ਮਨਦੀਪ ਖੁਰਮੀ ਹਿੰਮਤਪੁਰਾ ਦੀ ਟੀਜ਼ਰ ਵਜੋਂ ਜਾਰੀ ਕੀਤੀ ਲਿਖਤ ਨੂੰ ਖੂਬ ਸਰਾਹਿਆ ਗਿਆ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਧਰਤੀ ‘ਤੇ ਪੰਜਾਬੀ ਸੰਗੀਤ ਦਾ ਝੰਡਾ ਬੁਲੰਦ ਰੱਖਣ ਵਾਲੀਆਂ ਹਸਤੀਆਂ ਵਿੱਚ ਸੰਗੀਤਕਾਰ ਅਮਨ ਹੇਅਰ ਦਾ ਨਾਮ ਮਾਣ ਨਾਲ ਲਿਆ ਜਾਂਦਾ ਹੈ।
ਅਮਨ ਹੇਅਰ ਵੀ ਕੁਆਂਟਿਟੀ ਦੀ ਬਜਾਏ ਕਵਾਲਿਟੀ ਨੂੰ ਅਹਿਮੀਅਤ ਦੇਣ ਕਰਕੇ ਨਿਰੰਤਰ ਲੰਮੀ ਦੌੜ ਦਾ ਘੋੜਾ ਬਣ ਕੇ ਵਿਚਰ ਰਿਹਾ ਹੈ। ਆਪਣੀ ਚਰਚਿਤ ਰਹੀ ਐਲਬਮ ਗਰਾਊਂਡ ਸ਼ੇਕਰ ਇੱਕ ਤੋਂ ਬਾਅਦ ਦੋ ਤੇ ਹੁਣ ਗਰਾਊਂਡ ਤਿੰਨ ਸ਼ੇਕਰ ਜਾਣੀ ਕਿ GS 3 ਲੈ ਕੇ ਸੰਗੀਤ ਪ੍ਰੇਮੀਆਂ ਲਈ ਹਾਜ਼ਰ ਹੋਏ ਹਨ। ਲਗਭਗ ਦੋ ਦਹਾਕਿਆਂ ਦੀ ਸਖਤ ਘਾਲਣਾ ਦੀ ਲੜੀ ਵਜੋਂ ਪੇਸ਼ ਹੋਈ ਇਸ ਐਲਬਮ ਵਿੱਚ ਨਿਰਮਲ ਸਿੱਧੂ, ਅੰਗਰੇਜ਼ ਅਲੀ, ਨਛੱਤਰ ਗਿੱਲ, ਦੇਵ ਢਿੱਲੋਂ, ਜੀ ਮਨੀ, ਯੁੱਧਵੀਰ ਮਾਣਕ, ਬੋਨੀ ਧਾਲੀਵਾਲ ਤੇ ਸੁਨਿਧੀ ਚੌਹਾਨ ਦੀਆਂ ਦਮਦਾਰ ਆਵਾਜ਼ਾਂ ਸ਼ਾਮਿਲ ਹਨ।
ਮਾਣ ਵਾਲੀ ਗੱਲ ਇਹ ਵੀ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਮੁੜ ਪੂਰੀ ਹੋਈ ਐਲਬਮ ਰਿਲੀਜ਼ ਕਰਨ ਦੀ ਪ੍ਰਿਤ ਵਾਪਸ ਪਰਤੀ ਹੈ। ਇਸ ਐਲਬਮ ਦੇ ਟੀਜਰ ਵਜੋਂ ਮਨਦੀਪ ਖੁਰਮੀ ਹਿੰਮਤਪੁਰਾ ਦੀ ਲਿਖਤ ‘ਜਿੱਥੇ ਰਵੋਂ ਸੁਖੀ ਰਵੋਂ ਵਸਦੇ ਪੰਜਾਬੀਓ’ ਨੂੰ ਪ੍ਰਚਾਰਿਆ ਗਿਆ ਹੈ। ਪੰਜਾਬੀਆਂ ਦੇ ਹੱਸਦੇ ਵੱਸਦੇ ਰਹਿਣ, ਖੁਸ਼ਹਾਲ ਜੀਵਨ ਜਿਉਣ, ਯਾਰੀਆਂ ਨਿਭਾਉਣ ਦੇ ਸੁਭਾਅ ਲਈ ਅਸੀਸ ਵਰਗੇ ਮਨਦੀਪ ਖੁਰਮੀ ਹਿੰਮਤਪੁਰਾ ਦੇ ਲਿਖੇ ਬੋਲਾਂ ਨੂੰ ਨਿਰਮਲ ਸਿੱਧੂ ਤੇ ਅੰਗਰੇਜ਼ ਅਲੀ ਨੇ ਆਪਣੀਆਂ ਦਮਦਾਰ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ। ਜਿਸ ਨੂੰ ਸੰਗੀਤ ਪ੍ਰੇਮੀਆਂ ਨੇ ਖੂਬ ਸਰਹਿਆ ਹੈ। ਆਪਣੇ ਦਿਲੀਂ ਜਜ਼ਬਾਤ ਸਾਂਝੇ ਕਰਦਿਆਂ ਨਿਰਮਲ ਸਿੱਧੂ ਨੇ ਉਹਨਾਂ ਦੀ ਅਮਨ ਹੇਅਰ ਤੇ ਅੰਗਰੇਜ਼ ਅਲੀ ਨਾਲ ਸਾਂਝ ਨੂੰ ਬਾਖੂਬੀ ਯਾਦ ਕੀਤਾ ਹੈ। ਉਹਨਾਂ ਸਮੂਹ ਸੰਗੀਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਵੱਲੋਂ ਸਾਰਥਿਕ ਗਾਇਕੀ ਨੂੰ ਹਮੇਸ਼ਾ ਹੀ ਸਰਾਹਿਆ ਜਾਂਦਾ ਹੈ।


Comments are closed, but trackbacks and pingbacks are open.