ਇਸ ਹਾਦਸੇ ਵਿੱਚ 44 ਸਾਲਾ ਫਿਲਿਪ ਮਾਸਟਰੋਪੋਲੋ ਦੀ ਮੌਤ ਹੋ ਗਈ ਸੀ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਭਾਰਤ ਨੇ ਦੋ ਦਹਾਕੇ ਪਹਿਲਾਂ ਨਿਊਯਾਰਕ ਵਿੱਚ ਵਾਪਰੇ ਇਕ ਸੜਕ ਹਾਦਸੇ ਜਿਸ ਵਿੱਚ ਇਕ ਮੌਤ ਹੋ ਗਈ ਸੀ, ਦੇ ਮਾਮਲੇ ਵਿੱਚ ਭਗੌੜੇ ਗਨੇਸ਼ ਸ਼ੇਨਾਇ (54) ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ ਜਿਥੇ ਉਸ ਨੂੰ ਦੂਸਰਾ ਦਰਜਾ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਯੂ ਐਸ ਮਾਰਸ਼ਲ ਸਰਵਿਸ ਸ਼ੇਨਾਇ ਨੂੰ ਮੁੰਬਈ ਤੋਂ ਹਿਰਾਸਤ ਵਿੱਚ ਲੈ ਕੇ ਨਸਾਊ ਕਾਊਂਟੀ, ਨਿਊਯਾਰਕ ਲੈ ਗਈ। ਇਸਤਗਾਸਾ ਦਫਤਰ ਨੇ ਦੱਸਿਆ ਕਿ ਸ਼ੇਨਾਇ ਨੂੰ ਬਿਨਾਂ ਜਮਾਨਤ ਜੇਲ ਵਿੱਚ ਰਖਿਆ ਗਿਆ ਹੈ। ਇਹ ਹਾਦਸਾ ਨਿਊ ਯਾਰਕ ਦੇ ਨੀਮ ਸ਼ਹਿਰੀ ਖੇਤਰ ਹਿਕਸਵਿਲੇ ਵਿੱਚ 2005 ਵਿੱਚ ਵਾਪਰਿਆ ਸੀ ਜਦੋਂ ਸ਼ੇਨਾਇ ਨੇ ਕਥਿੱਤ ਤੌਰ ‘ਤੇ ਨਿਰਧਾਰਤ ਰਫਤਾਰ ਹੱਦ ਤੋਂ ਦੋ ਗੁਣਾਂ ਵਧ ਰਫਤਾਰ ‘ਤੇ ਆਪਣੀ ਕਾਰ ਚਲਾਉਂਦਿਆਂ ਇਕ ਹੋਰ ਕਾਰ ਵਿੱਚ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 44 ਸਾਲਾ ਫਿਲਿਪ ਮਾਸਟਰੋਪੋਲੋ ਦੀ ਮੌਤ ਹੋ ਗਈ ਸੀ ਜੋ ਉਸ ਸਮੇ ਕੰਮ ‘ਤੇ ਜਾ ਰਿਹਾ ਸੀ। ਹਾਦਸੇ ਤੋਂ 14 ਦਿਨਾਂ ਬਾਅਦ ਉਹ ਅਮਰੀਕੀ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਨਿਊ ਯਾਰਕ ਤੋਂ ਮੁੰਬਈ ਆ ਗਿਆ ਸੀ। ਉਸ ਵਿਰੁੱਧ ਅਗਸਤ 2005 ਵਿੱਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਸਨ ਤੇ ਉਸ ਦੀ ਗ੍ਰਿਫਤਾਰੀ ਲਈ ਇੰਟਰਪੋਲ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
Comments are closed, but trackbacks and pingbacks are open.