ਗਲਾਸਗੋ ਵਿਖੇ ਬ੍ਰਿਟਿਸ਼ ਭਾਰਤੀ ਫੌਜੀ ਸ਼ਹੀਦਾਂ ਲਈ ਸਕਾਟਲੈਂਡ ਦੇ ਪਹਿਲੇ ਯੁੱਧ ਸਮਾਰਕ ਦੀ ਉਸਾਰੀ ਸ਼ੁਰੂ

ਇਹ ਸਮਾਰਕ ਗਰਮੀਆਂ 2026 ਤੱਕ ਤਿਆਰ ਹੋ ਜਾਵੇਗਾ।

ਗਲਾਸਗੋ, (ਹਰਜੀਤ  ਦੁਸਾਂਝ ਪੁਆਦੜਾ) – ਭਾਰਤੀ ਫੌਜ ਦੇ 40 ਲੱਖ ਤੋਂ ਵੱਧ ਸੈਨਿਕਾਂ ਨੇ ਦੋਵੇਂ ਵਿਸ਼ਵ ਯੁੱਧਾਂ ਵਿੱਚ ਬਰਤਾਨੀਆ ਲਈ ਲੜਾਈ ਲੜੀ। ਬ੍ਰਿਟਿਸ਼ ਭਾਰਤੀ ਫੌਜ ਲਈ ਸਕਾਟਲੈਂਡ ਦੀ ਪਹਿਲੀ ਯਾਦਗਾਰ ਦੇ ਸਮਾਰਕ ਦੀ ਉਸਾਰੀ ਦੇ ਪਹਿਲੇ ਪੜਾਅ ਦਾ ਕੰਮ ਗਲਾਸਗੋ ਦੇ ਕੈਲਵਿੰਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ ਦੇ ਮੈਦਾਨ ਵਿੱਚ ਸ਼ੁਰੂ ਹੋ ਗਿਆ ਹੈ।

ਇਸ ਵਿੱਚ ਥੰਮ੍ਹਾਂ ਉੱਤੇ ਇੱਕ ਗੁੰਬਦ ਵਰਗੀ ਬਣਤਰ ਹੋਵੇਗੀ ਜਿਸਦੇ ਆਲੇ-ਦੁਆਲੇ ਬੈਠਣ ਲਈ ਜਗ੍ਹਾ ਹੋਵੇਗੀ, ਜੋ ਕਿ ਕੈਲਵਿੰਗਰੋਵ ਆਰਟ ਗੈਲਰੀ ਦੀ ਇਮਾਰਤ ਵਾਂਗ ਲਾਲ  ਪੱਥਰ ਦੇ ਰੰਗ ਦੀ ਹੋਵੇਗੀ। ਇਸ ਦਾ ਉਦੇਸ਼ ਸਕਾਟਲੈਂਡ ਵਿੱਚ ਦੱਖਣੀ ਏਸ਼ੀਆਈ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ,  ਜਿਹਨਾਂ ਵਿੱਚ  ਸਿੱਖ, ਮੁਸਲਮਾਨ, ਹਿੰਦੂ, ਗੋਰਖੇ ਆਦਿ ਫੌਜੀਆਂ ਦੀ ਯਾਦ ਨੂੰ ਸੰਭਾਲਣਾ ਹੈ ਜੋ ਕਿ ਦੁਨੀਆ ਵਿੱਚ ਬ੍ਰਿਟੇਨ ਲਈ ਲੜੇ ਸਨ।

ਇਹ ਯਾਦਗਾਰ ਅਤੇ ਅਜਾਇਬ ਘਰ ਪ੍ਰਦਰਸ਼ਨੀ  ਵਿੱਚ ਦੱਖਣੀ ਏਸ਼ੀਆਈ  ਵਿਰਾਸਤ ਦੇ ਸੈਨਿਕਾਂ, ਜਿਵੇਂ ਕਿ ਨਾਇਕ ਗਿਆਨ ਸਿੰਘ, ਜੋ ਕਿ ਬਰਮਾ ਦੀ ਲੜਾਈ ਨੂੰ ਫ਼ਤਿਹ ਕਰਕੇ ਪਰਤੇ ਸਨ ਅਤੇ ਉਨ੍ਹਾਂ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਦੀ ਬਹਾਦਰੀ ਲਈ ਬਰਤਾਨੀਆ ਸਰਵਉੱਚ ਸਨਮਾਨ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ, ਉਨ੍ਹਾਂ ਦਾ ਮੈਡਲ ਵੀ ਅਜਾਇਬ ਘਰ ਵਿੱਚ ਸੈਲਾਨੀਆਂ ਦੇ ਦੇਖਣ ਲਈ ਰੱਖਿਆ ਗਿਆ ਹੈ। ਇਹ ਸਮਾਰਕ ਗਰਮੀਆਂ 2026 ਤੱਕ ਤਿਆਰ ਹੋ ਜਾਵੇਗਾ।

Comments are closed, but trackbacks and pingbacks are open.