ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਘਰ ਵੱਲੋਂ ਗੁਰਪੁਰਬ ਸੰਬੰਧੀ ਨਗਰ ਕੀਰਤਨ

ਹਜ਼ਰਾਂ ਦੀ ਤਾਦਾਦ ਵਿੱਚ ਸਿੱਖ ਸੰਗਤ ਨੇ ਸ਼ਿਰਕਤ ਕੀਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਗੁਰਦੁਆਰਾ ਐਲਬਰਟ ਡਰਾਈਵ ਤੋਂ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਸੁੰਦਰ ਪਾਲਕੀ ਸਾਹਿਬ ਸੇਂਟ ਐਂਡਰਿਉ ਡਰਾਈਵ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂਘਰ ਵੱਲ ਨੂੰ ਚਾਲੇ ਪਾਏ।

ਗੁਰੂਘਰ ਦੇ ਵਜੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਗਗਨਦੀਪ ਸਿੰਘ ਦੇ ਜੱਥੇ ਵੱਲੋਂ ਸਾਰੇ ਰਾਹ ਸ਼ਬਦ ਕੀਰਤਨ ਰਾਹੀਂ ਫਿਜ਼ਾਵਾਂ ਸੰਗੀਤਮਈ ਕਰ ਦਿੱਤੀਆਂ। ਸੰਗਤਾਂ ਵੱਲੋਂ ਕੀਤਾ ਜਾ ਰਿਹਾ ਜਾਪ ਵੱਖਰਾ ਹੀ ਮਾਹੌਲ ਸਿਰਜ ਰਿਹਾ ਸੀ।

ਇਹ ਨਗਰ ਕੀਰਤਨ ਇਸ ਗੱਲੋਂ ਵੀ ਵਿਲੱਖਣ ਸੀ ਕਿ ਪੈਂਡਾ ਬਹੁਤਾ ਜਿਆਦਾ ਨਹੀਂ ਸੀ ਤੇ ਹੋਰਨਾਂ ਸ਼ਹਿਰਾਂ ਵਾਂਗ ਰਸਤਿਆਂ ਦੇ ਪੜਾਵਾਂ ਵਿੱਚ ਸੰਗਤਾਂ ਵੱਲੋਂ ਪਕਵਾਨ ਤਿਆਰ ਨਹੀਂ ਕੀਤੇ ਜਾ ਰਹੇ ਸਨ। ਸਿਰਫ ਤੇ ਸਿਰਫ ਪਹਿਲਾਂ ਤਿਆਰ ਕੀਤੇ ਪਕਵਾਨ ਹੀ ਸੰਗਤ ਨੂੰ ਵਰਤਾਏ ਗਏ ਤਾਂ ਕਿ ਵਿਸਾਖੀ ਨਗਰ ਕੀਰਤਨ ਵੇਲੇ ਸਾਊਥਾਲ ਵਿੱਚ ਵਾਪਰੀ ਘਟਨਾ ਵਾਂਗ ਕੋਈ ਹੋਰ ਘਟਨਾ ਨਾ ਵਾਪਰੇ। ਜਿਉਂ ਹੀ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂਘਰ ਪਹੁੰਚਿਆ ਤਾਂ ਮੁੱਖ ਸੇਵਾਦਾਰ ਕਲਵੰਤ ਸਿੰਘ ਗੌਰਡਨ, ਗਿਆਨੀ ਹਰਪਾਲ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਤੇ ਸੰਗਤ ਨੇ ਨਗਰ ਕੀਰਤਨ ਦਾ ਜੋਸ਼ੀਲਾ ਸਵਾਗਤ ਕੀਤਾ।

ਇਸ ਉਪਰੰਤ ਨਗਰ ਕੀਰਤਨ ਨੇ ਵਾਪਸ ਐਲਬਰਟ ਡਰਾਈਵ ਵੱਲ ਨੂੰ ਚਾਲੇ ਪਾ ਦਿੱਤੇ। ਐਲਬਰਟ ਡਰਾਈਵ ਗੁਰੂਘਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਆਦਿ ਦੇ ਕੀਤੇ ਪ੍ਰਬੰਧ ਦੀ ਸੰਗਤ ਵੱਲੋਂ ਤਾਰੀਫ ਕੀਤੀ ਜਾ ਰਹੀ ਸੀ। ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਜਾਹਰ ਕਰ ਰਹੀ ਸੀ ਕਿ ਕਮੇਟੀ ਵੱਲੋਂ ਝੂਲੇ ਲਗਾਉਣ ਦਾ ਫੈਸਲਾ ਕਿੰਨਾ ਸਹੀ ਸੀ।

ਨੌਜਵਾਨ ਕਾਰੋਬਾਰੀਆਂ ਵੱਲੋਂ ਰਲ ਮਿਲ ਕੇ ਗੁਰੂਘਰ ਦੀ ਹਦੂਦ ਅੰਦਰ ਲਗਾਏ ਲੰਗਰਾਂ ‘ਤੇ ਸੰਗਤ ਦੀ ਰੌਣਕ ਲਗਾਤਾਰ ਬਣੀ ਰਹੀ। ਗੋਲ ਗੱਪਿਆਂ, ਚਾਟ ਪਾਪੜੀ ਤੇ ਦਹੀਂ ਭੱਲਿਆਂ ਦੀ ਸਟਾਲ ‘ਤੇ ਨਵਜੋਤ ਗੋਸਲ, ਲਖਵੀਰ ਸਿੰਘ ਸਿੱਧੂ, ਸੋਢੀ ਬਾਗੜੀ, ਤੇਜਿੰਦਰ ਭੁੱਲਰ, ਤਰਸੇਮ ਕੁਮਾਰ, ਦੁੱਲਾ ਰਾਏ, ਚੰਨੀ ਵਿਰਕ, ਸਾਬੀ, ਦੀਪ ਗਿੱਲ, ਜੱਸਾ ਤੂਰ, ਹਰਪ੍ਰੀਤ ਧਾਲੀਵਾਲ, ਅੰਸ਼ ਪੁੰਜ ਆਦਿ ਸਾਥੀਆਂ ਵੱਲੋਂ ਬਹੁਤ ਹੀ ਤਨਦੇਹੀ ਨਾਲ ਸੇਵਾ ਕਾਰਜ ਨਿਭਾਏ ਗਏ। ਗੁਰੂਘਰ ਦੇ ਮੰਚ ਤੋਂ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ, ਜਨਰਲ ਸਕੱਤਰ ਪ੍ਰਭਜੋਤ ਕੌਰ ਵਿਰ੍ਹੀਆ ਨੇ ਸੰਬੋਧਨ ਕਰਦਿਆਂ ਸਮੂਹ ਸੰਗਤ ਨੂੰ ਗੁਰਪੁਰਬ ਨਗਰ ਕੀਰਤਨ ਦੀ ਹਾਰਦਿਕ ਵਧਾਈ ਪੇਸ਼ ਕੀਤੀ। 

Comments are closed, but trackbacks and pingbacks are open.