ਬ੍ਰਮਿੰਘਮ ਵਿੱਚ ਬਰਤਾਨਵੀ ਸਿੱਖ ਲੜਕੀ ਨਾਲ ਹੋਏ ਧੱਕੇ ਵਿਰੁੱਧ ਸਿੱਖ ਜਥੇਬੰਦੀਆਂ ਵਲੋਂ ਭਾਰੀ ਰੋਸ ਮੁਜ਼ਾਹਰਾ

ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ

ਬ੍ਰਮਿੰਘਮ – ਇੱਥੇ ਇੱਕ ਬਰਤਾਨਵੀ ਲੜਕੀ ਨਾਲ 2 ਬਰਤਾਨਵੀ ਨੌਜਵਾਨਾਂ ਵਲੋਂ ਕੀਤੇ ਅਸ਼ਲੀਲ ਧੱਕੇ ਵਿਰੁੱਧ ਸਿੱਖ ਜਥੇਬੰਦੀਆਂ ਵਲੋਂ ਭਾਰੀ ਰੋਸ ਮੁਜ਼ਾਹਰਾ ਕਰਦਿਆਂ ਪੀੜ੍ਹਤ ਲੜਕੀ ਨਾਲ ਹਮਦਰਦੀ ਦਿਖਾਈ ਗਈ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ।

ਮਾਮਲੇ ਦੀ ਜਾਂਚ ਕਰ ਰਹੀ ਵੈਸਟ ਮਿੱਡਲੈਂਡ ਪੁਲਿਸ ਨੇ ਜ਼ਬਰ-ਜ਼ਨਾਹ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਇੱਕ 30 ਤੋਂ 35 ਸਾਲ ਦੀ ਉਮਰ ਦੇ ਸ਼ੱਕੀ ਨੂੰ ਐਤਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪਿਛਲੇ ਮੰਗਲਵਾਰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਓਲਡਬਰੀ ਵਿੱਚ ਹੋਏ ‘‘ਨਸਲੀ ਤੌਰ ’ਤੇ ਪ੍ਰੇਰਿਤ ਬਲਾਤਕਾਰ’’ ਦੀ ਜਾਂਚ ਦੇ ਹਿੱਸੇ ਵਜੋਂ ਅਜੇ ਵੀ ਹਿਰਾਸਤ ਵਿੱਚ ਹੈ।
ਇਸ ਮਾਮਲੇ ਬਾਰੇ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ 20 ਤੋਂ 25 ਸਾਲ ਦੀ ਉਮਰ ਦੀ ਪੀੜ੍ਹਤਾ ਜਾਂਚ ਦੌਰਾਨ ਸਹਿਯੋਗ ਕਰ ਰਹੀ ਹੈ। ਸੈਂਡਵੈੱਲ ਪੁਲਿਸ ਦੇ ਮੁੱਖ ਸੁਪਰਡੈਂਟ ਕਿਮ ਡੈਡਿਲ ਨੇ ਕਿਹਾ, ‘‘ਇਹ ਜਾਂਚ ਵਿੱਚ ਇੱਕ ਮਹੱਤਵਪੂਰਨ ਵਿਕਾਸ ਹੈ ਅਤੇ ਅਸੀਂ ਭਾਈਚਾਰੇ ਦਾ ਉਨ੍ਹਾਂ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।’’

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੰਦਾਜ਼ੇ ਨਾ ਲਗਾਉਣ ਕਿਉਕਿ ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਘਟਨਾ ’ਚ ਸ਼ਾਮਿਲ ਹੋ ਸਕਦੇ ਹਨ। ਪੁਲਿਸ ਫ਼ੋਰਸ ਨੇ ਨਿਆਂਇਕ ਪ੍ਰਕਿਰਿਆ ਨੂੰ ਆਪਣਾ ਰਾਹ ਅਪਣਾਉਣ ਦੇਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

ਵੈਸਟ ਮਿਡਲੈਂਡਜ਼ ਹਲਕੇ ਤੋਂ ਬਿ੍ਰਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸ਼ੋਸ਼ਲ ਮੀਡੀਆ ’ਤੇ ਕਿਹਾ ਕਿ, ‘‘ਓਲਡਬਰੀ ਵਿੱਚ ਇੱਕ ਨੌਜਵਾਨ ਸਿੱਖ ਔਰਤ ’ਤੇ ਹੋਏ ਭਿਆਨਕ ਹਮਲੇ ਤੋਂ ਮੈਂ ਬਹੁਤ ਹੈਰਾਨ ਹਾਂ। ਇਹ ਬਹੁਤ ਜ਼ਿਆਦਾ ਹਿੰਸਾ ਦਾ ਕੰਮ ਸੀ ਪਰ ਇਸ ਨੂੰ ਨਸਲੀ ਤੌਰ ’ਤੇ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਕਿ ਦੋਸ਼ੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਕਿਹਾ ਸੀ ਕਿ ਉਹ ਇੱਥੋਂ ਦੀ ਨਹੀਂ ਹੈਂ।’’

ਸੰਸਦ ਮੈਂਬਰ ਨੇ ਕਿਹਾ, ‘‘ਉਹ ਇੱਥੇ ਹੈ। ਸਾਡੇ ਸਿੱਖ ਭਾਈਚਾਰੇ ਅਤੇ ਹਰ ਭਾਈਚਾਰੇ ਨੂੰ ਸੁਰੱਖਿਅਤ, ਸਤਿਕਾਰਯੋਗ ਅਤੇ ਕਦਰਦਾਨੀ ਮਹਿਸੂਸ ਕਰਨ ਦਾ ਅਧਿਕਾਰ ਹੈ। ਓਲਡਬਰੀ ਜਾਂ ਯੂ.ਕੇ ਵਿੱਚ ਕਿਤੇ ਵੀ ਨਮਸਲਵਾਦ ਅਤੇ ਨਾਰੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਮੇਰੇ ਵਿਚਾਰ ਪੀੜ੍ਹਤਾ, ਉਸ ਦੇ ਪਰਿਵਾਰ ਅਤੇ ਸਿੱਖ ਭਾਈਚਾਰੇ ਨਾਲ ਹਨ।’’

Comments are closed, but trackbacks and pingbacks are open.