ਯੂਕੇ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਮਰਕ ਦੀ ਕੋਵਿਡ ਗੋਲੀ ਨੂੰ ਦਿੱਤੀ ਮਨਜ਼ੂਰੀ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ ਦੁਆਰਾ ਕੋਵਿਡ-19 ਦੇ ਇਲਾਜ ਲਈ ਮਰਕ ਕੰਪਨੀ ਦੀ ਕੋਰੋਨਾ ਵਾਇਰਸ ਐਂਟੀਵਾਇਰਲ ਗੋਲੀ ਨੂੰ ਵਰਤੋਂ ਦਾ ਸ਼ਰਤੀਆ ਅਧਿਕਾਰ ਦਿੱਤਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਗੋਲੀ ਕਿੰਨੀ ਜਲਦੀ ਉਪਲੱਬਧ ਹੋਵੇਗੀ। ਇਸ ਗੋਲੀ ਨੂੰ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਲਈ ਅਧਿਕਾਰਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤਾ ਹੈ ਅਤੇ ਉਹਨਾਂ ਵਿੱਚ ਇਸ ਬਿਮਾਰੀ ਦੇ ਵਿਕਾਸ ਲਈ ਘੱਟੋ ਘੱਟ ਇੱਕ ਜੋਖਮ ਕਾਰਕ ਹੈ। ਮੋਲਨੂਪੀਰਾਵੀਰ ਵਜੋਂ ਜਾਣੀ ਜਾਂਦੀ ਇਹ ਗੋਲੀ, ਹਲਕੇ ਤੋਂ ਦਰਮਿਆਨੇ ਕੋਵਿਡ -19 ਵਾਲੇ ਲੋਕਾਂ ਦੁਆਰਾ ਘਰ ਵਿੱਚ ਪੰਜ ਦਿਨਾਂ ਲਈ ਦਿਨ ਵਿੱਚ ਦੋ ਵਾਰ ਲਈ ਜਾ ਸਕਦੀ ਹੈ। ਇਹ ਐਂਟੀਵਾਇਰਲ ਗੋਲੀ ਵਾਇਰਸ ਦੇ ਲੱਛਣਾਂ ਨੂੰ ਘਟਾਉਂਦੀ ਹੈ ਅਤੇ ਰਿਕਵਰੀ ਨੂੰ ਤੇਜ਼ ਕਰ ਸਕਦੀ ਹੈ। ਇਸਦੇ ਇਲਾਵਾ ਇਹ ਹਸਪਤਾਲਾਂ ‘ਚ ਦਾਖਲਿਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਇਹ ਗੋਲੀ ਅਮਰੀਕਾ, ਯੂਰਪ ਅਤੇ ਹੋਰ ਥਾਵਾਂ ‘ਤੇ ਸਿਹਤ ਰੈਗੂਲੇਟਰਾਂ ਕੋਲ ਸਮੀਖਿਆ ਅਧੀਨ ਹੈ। ਅਮਰੀਕੀ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਹ ਨਵੰਬਰ ਦੇ ਅਖੀਰ ਵਿੱਚ ਗੋਲੀ ਦੀ ਸੁਰੱਖਿਆ ਅਤੇ ਪ੍ਰਭਾਵ ਦੀ ਜਾਂਚ ਕਰਨ ਲਈ ਮਾਹਰਾਂ ਦਾ ਇੱਕ ਪੈਨਲ ਬੁਲਾਵੇਗੀ। ਯੂਕੇ ਦੇ ਅਧਿਕਾਰੀਆਂ ਦੁਆਰਾ ਅਕਤੂਬਰ ਵਿੱਚ ਘੋਸ਼ਣਾ ਕੀਤੀ ਗਈ ਸੀ ਕਿ ਉਨ੍ਹਾਂ ਨੇ ਮੋਲਨੂਪੀਰਾਵੀਰ ਦੇ 480,000 ਕੋਰਸ ਵਰਤੋਂ ਲਈ ਸੁਰੱਖਿਅਤ ਕੀਤੇ ਹਨ। ਯੂਕੇ ਸਰਕਾਰ , ਐੱਨ ਐੱਚ ਐੱਸ ਨਾਲ ਮਿਲ ਕੇ ਤੇਜ਼ੀ ਨਾਲ ਕੰਮ ਕਰ ਰਹੇ ਹੈ ਤਾਂ ਜੋ ਜਲਦੀ ਤੋਂ ਜਲਦੀ ਇੱਕ ਰਾਸ਼ਟਰੀ ਅਧਿਐਨ ਦੁਆਰਾ ਮਰੀਜ਼ਾਂ ਨੂੰ ਮੋਲਨੂਪੀਰਾਵੀਰ ਦੇਣ ਦੀ ਯੋਜਨਾ ਬਣਾਈ ਜਾ ਸਕੇ।

Comments are closed, but trackbacks and pingbacks are open.