ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) – ਅਮਰੀਕੀ ਪ੍ਰਤੀਨਿਧ ਸਭਾ ਵੱਲੌਂ ਸਿੱਖਾਂ ਦੇ ਪਵਿੱਤਰ ਦਿਹਾੜੇ ਵਿਸਾਖੀ ਮੌਕੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਾਨਤਾ ਦਿਵਾਉਣ ਲਈ ਮਤਾ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਹਰ ਸਾਲ ਅਮਰੀਕਾ ਭਰ ’ਚ ਇਹ ਦਿਨ ਸਿੱਖ ਕੌਮ ਲਈ ਸਮਰਪਿਤ ਹੋਵੇਗਾ। ਇਸ ਸਬੰਧੀ ਮਤਾ ਮੁੱਖ ਤੌਰ ’ਤੇ ਕਾਂਗਰਸਵੁਮੈਨ ਮੈਰੀ ਸਕੈਲਨ ਨੇ ਪੇਸ਼ ਕੀਤਾ, ਜਦਕਿ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋ-ਚੇਅਰ ਕਾਂਗਰਸਮੈਨ ਜੌਹਨ ਗੈਰਾਮੰਡੀ ਅਤੇ ਕਾਂਗਰਸਮੈਨ ਡੇਵਿਡ ਵਾਲਾਡਾਓ ਨੇ ਹਮਾਇਤ ਦਿੱਤੀ। ਇਨ੍ਹਾਂ ਤੋਂ ਇਲਾਵਾ ਕਾਂਗਰਸਵੁਮੈਨ ਬਾਸ, ਕਾਂਗਰਸਮੈਨ ਟੋਂਕੋ, ਕਾਂਗਰਸਮੈਨ ਫਿਜ਼ ਪੈਟਰਿਕ, ਕਾਂਗਰਸਮੈਨ ਮਿਊਜ਼ਰ, ਕਾਂਗਰਸਮੈਨ ਸਵਾਲ ਵੈੱਲ, ਕਾਂਗਰਸਮੈਨ ਕ੍ਰਿਸ਼ਨਾਮੂਰਤੀ, ਕਾਂਗਰਸਮੈਨ ਨੌਰਕਰੌਸ, ਕਾਂਗਰਸਮੈਨ ਕਿਮ, ਕਾਂਗਰਸਮੈਨ ਨੀਲ, ਕਾਂਗਰਸਮੈਨ ਬਰੈਂਡਨ ਬੋਇਲ ਵੀ ਮਤਾ ਪੇਸ਼ ਕਰਨ ਵਾਲਿਆਂ ’ਚ ਸ਼ਾਮਲ ਸਨ। ਸਿੱਖ ਭਾਈਚਾਰੇ ਵਿਚ ਇਹ ਮਤਾ ਪੇਸ਼ ਹੋਣ ਨਾਲ ਖੁਸ਼ੀ ਦਾ ਮਹੌਲ ਹੈ।
ਅਮਰੀਕਨ ਸਿੱਖ ਕਾਕਸ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਅਤੇ ਸ. ਹਰਪ੍ਰੀਤ ਸਿੰਘ ਸੰਧੂ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਤੇ ਦੇ ਪੇਸ਼ ਹੋਣ ਨਾਲ ਅਮਰੀਕਾ ਵਿਚ ਸਿੱਖ ਕੌਮ ਦੀ ਪਛਾਣ ਬਣਨ ’ਚ ਸਹਾਇਤਾ ਮਿਲੇਗੀ। ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸ. ਹਿੰਮਤ ਸਿੰਘ, ਸ. ਹਰਜਿੰਦਰ ਸਿੰਘ, ਸਿੱਖ ਕਾਕਸ ਕਮੇਟੀ ਦੇ ਸ. ਜੁਗਰਾਜ ਸਿੰਘ, ਯਾਦਵਿੰਦਰ ਸਿੰਘ ਅਤੇ ਇਕਤਿਦਾਰ ਚੀਮਾ ਨੇ ਵੀ ਇਸ ਮਤੇ ਨੂੰ ਪੇਸ਼ ਕਰਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪੇਸ਼ ਕੀਤੇ ਗਏ ਮਤੇ ਵਿਚ ਹਾਊਸ ਨੂੰ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਕਿਹਾ ਗਿਆ ਕਿ ਸਿੱਖ ਭਾਈਚਾਰਾ ਭਾਰਤ ਦੇ ਪੰਜਾਬ ਪ੍ਰਾਂਤ ਨਾਲ ਸੰਬੰਧਤ ਹੈ ਅਤੇ ਇਸ ਕੌਮ ਨੇ 100 ਸਾਲ ਤੋਂ ਵੱਧ ਸਮਾਂ ਪਹਿਲਾਂ ਅਮਰੀਕਾ ਵਿਚ ਪਰਵਾਸ ਕਰਨਾ ਸ਼ੁਰੂ ਕਰ ਕੀਤਾ ਸੀ ਅਤੇ ਇਸ ਕੌਮ ਨੇ ਅਮਰੀਕਾ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸਿੱਖ ਕੌਮ ਵੱਲੋਂ ਵੈਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਮਨਾਈ ਜਾਂਦੀ ਹੈ, ਜੋ ਕਿ ਆਮ ਤੌਰ ’ਤੇ 14 ਅਪ੍ਰੈਲ ਨੂੰ ਹੁੰਦੀ ਹੈ। ਇਸ ਦਿਨ ਸੰਨ 1699 ’ਚ ਸਿੱਖਾਂ ਦੇ ਦਸਵੇਂ ਗੁਰੂ ਵੱਲੋਂ ਜ਼ੁਲਮ ਨਾਲ ਲੜਨ ਲਈ ਸਿੱਖ ਪੰਥ ਦੀ ਸਥਾਪਨਾ ਕੀਤੀ ਗਈ ਸੀ।
ਸਰਬਸੰਮਤੀ ਨਾਲ ਪ੍ਰਤੀਨਿਧ ਸਭਾ ਵੱਲੋਂ ਅਮਰੀਕਾ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਅਤੇ ਸਿੱਖ ਭਾਈਚਾਰੇ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਸਨਮਾਨ ਕਰਨ ਲਈ ‘‘ਰਾਸ਼ਟਰੀ ਸਿੱਖ ਦਿਵਸ’’ ਮਨਾਉਣ ਦਾ ਸਮਰਥਨ ਕੀਤਾ ਗਿਆ ਹੈ। ਅਮਰੀਕਾ ਲਈ ਸਿੱਖ ਕੌਮ ਵੱਲੋਂ ਪਾਏ ਗਏ ਸਦੀਵੀ ਯੋਗਦਾਨ ਦਾ ਸਨਮਾਨ ਕਰਨ ਲਈ ਇਹ ਦਿਨ ਢੁੱਕਵਾਂ ਗਿਣਿਆ ਗਿਆ।
2022-04-01
Comments are closed, but trackbacks and pingbacks are open.