ਪਾਨ ਥੁੱਕਣ ਵਾਲਿਆਂ ਨੂੰ ਲੱਗਾ ਵੱਡਾ ਜੁਰਮਾਨਾ
ਲੰਡਨ – ਲੰਡਨ ਬਾਰ੍ਹੋਂ ਵੈਂਬਲੀ ਅਤੇ ਹੈਰੋ ਕੌਂਸਲ ਨੇ ਸਖ਼ਤੀ ਕਰਦਿਆਂ ਦੋ ਭਾਰਤੀਆਂ ’ਤੇ 1000-1000 ਪੌਂਡ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਬਿ੍ਰਟੇਨ ਦੀ ਰਾਜਧਾਨੀ ਲੰਡਨ ਵਿੱਚ ਜਨਤਕ ਥਾਂ ’ਤੇ ਪਾਨ ਥੁੱਕਣ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕਾਨੂੰਨੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਦੇ ਬ੍ਰੈਂਟ ਇਲਾਕੇ ਦੀ ਕੌਂਸਲ ਨੇ ਸੜਕਾਂ ’ਤੇ ਪਾਨ ਥੁੱਕਣ ਲਈ ਇਨ੍ਹਾਂ ਦੋਵਾਂ ’ਤੇ 1,391 ਪੌਂਡ ਦਾ ਭਾਰੀ ਜੁਰਮਾਨਾ ਲਗਾਇਆ ਹੈ।
ਜੁਰਮਾਨੇ ਦਾ ਸਾਹਮਣਾ ਕਰਨ ਵਾਲੇ ਭਾਰਤੀਆਂ ਦੀ ਪਛਾਣ ਅਕਸ਼ਤਕੁਮਾਰ ਭਾਦਰੇ ਪਟੇਲ (31) ਅਤੇ ਹਿਤੇਸ਼ ਪਟੇਲ (32) ਵਜੋਂ ਹੋਈ ਹੈ। ਅਕਸ਼ਤਕੁਮਾਰ ਨੂੰ 11 ਜੂਨ, 2025 ਨੂੰ ਕਿੰਗਸਬਰੀ ਵਿੱਚ ਸੜਕ ’ਤੇ ਪਾਨ ਥੁੱਕਣ ਦਾ ਦੋਸ਼ੀ ਪਾਇਆ ਗਿਆ ਸੀ। ਹਿਤੇਸ਼ ਪਟੇਲ ਨੂੰ 12 ਜੂਨ, 2025 ਨੂੰ ਵੈਮਬਲੀ ਹਿੱਲ ਵਿੱਚ ਜਨਤਕ ਥਾਂ ’ਤੇ ਗੰਦਗੀ ਫੈਲਾਉਣ (ਪਾਨ ਥੁੱਕਣ) ਦਾ ਦੋਸ਼ੀ ਪਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਵਿੱਚ ਪਾਨ ਥੁੱਕਣ ’ਤੇ ਜੁਰਮਾਨਾ ਸਿਰਫ਼ 100 ਪੌਂਡ ਲੱਗਾ। ਹਾਲਾਂਕਿ, ਜਦੋਂ ਇਨ੍ਹਾਂ ਦੋਵਾਂ ਨੇ ਨਿਰਧਾਰਿਤ ਸਮੇਂ ਵਿੱਚ ਜੁਰਮਾਨਾ ਨਹੀਂ ਭਰਿਆ ਅਤੇ ਬਾਅਦ ਵਿੱਚ ਮੈਜਿਸਟ੍ਰੇਟ ਕੋਰਟ ਵਿੱਚ ਸੁਣਵਾਈ ਲਈ ਵੀ ਪੇਸ਼ ਨਹੀਂ ਹੋਏ, ਤਾਂ ਅਦਾਲਤ ਨੇ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਨਾ ਸਿਰਫ਼ ਦੋਸ਼ ਸਾਬਤ ਕੀਤੇ, ਸਗੋਂ ਜੁਰਮਾਨੇ ਦੀ ਰਕਮ ਵਧਾ ਕੇ 1,391 ਪੌਂਡ ਕਰ ਦਿੱਤੀ।
ਬ੍ਰੈਂਟ ਕੌਂਸਲ ਦੇ ਅਧਿਕਾਰੀਆਂ ਅਨੁਸਾਰ ਸੜਕਾਂ ਅਤੇ ਜਨਤਕ ਥਾਵਾਂ ਤੋਂ ਪਾਨ ਜਾਂ ਗੁਟਖੇ ਦੇ ਦਾਗ਼ ਸਾਫ਼ ਕਰਨਾ ਸਫ਼ਾਈ ਕਰਮਚਾਰੀਆਂ ਲਈ ਬਹੁਤ ਮੁਸ਼ਕਲ ਹੁੰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕੌਂਸਲ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਅਧਿਕਾਰੀ ਰੋਜ਼ਾਨਾ ਗਸ਼ਤ ਕਰਦੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਇਹ ਘਟਨਾ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਇੱਕ ਸਬਕ ਹੈ ਕਿ ਸਥਾਨਕ ਸਫ਼ਾਈ ਨਿਯਮਾਂ ਦੀ ਅਣਦੇਖੀ ਕਰਨਾ ਵੱਡੀ ਵਿੱਤੀ ਅਤੇ ਕਾਨੂੰਨੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਇੱਕ ਕੌਂਸਲ ਨੂੰ ਪਾਨ ਥੁੱਕਣ ਵਾਲਿਆਂ ਦੀ ਸਫ਼ਾਈ ਕਰਨ ਲਈ ਸਲਾਨਾ 30 ਹਜ਼ਾਰ ਪੌਂਡ ਤੋਂ ਵੱਖ ਖਰਚਾ ਕਰਨਾ ਪੈਂਦਾ ਹੈ।


Comments are closed, but trackbacks and pingbacks are open.