ਬ੍ਰਮਿੰਘਮ ਵਿਖੇ ਤੀਆਂ ਦਾ ਮੇਲਾ ਲਗਾਇਆ ਗਿਆ

ਐਮ.ਪੀ. ਪ੍ਰੀਤ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ

ਬ੍ਰਮਿੰਘਮ – ਤੀਆਂ ਬ੍ਰਮਿੰਘਮ ਦਾ ਦਸਵਾਂ ਮੇਲਾ (2023) ਇਸ ਵਾਰ ਕੈਸਲ ਹਿੱਲ ਬੈਨਕੁਟਿੰਗ ਸਵੀਟ ਹਾਲ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਮੇਲਾ ਰਿੰਕਲ ਸ਼ੇਰਗਿੱਲ ਨੇ ਆਪਣੀ ਸਹਿਯੋਗੀ ਟੀਮ ਨਾਲ ਮਿਲਕੇ ਕਰਵਾਇਆ। ਇਹ ਮੇਲਾ ਪੰਜਾਬੀ ਵਿਰਸੇ, ਭਾਸ਼ਾ ਤੇ ਸਭਿਆਚਾਰ ਨੂੰ ਬਦੇਸ਼ ਵਿਚ ਵੱਸਦੇ ਪੰਜਾਬੀਆਂ ਵਿਚ ਪ੍ਰਫੁੱਲਤ ਕਰਕੇ ਉਨ੍ਹਾਂ ਨੂੰ ਨਾਲ ਜੋੜੀ ਰੱਖਣ ਦੇ ਨਜ਼ਰੀਏ ਤੋਂ ਕੀਤਾ ਜਾਂਦਾ ਹੈ।

ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਨੂਰ ਜ਼ੋਰਾ, ਲੋਕ ਰੰਗ ਗਰੁੱਪ, ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਬਰਮਿੰਗਿਮ ਤੋਂ ਐਮ.ਪੀ. ਪਰੀਤ ਗਿੱਲ ਨੇ ਵਿਸ਼ੇਸ਼ ਤੌਰ ’ਤੇ ਮੇਲੇ ਵਿਚ ਸ਼ਿਰਕਤ ਕੀਤੀ। ਬਹੁਤ ਸਾਰੇ ਸਥਾਨਕ ਕੌਂਸਲਰਾਂ ਨੇ ਵੀ ਮੇਲੇ ਦਾ ਆਨੰਦ ਮਾਨਿਆ। ਮਲੇਸ਼ੀਆ ਤੋਂ ਇੰਗਲੈਂਡ ਫੇਰੀ ਤੇ ਆਏ ਭੰਗੜਾ ਗਰੁੱਪ ਦੇ ਕੁਝ ਪੰਜਾਬੀ ਗੱਭਰੂਆਂ ਨੇ ਮੇਲੇ ਵਿਚ ਸ਼ਾਮਲ ਹੋ ਕੇ ਮੇਲੇ ਵਿਚ ਵੱਖਰਾ ਰੰਗ ਭਰਿਆ। ਪੰਜਾਬੀ ਸਭਿਆਚਾਰ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਸੱਜ ਸਜਾਵਟ ਦਾ ਕੰਮ ਨੀਸ਼ ਡੈਕੋਰੇਸ਼ਨ ਦੀ ਟੀਮ ਵਲੋਂ ਕੀਤਾ ਗਿਆ।

ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਦਾ ਅਨੰਦ ਮਾਨਣ ਲਈ ਮੁਟਿਆਰਾਂ ਅਤੇ ਔਰਤਾਂ ਪੰਜਾਬੀ ਪਹਿਰਾਵੇ ਵਿਚ ਸੱਜ ਧਜ ਕੇ ਵੱਡੀ ਗਿਣਤੀ ਵਿਚ ਪਹੰੁਚ ਗਈਆਂ। ਖਚਾਖਚ ਭਰੇ ਹਾਲ ਵਿਚ ਮੁੱਖ ਮਹਿਮਾਨ ਦਾ ਸਵਾਗਤ ਅਤੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਰਿੰਕਲ ਸ਼ੇਰਗਿੱਲ ਨੇ ਮੰਚ ਤੋਂ ਆਖਿਆ। ਮੇਲੇ ਦਾ ਆਗਾਜ਼ ਬੜੇ ਧੂੰਮ ਧੜੱਕੇ ਨਾਲ ਹੋਇਆ। ਇਕ ਪਾਸੇ ਨੂਰ ਜ਼ੋਰਾ ਦੀਆਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ ਤੇ ਦੂਜੇ ਪਾਸੇ ਢੋਲ ਦੇ ਡਗੇ ’ਤੇ ਪੰਜਾਬਣਾਂ ਦੇ ਪੈਰ ਥਿਰਕਣ ਲੱਗ ਪਏ। ਬਸ ਫੇਰ ਕੀ ਸੀ ਨੂਰ ਜੋਰਾ ਸਮੇਤ ਪੰਜਾਬਣਾਂ ਨੇ ਗਿੱਧੇ ਵਿਚ ਧਮਾਲਾਂ ਪਾ ਦਿੱਤੀਆਂ। ਹੁਣ ਪੰਜਾਬਣਾਂ ਦਾ ਜੋ ਉਤਸ਼ਾਹ ਤੇ ਜੋਸ਼ ਵੱਧਦਾ ਹੀ ਜਾ ਰਿਹਾ ਸੀ ਪਰ ਸਮਾਗਮ ਦਾ ਨਿਸ਼ਚਿਤ ਸਮਾਂ ਮੁੱਕਦਾ ਜਾ ਰਿਹਾ ਸੀ। ਤੀਆਂ ਦਾ ਤਿਉਹਾਰ ਜੋ ਹੁਣ ਮੇਲੇ ਦਾ ਰੂਪ ਧਾਰਨ ਕਰ ਗਿਆ ਹੈ, ਪੰਜਾਬਣਾਂ ਨੂੰ ਆਪਣੀ ