ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਦੇਣ ਦੇ ਕੇਸ ਵਿੱਚ ਗਿ੍ਰਫ਼ਤਾਰ

ਵਿਜਿਲੈਂਸ ਵਿਭਾਗ ਦੇ ਇਮਾਨਦਾਰ ਅਫ਼ਸਰ ਮਨਮੋਹਣ ਸ਼ਰਮਾ ਨੇ ਭਿ੍ਰਸ਼ਟ ਨੇਤਾਵਾਂ ਨੂੰ ਸਬਕ ਦੇ ਦਿੱਤਾ

ਵਿਜੀਲੈਂਸ ਬਿਊਰੋ ਪੰਜਾਬ ਨੇ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗਿ੍ਫ਼ਤਾਰ ਕਰ ਲਿਆ ਜਦੋਂ ਉਹ ਵਿਜੀਲੈਂਸ ਬਿਊਰੋ ਦੇ ਇਕ ਸਹਾਇਕ ਇੰਸਪੈਕਟਰ ਜਨਰਲ (ਏ. ਆਈ. ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਸੀ | ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਸਾਬਕਾ ਮੰਤਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਏ. ਆਈ. ਜੀ. ਉਡਣ ਦਸਤਾ, ਪੰਜਾਬ ਮਨਮੋਹਨ ਕੁਮਾਰ ਦੇ ਬਿਆਨਾਂ ‘ਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਐਫ. ਆਈ. ਆਰ. ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਏ. ਆਈ. ਜੀ. ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਸੁੰਦਰ ਸ਼ਾਮ ਅਰੋੜਾ ਨੇ 14 ਅਕਤੂਬਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਵਿਚ ਮਦਦ ਕਰਨ ਲਈ ਉਸ ਨੂੰ ਇਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ | ਵਿਜੀਲੈਂਸ ਬਿਊਰੋ ਦੇ ਮੁਖੀ ਨੇ ਕਿਹਾ ਕਿ ਸਾਬਕਾ ਮੰਤਰੀ ਅਰੋੜਾ ਨੇ ਅਗਲੇ ਦਿਨ 15 ਅਕਤੂਬਰ ਨੂੰ 50 ਲੱਖ ਰੁਪਏ ਮੌਕੇ ‘ਤੇ ਦੇਣ ਅਤੇ ਬਕਾਇਆ ਰਕਮ ਬਾਅਦ ਵਿਚ ਦੇਣ ਦੀ ਗੱਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਏ. ਆਈ. ਜੀ. ਨੇ ਇਸ ਬਾਰੇ ਮੁੱਖ ਡਾਇਰੈਕਟਰ ਨੂੰ ਜਾਣੂ ਕਰਵਾ ਦਿੱਤਾ, ਜਿਨ੍ਹਾਂ ਨੇ ਮੁਲਜ਼ਮ ਸਾਬਕਾ ਮੰਤਰੀ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕਰਨ ਦੇ ਹੁਕਮ ਦਿੱਤੇ | ਮਾਮਲੇ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਰਿਸ਼ਵਤ ਦਿੰਦੇ ਹੋਏ ਗਿ੍ਫ਼ਤਾਰ ਕਰਕੇ ਉਸ ਕੋਲੋਂ 50 ਲੱਖ ਰੁਪਏ ਬਰਾਮਦ ਕੀਤੇ ਗਏ ਹਨ | ਸੁੰਦਰ ਸ਼ਾਮ ਅਰੋੜਾ ਨੂੰ ਸਿਵਲ ਹਸਪਤਾਲ ਮੁਹਾਲੀ ਵਿਖੇ ਮੈਡੀਕਲ ਕਰਵਾਉਣ ਉਪਰੰਤ ਵਿਜੀਲੈਂਸ ਟੀਮ ਵਲੋਂ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਨਣ ਉਪਰੰਤ ਸਾਬਕਾ ਮੰਤਰੀ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ | ਵਿਜੀਲੈਂਸ ਸੁੰਦਰ ਸ਼ਾਮ ਅਰੋੜਾ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ ਕਿ ਇੰਨਾ ਪੈਸਾ ਉਸ ਕੋਲ ਕਿੱਥੋਂ ਆਇਆ ਅਤੇ ਵਿਜੀਲੈਂਸ ਭਿ੍ਸ਼ਟਾਚਾਰ ਮਾਮਲੇ ‘ਚ ਸਾਬਕਾ ਮੰਤਰੀ ਤੋਂ ਹੋਰ ਬਰਾਮਦਗੀਆਂ ਲਈ ਜਾਂਚ ਕਰੇਗੀ | ਜ਼ਿਕਰਯੋਗ ਹੈ ਕਿ ਵਿਜੀਲੈਂਸ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਅੱਜ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਸਾਬਕਾ ਮੰਤਰੀ ਦੇ ਨਾਲ ਨਾਲ ਦੋ ਹੋਰ ਵਿਅਕਤੀ ਵੀ ਵਿਜੀਲੈਂਸ ਦੀ ਰਡਾਰ ‘ਤੇ ਹਨ, ਜਿਨ੍ਹਾਂ ਸੰਬੰਧੀ ਅਜੇ ਜਾਂਚ ਕੀਤੀ ਜਾ ਰਹੀ ਹੈ |

