ਪਟੇਲ ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਸ਼ਿਕਾਗੋ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਤਕਰੀਬਨ 3 ਸਾਲ ਪਹਿਲਾਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਅਮਰੀਕਾ-ਕੈਨੇਡਾ ਸਰਹੱਦ ਨੇੜੇ ਗੁਜਰਾਤੀ ਪਰਿਵਾਰ ਦੇ 4 ਜੀਆਂ ਦੀਆਂ ਹੋਈਆਂ ਦੁੱਖਦਾਈ ਮੌਤਾਂ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਹਰਸ਼ਕੁਮਾਰ ਰਮਨਲਾਲ ਪਟੇਲ (29) ਤੇ ਉਸ ਦੇ ਕਥਿੱਤ ਸਹਿਯੋਗੀ ਸਟੀਵ ਚਾਡ (50) ਵਿਰੁੱਧ ਫਰਗਸ ਫਾਲਜ, ਮਿਨੀਸੋਟਾ ਦੀ ਅਦਾਲਤ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਇਨਾਂ ਦੋਨਾਂ ਵਿਰੁੱਧ ਮਾਨਵੀ ਤਸਕਰੀ ਨੈੱਟਵਰਕ ਚਲਾਉਣ ਦੇ ਦੋਸ਼ ਲਾਏ ਗਏ ਹਨ। ਇਹ ਬਹੁਤ ਹੀ ਦੁੱਖਦਾਈ ਘਟਨਾ 19 ਜਨਵਰੀ, 2022 ਨੂੰ ਉਸ ਵੇਲੇ ਚਰਚਾ ਵਿਚ ਆਈ ਸੀ ਜਦੋਂ ਕੈਨੇਡੀਅਨ ਅਧਿਕਾਰੀਆਂ ਨੇ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ (37), ਉਨਾਂ ਦੀ ਧੀ ਵਿਸ਼ਾਂਗੀ (11) ਤੇ ਪੁੱਤਰ ਧਰਮਿਕ (3 ਸਾਲ) ਦੀਆਂ ਬਰਫ਼ ਵਿਚ ਜੰਮੀਆਂ ਲਾਸ਼ਾਂ ਐਮਰਸਨ, ਮੈਨੀਟੋਬਾ ਨੇੜੇ ਬਰਾਮਦ ਕੀਤੀਆਂ ਸਨ। ਇਸ ਪਰਿਵਾਰ ਦੀ ਯਾਤਰਾ ਦਾ ਦੁੱਖਦਾਈ ਅੰਤ ਅਮਰੀਕੀ ਸਰਹੱਦ ਤੋਂ ਕੁਝ ਹੀ ਗਜ ਦੂਰ ਮਨਫ਼ੀ ਤਾਪਮਾਨ ਵਿਚ ਹਾਇਪੋਥਰਮੀਆ ਕਾਰਨ ਹੋਇਆ ਸੀ।
ਇਸਤਗਾਸਾ ਪੱਖ ਅਨੁਸਾਰ ਭਾਰਤੀ ਨਾਗਰਿਕ ਹਰਸ਼ਕੁਮਾਰ ਪਟੇਲ ਭਾਰਤ ਵਿਚ ਮਾਨਵੀ ਤਸਕਰੀ ਦਾ ਕਾਰੋਬਾਰ ਚਲਾਉਂਦਾ ਸੀ । ਉਹ ਵਿਦਿਆਰਥੀਆਂ ਲਈ ਕੈਨੇਡਾ ਦੇ ਵੀਜ਼ਿਆਂ ਦਾ ਪ੍ਰਬੰਧ ਕਰਦਾ ਸੀ ਤੇ ਬਾਅਦ ਵਿਚ ਉਨਾਂ ਨੂੰ ਅਮਰੀਕਾ ਵਿਚ ਦਾਖਲ ਕਰਵਾਉਂਦਾ ਸੀ ਜਦ ਕਿ ਫਲੋਰਿਡਾ ਵਾਸੀ ਸਟੀਵ ਚਾਡ ਟਰਾਂਸੋਪਰਟਰ ਵਜੋਂ ਕੰਮ ਕਰਦਾ ਸੀ ਤੇ ਸਰਹੱਦ ਪਾਰ ਬਰਫ਼ੀਲੇ ਖੇਤਰ ਵਿਚ 5 ਗੇੜਿਆਂ ਦੇ 25000 ਡਾਲਰ ਲੈਂਦਾ ਸੀ।
ਮਾਮਲੇ ਦੀ ਸੁਣਵਾਈ ਯੂ ਐਸ ਡਿਸਟ੍ਰਿਕਟ ਜੱਜ ਜੌਹਨ ਟੁਨਹੀਮ ਦੀ ਅਦਾਲਤ ਵਿਚ ਸ਼ੁਰੂ ਹੋਈ ਹੈ ਜੋ ਲਗਾਤਾਰ ਹੋਵੇਗੀ ਤੇ ਜਿਸ ਦੇ ਛੇਤੀ ਮੁਕੰਮਲ ਹੋ ਜਾਣ ਦੀ ਆਸ ਹੈ। ਪਟੇਲ ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਸ਼ਿਕਾਗੋ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਵਿਰੁੱਧ ਸਾਜ਼ਿਸ਼ ਰਚਣ ਤੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਕਰਵਾਉਣ ਦੇ ਦੋਸ਼ ਲਾਏ ਗਏ ਹਨ।
ਉਸ ਦੇ ਵਕੀਲ ਥਾਮਸ ਲੀਨੈਨਵੈਬਰ ਨੇ ਪਟੇਲ ਨੂੰ ਨਿਰਦੋਸ਼ ਦਸਦਿਆਂ ਕਿਹਾ ਹੈ ਕਿ ਉਸ ਨੂੰ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ਼ ਹੈ ਤੇ ਸੁਣਵਾਈ ਦੌਰਾਨ ਸੱਚ ਸਾਹਮਣੇ ਆਵੇਗਾ। ਚਾਡ ਨੂੰ ਪਟੇਲ ਪਰਿਵਾਰ ਦੀਆਂ ਲਾਸ਼ਾਂ ਮਿਲਣ ਵਾਲੇ ਦਿਨ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਸਰਹੱਦ ਨੇੜੇ ਇਕ ਵੈਨ ਵਿਚ ਬਿਨਾਂ ਦਸਤਾਵੇਜ਼ 2 ਪ੍ਰਵਾਸੀਆਂ ਨੂੰ ਲਿਜਾ ਰਿਹਾ ਸੀ।
Comments are closed, but trackbacks and pingbacks are open.