ਲੰਡਨ ਵਿੱਚ ਲੇਬਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ਬਰਦਸਤ ਰੈਲੀ

ਢਾਈ ਲੱਖ ਤੋਂ ਵੱਧ ਲੋਕਾਂ ਨੇ ਲੰਡਨ ਦੀਆਂ ਸੜਕਾਂ ਹਿਲਾ ਦਿੱਤੀਆਂ

ਲੰਡਨ – ਇੱਥੇ ਬੀਤੇ ਸ਼ਨੀਵਾਰ ਲੇਬਰ ਸਰਕਾਰ ਨੂੰ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ ਜਦ ਲੱਖਾਂ ਲੋਕ ਸਰਕਾਰ ਦੀ ਇਮੀਗ੍ਰੇਸ਼ਨ ਪਾਲਿਸੀਆਂ ਖਿਲਾਫ਼ ਲੰਡਨ ਦੀਆਂ ਸੜਕਾਂ ’ਤੇ ਉਤਰ ਆਏ ਅਤੇ ਜ਼ਬਰਦਸਤ ਰੈਲੀ ਕੱਢੀ।

ਲੰਡਨ ’ਚ ਸ਼ਨੀਵਾਰ ਨੂੰ ਢਾਈ ਲੱਖ ਤੋਂ ਵੀ ਵੱਧ ਲੋਕਾਂ ਨੇ ‘ਯੂਨਾਈਟ ਦਿ ਕਿੰਗਡਮ’ ਨਾਂ ਦੀ ਰੈਲੀ ਕੱਢੀ, ਜਿਸ ਦੀ ਅਗਵਾਈ ਐਂਟੀ ਇਮੀਗ੍ਰੇਸ਼ਨ ਦੇ ਨੇਤਾ ਟਾਮੀ ਰੌਬਿਨਸਨ ਨੇ ਕੀਤੀ, ਜੋ ਕਿ ਬਿ੍ਰਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਪਰ ਵਿਵਾਦਪੂਰਨ ਸੱਜੇ-ਪੱਖੀ ਨੇਤਾਵਾਂ ਵਿੱਚੋਂ ਇੱਕ ਹੈ। ਉਸ ਦਾ ਅਸਲੀ ਨਾਮ ਸਟੀਵਨ ਕਿ੍ਰਸਟੋਫਰ ਯੈਕਸਲੇ-ਲੈਨਨ ਹੈ। ਉਹ ਮੁੱਖ ਤੌਰ ’ਤੇ ਆਪਣੀਆਂ ਇਮੀਗ੍ਰੇਸ਼ਨ ਵਿਰੋਧੀ ਅਤੇ ਇਸਲਾਮ ਵਿਰੋਧੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇਸ ਰੈਲੀ ਦੇ ਦੌਰਾਨ ਹੀ ਲੰਡਨ ਦੇ ਵ੍ਹਾਈਟ ਹਾਲ ਵਿਖੇ ‘ਸਟੈਂਡ ਅਪ ਟੂ ਰੇਸਿਜ਼ਮ’ ਪ੍ਰਦਰਸ਼ਨ ਚੱਲ ਰਿਹਾ ਸੀ, ਜਿਸ ’ਚ 15000 ਦੇ ਕਰੀਬ ਲੋਕ ਸ਼ਾਮਿਲ ਸਨ।

ਇਸ ਦੌਰਾਨ ਪ੍ਰਦਰਸ਼ਨਕਾਰੀ ਹੱਥਾਂ ’ਚ ‘ਸਾਡਾ ਦੇਸ਼ ਸਾਨੂੰ ਵਾਪਸ ਕਰੋ’ ਤੇ ‘ਯੂਨਾਈਟ ਦਿ ਕਿੰਗਡਮ’ ਦੇ ਸਲੋਗਨਾਂ ਵਾਲੇ ਪੋਸਟਰ ਦੇ ਝੰਡੇ ਫੜ੍ਹੇ ਦੇਖੇ ਗਏ। ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ‘ਯੂਨਾਈਟ ਦਿ ਕਿੰਗਡਮ’ ਰੈਲੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਕਾਰਨ ਕਈ ਪੁਲਿਸ ਵਾਲੇ ਤੇ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਹਿੰਸਾ ’ਚ ਸ਼ਾਮਿਲ ਕਈ ਲੋਕਾਂ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਪ੍ਰਦਰਸ਼ਨਕਾਰੀ ਬਿ੍ਰਟੇਨ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਇਕੱਠੇ ਹੋ ਕੇ ਆਵਾਜ਼ ਉਠਾ ਰਹੇ ਹਨ। ਉਹ ਕਹਿ ਰਹੇ ਹਨ ਕਿ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ, ਤਾਂ ਜੋ ਦੇਸ਼ ਦੀ ਹਾਲਤ ਠੀਕ ਹੋ ਸਕੇ। ਇਕ ਰਿਪੋਰਟ ਅਨੁਸਾਰ ਸਾਲ 2025 ’ਚ ਹੁਣ ਤੱਕ 28 ਹਜ਼ਾਰ ਤੋਂ ਵੱਧ ਪ੍ਰਵਾਸੀ ਇੰਗਲਿਸ਼ ਚੈਨਲ ਪਾਰ ਕਰ ਕੇ ਕਿਸ਼ਤੀਆਂ ਰਾਹੀਂ ਬਿ੍ਰਟੇਨ ’ਚ ਦਾਖਲ ਹੋ ਚੁੱਕੇ ਹਨ। ਇਸੇ ਦੌਰਾਨ ਹਾਲ ਹੀ ਦੇ ਦਿਨ੍ਹਾਂ ’ਚ ਇੱਕ ਪ੍ਰਵਾਸੀ ਨੇ ਇੱਕ 14 ਸਾਲਾ ਨਾਬਾਲਗ ਕੁੜੀ ਨਾਲ ਜ਼ਬਰ-ਜਨਾਹ ਕੀਤਾ ਸੀ, ਜਿਸ ਕਾਰਨ ਲੋਕਾਂ ’ਚ ਪ੍ਰਵਾਸੀਆਂ ਖ਼ਿਲਾਫ਼ ਗੁੱਸਾ ਹੋਰ ਵਧ ਗਿਆ ਤੇ ਉਹ ਹੁਣ ਸਰਕਾਰ ’ਤ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਲਈ ਦਬਾਅ ਬਣਾਉਣ ਲਈ ਸੜਕਾਂ ’ਤੇ ਉਤਰ ਆਏ ਹਨ।

ਇਨ੍ਹਾਂ ਪ੍ਰਦਰਸ਼ਨਾਂ ਨੇ ਸਰਕਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਵੀ ਇਸ ਬਾਰੇ ਆਪਣੀਆਂ ਯੋਜਨਾਵਾਂ ਬਣਾ ਸਕਦੀ ਹੈ, ਕਿਉਕਿ ਜੇਕਰ ਹੁਣ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਇਹ ਪ੍ਰਦਰਸ਼ਨ ਹੋਰ ਜ਼ਿਆਦਾ ਤੇਜ਼ ਹੋ ਸਕਦੇ ਹਨ।

Comments are closed, but trackbacks and pingbacks are open.