114 ਸਾਲਾਂ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ

ਲੰਬੀਆਂ ਦੌੜਾਂ ਵਿੱਚ ਸ਼ਮੂਲੀਅਤ ਕਰਕੇ ਨਾਮਣਾ ਖੱਟਿਆ

ਲੰਡਨ – 114 ਸਾਲਾਂ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹਾਲਾਤ ਵਿੱਚ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਾ ਸਕੇ।

ਫੌਜਾ ਸਿੰਘ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਮੰਨੇ ਜਾਂਦੇ ਸਨ। ਫੌਜਾ ਸਿੰਘ ਨੇ 2000 ਵਿੱਚ ਮੈਰਾਥਨ ਦੌੜ ਦਾ ਸਫ਼ਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਉਹ 8 ਦੌੜਾਂ ਵਿੱਚ ਸ਼ਾਮਿਲ ਹੋਏ ਸੀ। 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਭਾਗ ਲੈ ਕੇ ਉਹਨਾਂ ਨੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਲ ਕੀਤਾ ਪਰ ਉਹਨਾਂ ਦਾ ਨਾਮ ਗਿਨੀਜ਼ ਬੁੱਕ ਵਿੱਚ ਸ਼ਾਮਿਲ ਨਹੀਂ ਹੋ ਸਕਿਆ, ਕਿਉਕਿ ਉਹਨਾਂ ਕੋਲ ਆਪਣਾ ਜਨਮ ਸਰਟੀਫ਼ਿਕੇਟ ਨਹੀਂ ਸੀ।

2012 ਵਿੱਚ ਉਹਨਾਂ ਨੇ ਲੰਡਨ ਮੈਰਾਥਨ ਵਿੱਚ ਵੀ ਦੌੜ ਲਗਾਈ ਅਤੇ 20 ਕਿਲੋਮੀਟਰ ਦੀ ਦੌੜ ਪੂਰੀ ਕੀਤੀ ਅਤੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। 2013 ਵਿੱਚ ਫੌਜਾ ਸਿੰਘ ਨੇ ਆਖ਼ਰੀ ਵਾਰ ਹਾਂਗਕਾਂਗ ਮੈਰਾਥਨ ਵਿੱਚ ਪੇਸ਼ਾਵਰ ਤੌਰ ’ਤੇ ਭਾਗ ਲਿਆ, ਜਦੋਂ ਉਹ 101 ਸਾਲਾਂ ਦੇ ਸਨ। ਜਦੋਂ ਫੌਜਾ ਸਿੰਘ 89 ਸਾਲਾਂ ਦੇ ਸਨ ਤਾਂ ਉਹਨਾਂ ਦੀ ਪਤਨੀ ਅਤੇ ਬੱਚੇ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਅਤੇ ਉਹ ਤਣਾਅ ਵਿੱਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਹਨਾਂ ਨੇ ਮੈਰਾਥਨ ਦੌੜਨ ਦਾ ਫ਼ੈਸਲਾ ਕੀਤਾ। ਜਿਸ ਵਿੱਚ ਇਲਵਰਡ ਦੇ ਸਮਾਜ ਸੇਵਕ ਅਤੇ ਕੋਚ ਹਰਮੰਦਰ ਸਿੰਘ ਨੇ ਉਨ੍ਹਾਂ ਨੂੰ ਟਰੇਨਿੰਗ ਦਿੱਤੀ ਸੀ ਅਤੇ ਬਾਬਾ ਫੌਜਾ ਸਿੰਘ ਨੂੰ ਅਥਲੀਟ ਬੂਟ ਬਣਾਉਣ ਵਾਲੀ ਕੰਪਣੀ ‘‘ਐਡੀਡਾਸ’’ ਨੇ ਉਨ੍ਹਾਂ ਨੂੰ ਆਪਣੀ ਕੰਪਣੀ ਦਾ ਬਰਾਂਡ ਅੰਬੈਸਡਰ ਵੀ ਬਣਾਇਆ ਸੀ।

ਜ਼ਿਕਰਯੋਗ ਹੈ ਕਿ ਬਾਬਾ ਫੌਜਾ ਸਿੰਘ ਜਲੰਧਰ ਨੇੜਲੇ ਪਿੰਡ ਬਿਆਸ ਦੇ ਜੰਮਪਲ ਸਨ ਅਤੇ ਕਾਫ਼ੀ ਵੱਡੇ ਸਮਾਗਮਾ ਵਿੱਚ ਸਧਾਰਨ ਵਿਅਕਤੀ ਦੇ ਤੌਰ ’ਤੇ ਸ਼ਿਰਕਤ ਕਰਦੇ ਰਹੇ ਸਨ।

Comments are closed, but trackbacks and pingbacks are open.