ਲੰਡਨ: ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਪੁਆਈ ਸੰਤ ਸੀਚੇਵਾਲ ਦੀ ਪਾਰਲੀਮੈਂਟ ਦੇ ਦੋ ਸਦਨਾਂ ‘ਚ ਫੇਰੀ

ਸੰਤ ਸੀਚੇਵਾਲ ਵੱਲੋਂ ਤਨਮਨਜੀਤ ਸਿੰਘ ਢੇਸੀ ਦੇ ਕਾਰਜਾਂ ਦੀ ਸਰਾਹਨਾ

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਉੱਘੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਇਹਨੀਂ ਦਿਨੀਂ ਬਰਤਾਨੀਆ ਫੇਰੀ ‘ਤੇ ਹਨ। ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਸੰਤ ਸੀਚੇਵਾਲ ਨੂੰ ਬਰਤਾਨੀਆ ਦੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੀ ਫੇਰੀ ਪੁਆਈ ਗਈ। ਤਨਮਨਜੀਤ ਸਿੰਘ ਢੇਸੀ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਕੰਮਕਾਜੀ ਢਾਂਚੇ ਅਤੇ ਕਾਰਵਾਈ ਤੋਂ ਜਾਣੂ ਕਰਵਾਇਆ।

ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਸੰਤ ਸੀਚੇਵਾਲ ਪਹਿਲੀ ਵਾਰ ਇੰਗਲੈਂਡ ਆਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸਿੱਖ ਚਿੰਤਕ ਭਗਵਾਨ ਸਿੰਘ ਜੌਹਲ, ਮਨਜੀਤ ਸਿੰਘ ਸ਼ਾਲਾਪੁਰ, ਜਸਵਿੰਦਰ ਸਿੰਘ ਕਾਲਾ ਤੇ ਮਨਜੀਤ ਸਿੰਘ ਭੋਗਲ ਦੀ ਹਾਜ਼ਰੀ ਵਿੱਚ ਸੰਤ ਸੀਚੇਵਾਲ ਨੇ ਤਨਮਨਜੀਤ ਸਿੰਘ ਢੇਸੀ ਵੱਲੋਂ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਮਨੁੱਖੀ ਅਧਿਕਾਰਾਂ ਦੀ ਲੜੀ ਜਾ ਰਹੀ ਲੜਾਈ ਸੰਬੰਧੀ ਮੁਬਾਰਕਬਾਦ ਪੇਸ਼ ਕੀਤੀ। ਉਹਨਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਹੁੰਦੇ ਅਣਮਨੁੱਖੀ ਵਰਤਾਰਿਆਂ ਖਿਲਾਫ ਤਨਮਨਜੀਤ ਸਿੰਘ ਢੇਸੀ ਸੱਚ ਦੀ ਆਵਾਜ਼ ਬਣਦੇ ਹਨ।

ਸੰਤ ਸੀਚੇਵਾਲ ਨੇ ਤਨਮਨਜੀਤ ਸਿੰਘ ਨਾਲ ਗੱਲਬਾਤ ਕਰਦਿਆ ਵੱਧ ਰਹੀ ਆਲਮੀ ਤਪਸ਼ ‘ਤੇ ਵੀ ਡੂੰਘੀ ਚਿੰਤਾ ਜਾਹਿਰ ਕੀਤੀ। ਮੈਂਬਰ ਪਾਰਲੀਮੈਂਟ ਢੇਸੀ ਵੱਲੋਂ ਆਪਣੇ ਰੁਝੇਵਿਆਂ ਨੂੰ ਭੁੱਲ ਕੇ ਸਾਰਾ ਦਿਨ ਸੰਤ ਸੀਚੇਵਾਲ ਅਤੇ ਮਹਿਮਾਨਾਂ ਦੀ ਆਓ ਭਗਤ ਲੇਖੇ ਲਾਇਆ। ਉਹਨਾਂ ਲੰਡਨ ਦੀਆਂ ਇਤਿਹਾਸਕ ਥਾਵਾਂ ਦੇ ਦੀਦਾਰੇ ਵੀ ਕਰਵਾਏ। ਉਹਨਾਂ ਕਿਹਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦੇ ਕੰਮਾਂ ਅੱਗੇ ਸਭ ਕੁਝ ਬੌਣਾ ਹੈ।

ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਦੇ ਸਿਰਤੋੜ ਯਤਨਾਂ ਸਦਕਾ ਪੰਜਾਬ ਵਿੱਚ ਵਾਤਾਵਰਨ ਲਹਿਰ ਦਾ ਪਿੜ ਬੱਝਾ ਹੈ। ਇਸ ਸਮੇਂ ਗੱਲਬਾਤ ਕਰਦਿਆਂ ਮਨਜੀਤ ਸਿੰਘ ਸ਼ਾਲਾਪੁਰੀ ਨੇ ਕਿਹਾ ਕਿ ਜੇ ਸੰਤ ਸੀਚੇਵਾਲ ਜੀ ਵਰਗੇ ਹੀਰੇ ਪੰਜਾਬ ਦੀ ਧਰਤੀ ‘ਤੇ ਮੌਜੂਦ ਹਨ ਤਾਂ ਬਰਤਾਨੀਆ ਦੀ ਧਰਤੀ ਦਾ ਹੀਰਾ ਤਨਮਨਜੀਤ ਸਿੰਘ ਢੇਸੀ ਜੀ ਹਨ। ਦੋਵਾਂ ਸਖਸ਼ੀਅਤਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਡਿਆਈ ਲਈ ਲਫਜ਼ਾ ਦੀ ਥੁੜ੍ਹ ਮਹਿਸੂਸ ਹੋਣ ਲਗਦੀ ਹੈ। ਉਹਨਾਂ ਜਿੱਥੇ ਸੰਤ ਸੀਚੇਵਾਲ ਜੀ ਨੂੰ ਖੁਸ਼ਆਮਦੀਦ ਕਿਹਾ ਉੱਥੇ ਤਨਮਨਜੀਤ ਸਿੰਘ ਢੇਸੀ ਵੱਲੋਂ ਉਹਨਾਂ ਲੇਖੇ ਲਾਏ ਦਿਨ ਲਈ ਧੰਨਵਾਦ ਵੀ ਕੀਤਾ।

Comments are closed, but trackbacks and pingbacks are open.