ਅਮਰੀਕਾ ਵਿਚ ਭਾਰਤੀ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਕਮਰਾ ਕਿਰਾਏ ‘ਤੇ ਲੈਣ ਦੇ ਮੁੱਦੇ ‘ਤੇ ਹੋਏ ਝਗੜੇ ਉਪਰੰਤ ਵਾਪਰੀ ਘਟਨਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਸ਼ਹਿਰ ਸ਼ੈਫਫੀਲਡ (ਅਲਾਬਾਮਾ) ਵਿਚ ਇਕ 76 ਸਾਲਾ ਭਾਰਤੀ ਮੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪ੍ਰਾਪਤ ਵੇਰਵੇ ਅਨੁਸਾਰ ਹਿਲਕਰੈਸਟ ਮੋਟਲ ਦੇ ਮਾਲਕ ਭਾਰਤੀ -ਅਮਰੀਕੀ ਪ੍ਰਾਵੀਨ ਰਾਓਜੀਭਾਈ ਪਟੇਲ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸ਼ੱਕੀ 34 ਸਾਲਾ ਵਿਲੀਅਮ ਜੈਰਮੀ ਮੂਰ ਨੂੰ ਗ੍ਰਿਫਤਾਰ ਕੀਤਾ ਹੈ।

ਸ਼ੈਫਫੀਲਡ ਪੁਲਿਸ ਮੁਖੀ ਰਿਕੀ ਟੈਰੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਮੂਰ ਨੂੰ ਘਟਨਾ ਦੇ ਕੁਝ ਸਮੇ ਬਾਅਦ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਇਕ ਲਾਵਾਰਸ ਘਰ ਵਿਚ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਂਚਕਾਰਾਂ ਅਨੁਸਾਰ ਮੂਰ ਮੋਟਲ ਵਿਚ ਕਮਰਾ ਕਿਰਾਏ ‘ਤੇ ਲੈਣਾ ਚਹੁੰਦਾ ਸੀ ਜਿਸ ਨੂੰ ਲੈ ਕੇ ਪਟੇਲ ਨਾਲ ਹੋਏ ਝਗੜੇ ਉਪਰੰਤ ਮੂਰ ਨੇ ਆਪਣੀ ਗੰਨ ਨਾਲ ਬਜੁਰਗ ਪਟੇਲ ਨੂੰ ਗੋਲੀ ਮਾਰ ਦਿੱਤੀ।

ਟੈਰੀ ਨੇ ਕਿਹਾ ਕਿ ਹੱਤਿਆ ਲਈ ਵਰਤੀ ਗੰਨ ਮੂਰ ਦੇ ਕਬਜੇ ਵਿਚੋਂ ਬਰਾਮਦ ਕਰ ਲਈ ਹੈ। ਪੁਲਿਸ ਮੁਖੀ ਨੇ ਕਿਹਾ ਕਿ ਸ਼ੱਕੀ ਮੂਰ ਨੂੰ ਇਸ ਸਮੇ ਸ਼ੈਫਫੀਲਡ ਸਿਟੀ ਜੇਲ ਵਿਚ ਰਖਿਆ ਗਿਆ ਹੈ ਤੇ ਵਾਰੰਟ ਜਾਰੀ ਹੋਣ ਉਪਰੰਤ ਉਸ ਨੂੰ ਕੋਲਬਰਟ ਕਾਊਂਟੀ ਜੇਲ ਵਿਚ ਲਿਜਾਇਆ ਜਾਵੇਗਾ।

Comments are closed, but trackbacks and pingbacks are open.