ਪੰਜਾਬ ਵਿਜੀਲੈਂਸ ਨੇ ਸੁੰਦਰ ਸ਼ਾਮ ਅਰੋੜਾ ਨੂੰ ਰਿਸ਼ਵਤ ਕੇਸ਼ ਵਿਚ ਗਿ੍ਫ਼ਤਾਰ ਕੀਤੇ ਜਾਣ ‘ਤੇ ‘ਪੰਜਾਬ ਅਗੈਂਸਟ ਕੁਰੱਪਸ਼ਨ’ ਦੇ ਮੁਖੀ ਸਤਨਾਮ ਸਿੰਘ ਦਾਊ ਨੇ ਕਿਹਾ ਕਿ ਇਹ ਗਿ੍ਫ਼ਤਾਰ ਲੋਕ ਸੰਘਰਸ਼ਾਂ ਅਤੇ ਇਸ ਮਾਮਲੇ ਵਿਚ ਭਗਵੰਤ ਮਾਨ ਸਰਕਾਰ ਵਲੋਂ ਸਾਫ ਨੀਯਤ ਨਾਲ ਕੰਮ ਕਰਨ ਦਾ ਨਤੀਜਾ ਹੈ | ਇਸ ਤੋਂ ਪਹਿਲਾਂ ਸਾਡੀ ਮੰਗ ਨੂੰ ਮੰਨਦਿਆਂ ਅਨੰਦ ਲੈਪ ਮੁਹਾਲੀ (ਫਿਲਿਪਸ ਮੁਹਾਲੀ) ਦੇ ਹਜ਼ਾਰਾਂ ਕਾਮਿਆਂ ਨੂੰ ਬੇਰੁਜ਼ਗਾਰ ਕਰਕੇ 700 ਕਰੋੜ ਰੁਪਏ ਦੇ ਘਪਲੇ ਕਰਕੇ ਕੰਪਨੀ ਦੇ 26 ਏਕੜ ਪਲਾਟ ਨੂੰ ਵੇਚਣ ਖਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਕਰਕੇ ਪੰਜਾਬ ਰਾਜ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਕੁਝ ਅਫ਼ਸਰਾਂ ਖ਼ਿਲਾਫ਼ ਐਲ. ਓ. ਸੀ. ਜਾਰੀ ਕੀਤਾ ਹੈ, ਤਾਂ ਕਿ ਦੋਸ਼ੀ ਦੇਸ਼ ਛੱਡ ਕੇ ਨਾ ਭੱਜ ਸਕਣ | ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਦਾ ਧੰਨਵਾਦ ਕਰਦਿਆਂ ਦਾਊ ਨੇ ਮੰਗ ਕੀਤੀ ਕਿ ਨਿਗਮ ਦੇ ਅਫ਼ਸਰਾਂ, ਡੀਲਰਾਂ ਅਤੇ ਰਾਜਸੀ ਮਾਫੀਏ ਨੇ ਪੂਰੇ ਪੰਜਾਬ ਦੇ ਸੈਂਕੜੇ ਪਲਾਟ ਜਾਅਲੀ ਅਲਾਟਮੈਂਟ ਕਰਕੇ ਵੇਚੇ ਹਨ, ਖ਼ਿਲਾਫ਼ ਵੀ ਤੁਰੰਤ ਕਾਰਵਾਈ ਕੀਤੀ ਜਾਵੇ | ਇਸ ਘਪਲੇ ਦੀ ਦੋ ਵਾਰ ਪਹਿਲਾਂ ਜਾਂਚ ਹੋ ਚੁੱਕੀ ਹੈ ਪਰ ਭਿ੍ਸ਼ਟ ਅਫ਼ਸਰਾਂ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ‘ਤੇ ਕਾਲਪਨਿਕ ਚਿੱਠੀ ਦਾ ਹਵਾਲਾ ਦੇ ਕੇ ਕਾਰਵਾਈ ਰੁਕਵਾ ਲਈ ਸੀ |

