ਸਾਬਕਾ ਡਿਪਟੀ ਮੇਅਰ ਹਰਲੀਨ ਅਟਵਾਲ ਅਤੇ ਕੌਂਸਲਰ ਵਿਕਰਮ ਗਰੇਵਾਲ ਸਮੇਤ 2 ਹੋਰਾਂ ਨੇ ਲੇਬਰ ਪਾਰਟੀ ਛੱਡੀ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਹੰਸਲੋ ਦੀ ਸਿਆਸਤ ਵਿਗੜਦੀ ਹੀ ਜਾ ਰਹੀ ਹੈ। ਲੇਬਰ ਪਾਰਟੀ ਅੰਦਰ ਖਿਚੋਤਾਣ ਚੱਲ ਰਹੀ ਹੈ। ਬੀਤੇ ਦਿਨੀਂ ਲੇਬਰ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪਾਰਟੀ ਅੰਦਰ ਕਾਟੋਂ ਕਲੇਸ਼ ਵੱਧ ਗਿਆ। ਸਾਬਕਾ ਡਿਪਟੀ ਮੇਅਰ ਹਰਲੀਨ ਅਟਵਾਲ ਹੇਅਰ ਨੇ ਲੇਬਰ ਪਾਰਟੀ ਛੱਡਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਲੇਬਰ ਪਾਰਟੀ ਦੇ ਇੱਕ ਹੋਰ ਕੌਂਸਲਰ ਵਿਕਰਮ ਸਿੰਘ ਗਰੇਵਾਲ ਨੇ ਲੇਬਰ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਕਰਮ ਗਰੇਵਾਲ ਨੂੰ ਪਾਰਟੀ ਨੇ ਅਗਲੀਆਂ ਚੋਣਾਂ ਲਈ ਉਮੀਦਵਾਰ ਵੀ ਐਲਾਨਿਆ ਸੀ। ਇੱਥੇ ਹੀ ਬੱਸ ਨਹੀਂ ਸਿਆਸਤ ਵਿੱਚ ਪੀੜ੍ਹੀ ਦਰ ਪਿੜ੍ਹੀ ਵਿਚਰ ਰਹੇ ਗਰੇਵਾਲ ਹੁਣ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਤੇ ਸਿਆਸੀ ਭਵਿੱਖ ਦੀ ਨਵੀਂ ਰਣਨੀਤੀ ਤਿਆਰ ਕਰਨ ਵਿੱਚ ਸਰਗਰਮ ਹੋ ਗਏ ਹਨ।
ਵਿਕਰਮ ਸਿੰਘ ਗਰੇਵਾਲ ਦੇ ਪਿਤਾ ਦਰਸ਼ਨ ਸਿੰਘ ਗਰੇਵਾਲ ਵੀ ਦਹਾਕਿਆਂ ਤੋਂ ਲੇਬਰ ਪਾਰਟੀ ਵਿੱਚ ਰਹਿ ਕੇ ਕੌਂਸਲਰ, ਮੇਅਰ ਅਤੇ ਹੋਰ ਕਈ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਕੌਂਸਲਰ ਵਿਕਰਮ ਗਰੇਵਾਲ ਨੇ ਆਪਣੀ ਸਾਬਕਾ ਪਾਰਟੀ ’ਤੇ ਕਈ ਕਥਿਤ ਦੋਸ਼ ਲਗਾਏ ਹਨ। ਉਹ 2018 ਵਿੱਚ ਕਰਨੈਫੋਰਡ ਵਾਰਡ ਤੋਂ ਕੌਂਸਲਰ ਚੁਣੇ ਗਏ ਸਨ।
ਇਨ੍ਹਾਂ ਤੋਂ ਇਲਾਵਾ ਕੌਂਸਲਰ ਰਘੁਵਿੰਦਰ ਸਿੱਧੂ, ਕੌਂਸਲਰ ਰਿਆਜ਼ ਗੁੱਲ ਨੇ ਵੀ ਲੇਬਰ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ।


Comments are closed, but trackbacks and pingbacks are open.