ਵਿਸ਼ਵ ਪ੍ਰਸਿੱਧ ਗਾਇਕ ਅਤੇ ਅਭਿਨੇਤਾ ਗੁਰਦਾਸ ਮਾਨ ਦਾ ਵਰਲਡ ਕੈਂਸਰ ਕੇਅਰ ਯੂ.ਕੇ ਵਲੋਂ ਗੋਲਡ ਮੈਡਲ ਨਾਲ ਸਨਮਾਨ

ਟੂਰ ਦਾ ਅਖ਼ੀਰਲਾ ਸ਼ੋਅ ਵੈਂਬਲੇ ਲੰਡਨ ਵਿਖੇ 13 ਜੁਲਾਈ ਨੂੰ

ਬ੍ਰਮਿੰਘਮ – ਲੰਬੇ ਸਮੇਂ ਬਾਅਦ ਇੰਗਲੈਂਡ ਟੂਰ ’ਤੇ ਪਹੁੰਚੇ ਵਿਸ਼ਵ ਪ੍ਰਸਿੱਧ ਗਾਇਕ ਅਤੇ ਅਭਿਨੇਤਾ ਗੁਰਦਾਸ ਮਾਨ ਦਾ ਵਰਲਡ ਕੈਂਸਰ ਕੇਅਰ ਯੂ.ਕੇ ਵਲੋਂ ਸੋਨੇ ਦੇ ਤਮਗੇ ਨਾਲ ਸਨਮਾਨ ਕੀਤਾ ਗਿਆ।

ਵਰਲਡ ਕੈਂਸਰ ਕੇਅਰ ਯੂ.ਕੇ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸ਼ਾਮਿਲ ਡਾਕਟਰ ਜਸਵੰਤ ਸਿੰਘ ਗਰੇਵਾਲ, ਮੈਂਬਰ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ, ਨਾਨਕ ਸਿੰਘ ਟਾਂਡੀ ਅਤੇ ਗੁਰਪ੍ਰੀਤ ਸਿੰਘ ਟਾਂਡੀ ਵਲੋਂ ਗੁਰਦਾਸ ਮਾਨ ਦਾ ਸਨਮਾਨ ਉਨ੍ਹਾਂ ਵਲੋਂ ਪਿਛਲੇ 5 ਦਹਾਕੇ ਤੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਬਦਲੇ ਦਿੱਤਾ ਗਿਆ ਹੈ।

ਗੁਰਦਾਸ ਮਾਨ ਜਿਨ੍ਹਾਂ ਨੇ ਪੰਜਾਬੀਆਂ ਦੀ ਝੋਲੀ ਵਿੱਚ ਅਣਗਿਣਤ ਮਿਆਰੀ ਗੀਤ ਪਾਏ ਅਤੇ ਪੰਜਾਬੀ ਦੀਆਂ ਚੋਟੀ ਦੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ, ਜੁਲਾਈ ਮਹੀਨੇ ਇੰਗਲੈਂਡ ਟੂਰ ’ਤੇ ਆਏ ਹੋਏ ਹਨ ਜਿਸ ਦੌਰਾਨ ਉਨ੍ਹਾਂ ਨੇ 5 ਜੁਲਾਈ ਨੂੰ ਲੈਸਟਰ, 9 ਜੁਲਾਈ ਨੂੰ ਮਾਨਚੈਸਟਰ, 11 ਜੁਲਾਈ ਨੂੰ ਬ੍ਰਮਿੰਘਮ ਵਿਖੇ ਸਰੋਤਿਆਂ ਨੂੰ ਬਾਕਮਾਲ ਗਾਇਕੀ ਅਤੇ ਸ਼ਾਇਰੀ ਨਾਲ ਸਰਸ਼ਾਰ ਕੀਤਾ। ਐਤਵਾਰ 13 ਜੁਲਾਈ ਨੂੰ ਉਨ੍ਹਾਂ ਦੇ ਲੰਡਨ ਵੈਂਬਲੇ ਵਿਖੇ ਅਖ਼ੀਰਲੇ ਸ਼ੋਅ ਲਈ ਸਰੋਤੇ ਯੂਰਪ ਭਰ ਵਿਚੋਂ ਇਕੱਠੇ ਹੋ ਰਹੇ ਹਨ।

ਇਸ ਟੂਰ ਦੇ ਪ੍ਰਬੰਧਕ ਅਸ਼ੋਰ ਵਲੋਂ ਗੁਰਦਾਸ ਮਾਨ ਦੇ ਸਨਮਾਨ ਲਈ ਵਰਲਡ ਕੈਂਸਰ ਕੇਅਰ ਯੂ.ਕੇ ਦੇ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Comments are closed, but trackbacks and pingbacks are open.