂ ਚੁਣੇ ਗਏ ਬੈਸਟ ਪਲੇਅਰ 17 ਸਾਲਾ ਗੋਲ ਲਵਰ ਫਾਰਵਰਡ ਹਿਰਦੈ ਜੈਨ ਨੂੰ ਦਰਸ਼ਨ ਸਿੰਘ ਕੈਨੇਡੀਅਨ ਅਵਾਰਡ ਦਿੱਤਾ ਗਿਆ। ਇਸ ਤਰਾਂ ਇਹ ਮੁਕਾਬਲੇ ਸ. ਕੁਲਵੰਤ ਸਿੰਘ ਸੰਘਾ ਦੀ ਟੀਮ ਦੀ ਮਿਹਨਤ ਸਦਕਾ ਸਫਲਤਾ ਪੂਰਨ ਸਿਰੇ ਚੜ੍ਹੇ। ਸਰਕਾਰੀ ਸੈਕੰਡਰੀ ਸਕੂਲ ਮਾਹਿਲਪੁਰ ਲੜਕੇ ਅਤੇ ਲੜਕੀਆਂ ਸਮੇਤ ਖਾਲਸਾ ਕਾਲਜ ਮਾਹਿਲਪੁਰ ਦੇ ਦੋ ਦੋ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਵਾਸਤੇ ਸਲਾਨਾ ਸਕਾਲਰਸ਼ਿੱਪ ਵੀ ਦਿਤਾ ਗਿਆ।

ਇਹਨਾਂ ਮੁਕਾਬਲਿਆਂ ਵਿਚ ਦਸੂਹੇ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਅਤੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਓ.ਐਸ.ਡੀ. ਚਰਨਜੀਤ ਸਿੰਘ ਚੰਨੀ ਨੇ 5 ਲੱਖ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ। ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਦੇ ਪਰੋ ਵਾਇਸ ਚਾਂਸਲਰ ਡਾ. ਵੀ.ਕੇ ਰਤਨ, ਰਜਿਸਟਰਾਰ ਡਾ. ਕੁਨਾਲ ਬੈਂਸ ਅਤੇ ਪੀ ਆਰ ਓ ਗੁਰਮੀਤ ਸਿੰਘ ਸਮੇਤ ਕਈ ਹੋਰ ਅਫਸਰ ਅਤੇ ਸਾਬਕਾ ਅਧਿਕਾਰੀ ਮਹਿਮਾਨਾਂ ਵਿਚ ਸ਼ਾਮਲ ਹੁੰਦੇ ਰਹੇ। ਪ੍ਰਿੰਸੀਪਲ ਹਰਭਜਨ ਸਿੰਘ ਐਜੂਕੇਸ਼ਨਲ ਅਤੇ ਸਪੇਰਟਸ ਟਰੱਸਟ ਯੂ.ਕੇ. ਵਲੋਂ ਪੰਜ ਲੱਖ ਵੈਨਕੂਵਰ ਕਨੈਡਾ ਵਲੋਂ ਚਾਰ ਲੱਖ ਅਤੇ ਯੂ.ਐਸ.ਏ ਟਰੱਸਟ ਵਲੋਂ ਤਿੰਨ ਲੱਖ ਦੀ ਰਾਸ਼ੀ ਦਾ ਸਹਿਯੋਗ ਦਿੱਤਾ ਗਿਆ।

