ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਹਰਸ਼ਕੁਮਾਰ ਰਮਨਲਾਲ ਪਟੇਲ (28) ਜਿਸ ਉਪਰ ਇਕ ਗੁਜਰਾਤੀ ਪਰਿਵਾਰ ਦੇ 4 ਜੀਆਂ ਸਮੇਤ ਹੋਰ ਲੋਕਾਂ ਨੂੰ ਕੈਨੇਡਾ ਤੋਂ ਮਿਨੀਸੋਟਾ (ਅਮਰੀਕਾ) ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਦਾਇਰ ਕੀਤੀ ਅਪੀਲ ਵਿਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਗੁਜਰਾਤੀ ਪਰਿਵਾਰ ਜਿਸ ਵਿਚ 2 ਬੱਚੇ ਸ਼ਾਮਿਲ ਸਨ 2022 ਵਿਚ ਕੈਨੇਡਾ-ਅਮਰੀਕਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਉਜਾੜ ਸੇਮ ਵਾਲੇ ਖੇਤਰ ਵਿਚ ਠੰਡ ਕਾਰਨ ਮਾਰਿਆ ਗਿਆ ਸੀ।
ਪਟੇਲ ਨੇ ਟੈਲੀਕਾਨਫਰੰਸ ਰਾਹੀਂ ਯੂ ਐਸ ਮਜਿਸਟ੍ਰੇਟ ਲੀਓ ਬ੍ਰਿਸ਼ਬੋਇਸ ਡੁਲੂਥ, ਮਿਨੀਸੋਟਾ ਦੀ ਅਦਾਲਤ ਵਿਚ ਅਪੀਲ ਦਾਇਰ ਕੀਤੀ ਹੈ। ਪਟੇਲ ਵੱਲੋਂ ਕੀਤਾ ਡਰਾਈਵਰ ਸਟੀਵਨ ਸ਼ੈਂਡ ਵੀ ਦਾਇਰ ਅਪੀਲ ਵਿਚ ਆਪਣੇ ਆਪ ਨੂੰ ਨਿਰਦੋਸ਼ ਕਹਿ ਚੁੱਕਾ ਹੈ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਇਕ ਏਜੰਟ ਅਨੁਸਾਰ ਪਟੇਲ ਨੂੰ ਭਾਰਤ ਵਿਚਲੇ ਅਮਰੀਕੀ ਕੌਂਸਲਖਾਨੇ ਵੱਲੋਂ 4 ਵਾਰ ਤੇ ਓਟਾਵਾ,ਕੈਨੇਡਾ ਵਿਚਲੇ ਅਮਰੀਕੀ ਕੌਂਸਲਖਾਨੇ ਵੱਲੋਂ ਇਕ ਵਾਰ ਅਮਰੀਕਾ ਦਾ ਵੀਜਾ ਦੇਣ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਉਹ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਹੈ।
ਅਦਾਲਤੀ ਦਸਤਾਵਜਾਂ ਅਨੁਸਾਰ ਪਟੇਲ ਦਾ ਭਾਰਤੀ ਰਾਜ ਗੁਜਰਾਤ ਦੇ ਇਕ ਮਨੁੱਖੀ ਤਸਕਰੀ ਗਰੁੱਪ ਨਾਲ ਸਬੰਧ ਹੈ। ਇਹ ਗਰੁੱਪ ਕਥਿੱਤ ਤੌਰ ‘ਤੇ ਭਾਰਤੀਆਂ ਨੂੰ ਵਿਦਿਆਰਥੀ ਵੀਜੇ ਉਪਰ ਕੈਨੇਡਾ ਦਾਖਲ ਕਰਵਾਉਂਦਾ ਹੈ ਤੇ ਬਾਅਦ ਵਿਚ ਅਮਰੀਕਾ ਵਿਚ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਕੰਮ ਬਦਲੇ ਉਹ ਮੋਟੀ ਰਕਮ ਵਸੂਲਦੇ ਹਨ।
Comments are closed, but trackbacks and pingbacks are open.