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਗਿ੍ਫ਼ਤਾਰੀ ਮਗਰੋਂ ਪਹਿਲਾਂ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਨੂੰ ਵਿਜੀਲੈਂਸ ਦੀ ਟੀਮ ਵਲੋਂ ਅਦਾਲਤ ਵਿਖੇ ਪੇਸ਼ ਕੀਤਾ ਗਿਆ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੈਨੂੰ ਅਦਾਲਤ ‘ਤੇ ਪੂਰਾ ਯਕੀਨ ਹੈ ਅਤੇ ਸਭ ਕੁਝ ਠੀਕ ਹੋ ਜਾਵੇਗਾ |

50 ਲੱਖ ਰੁਪਏ ਕਥਿਤ ਰਿਸ਼ਵਤ ਦੇਣ ਦੇ ਦੋਸ਼ ‘ਚ ਜ਼ੀਰਕਪੁਰ ‘ਚ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੋਈ ਗਿ੍ਫ਼ਤਾਰੀ ਤੋਂ ਬਾਅਦ ਬੀਤੀ ਦੇਰ ਰਾਤ ਵਿਜੀਲੈਂਸ ਦੀ ਟੀਮ ਵਲੋਂ ਡੀ.ਐਸ.ਪੀ. ਮੁਨੀਸ਼ ਸ਼ਰਮਾ ਦੀ ਅਗਵਾਈ ‘ਚ ਅਰੋੜਾ ਦੇ ਹੁਸ਼ਿਆਰਪੁਰ ਵਿਖੇ ਸਥਿਤ ਘਰ ‘ਚ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਵਿਜੀਲੈਂਸ ਟੀਮ ਕੁਝ ਛਾਣਬੀਣ ਕਰਨ ਤੋਂ ਬਾਅਦ ਤਾਲਾਬੰਦ ਘਰ ਦੀ ਚਾਬੀ ਲੈ ਕੇ ਵਾਪਸ ਚਲੀ ਗਈ | ਸੂਤਰਾਂ ਅਨੁਸਾਰ ਐਤਵਾਰ ਦੁਪਹਿਰ ਵੀ ਵਿਜੀਲੈਂਸ ਦੀ ਟੀਮ ਨੇ ਅਰੋੜਾ ਦੇ ਘਰ ‘ਚ ਛਾਪੇਮਾਰੀ ਕੀਤੀ | ਟੀਮ ਨੇ ਕੁਝ ਕਾਗ਼ਜ਼ਾਤ ਆਪਣੇ ਕਬਜ਼ੇ ‘ਚ ਲਏ | ਦੱਸਿਆ ਜਾਂਦਾ ਹੈ ਕਿ ਛਾਪੇਮਾਰੀ ਕਰਨ ਪਹੁੰਚੀ ਟੀਮ ਨੂੰ ਕੁਝ ਖ਼ਾਸ ਹਾਸਲ ਨਹੀਂ ਹੋ ਸਕਿਆ | ਡੀ.ਐਸ.ਪੀ. ਮੁਨੀਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਉਨ੍ਹਾਂ ਨਾਲ ਇਸ ਸੰਬੰਧੀ ਗੱਲ ਕੀਤੀ ਜਾਵੇ ਪਰ ਇਸ ਤੋਂ ਬਾਅਦ ਕਾਫ਼ੀ ਲੰਮਾ ਸਮਾਂ ਯਤਨ ਕਰਨ ਦੇ ਬਾਵਜੂਦ ਉਨ੍ਹਾਂ ਦਾ ਫ਼ੋਨ ਨਹੀਂ ਮਿਲਿਆ |

Comments are closed, but trackbacks and pingbacks are open.