ਕਲੱਬ ਦੀ ਐਗਜੈਕਟਿਵ ਵਿਚ ਸ਼ਾਮਲ ਸ਼ਵਿੰਦਰਜੀਤ ਸਿੰਘ ਬੈਂਸ ਐਸ.ਪੀ.ਰਿਟਾ.ਪੀ.ਪੀ. ਐਸ, ਡਾ.ਪਰਮਪ੍ਰੀਤ ਰਾਓ, ਡਾ. ਪਰਵਿੰਦਰ ਸਿੰਘ, ਪ੍ਰਿੰ. ਜਸਪਾਲ ਸਿੰਘ, ਦਲਜੀਤ ਸਿੰਘ ਬੈਂਸ, ਮਾਸਟਰ ਬਨਿੰੰਦਰ ਸਿੰਘ, ਬਲਜਿੰਦਰ ਮਾਨ, ਸੇਵਕ ਸਿੰਘ ਬੈਂਸ, ਅੱਛਰ ਕੁਮਾਰ ਜੋਸ਼ੀ, ਅਮਰੀਕ ਸਿੰਘ ਬੈਂਸ, ਕੁਲਵਰਨ ਸਿੰਘ, ਜਸਦੀਪ ਸਿੰਘ, ਰਾਜੂ ਚੰਡੀਗੜ੍ਹ ਆਦਿ ਮੈਂਬਰਾਂ ਨੇ ਕਲਵੰਤ ਸਿੰਘ ਸੰਘਾ ਦੇ ਯਤਨਾਂ ਨੂੰ ਸੁਖਾਲਾ ਅਤੇ ਸਚੱਜਾ ਬਨਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਆਪਣੇ ਜ਼ਮਾਨੇ ਦੇ ਇੰਟਰਨੈਸ਼ਨਲ ਫੱਟਬਾਲਰ ਗੁਰਮੇਲ ਸਿੰਘ ਗਿੱਲ, ਗਿਆਨ ਸਿੰਘ, ਹਰਦੀਪ ਸੰਘਾ, ਜੀਤ ਖਾਬੜਾ, ਮਨਪ੍ਰੀਤ ਮੰਨਾ, ਹਰਨੰਦਨ ਸਿੰਘ ਖਾਬੜਾ, ਗੁਰਕਿਰਪਾਲ ਪਾਲੀ, ਸੂਰਜ ਭਾਨ ਹਾਂਡਾ, ਜਸਵੀਰ ਸਿੰਘ, ਮਨਜਿੰਦਰ ਸਿੰਘ, ਰਾਜ ਕੁਮਾਰ ਭੋਲਾ ਵਰਗੇ ਸੈਂਕੜੇ ਖਿਡਾਰੀਆਂ ਨੇ ਉਚੇਚੀ ਹਾਜ਼ਰੀ ਭਰੀ।

ਆਲ ਇੰਡੀਆ ਪੱਧਰ ਦੇ ਇਸ ਟੂਰਨਾਮੈਂਟ ਵਿਚ ਦਰਸ਼ਕਾਂ ਨੂੰ ਤਿੰਨ ਵਰਗਾਂ ਵਿਚ ਖੇਡ ਮੁਕਾਬਲਿਆਂ ਦੀ ਪੜਚੋਲ ਕਰਨ ਦਾ ਭਰਪੂਰ ਮੌਕਾ ਮਿਲਿਆ।ਨਵਿਆਂ ਅਤੇ ਤਰੱਕੀਆਂ ਕਰ ਰਹੇ ਖਿਡਾਰੀਆਂ ਨੂੰ ਦੱਖਣੀ ਭਾਰਤ ਅਤੇ ਕਲਕੱਤਾ ਵਰਗੇ ਸ਼ਹਿਰਾਂ ਵਿਚ ਖੇਡੀ ਜਾਣ ਵਾਲੀ ਤਕਨੀਕੀ ਬਾਰੇ ਵੀ ਚੋਖੀ ਜਾਣਕਾਰੀ ਮਿਲੀ। ਇਸ ਖੇਡ ਮੇਲੇ ਵਿਚ ਸਭ ਵਰਗਾਂ ਦੇ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਦਿਆਂ ਪ੍ਰਬੰਧਕਾਂ ਦੀ ਚੜ੍ਹਦੀ ਕਲਾ ਲਈ ਦੁਆ ਕੀਤੀ। ਕਲੱਬ ਦੇ ਸੰਚਾਲਕ ਕੁਲਵੰਤ ਸਿੰਘ ਸੰਘਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਦਾ ਉਦੇਸ਼ ਪੰਜਾਬ ਦੀ ਜੁਆਨੀ ਅਤੇ ਮਾਹਿਲਪੁਰ ਦੀ ਨਰਸਰੀ ਨੂੰ ਹਰਿਆ ਭੱਰਿਆ ਰੱਖਣਾ ਹੈ। ਜਿਸ ਵਾਸਤੇ ਰਚਨਾਤਮਿਕ ਸੋਚ ਵਾਲੇ ਸਭ ਪੰਜਾਬੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ।
ਬਲਜਿੰਦਰ ਮਾਨ
98150-18947
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)

Comments are closed, but trackbacks and pingbacks are open.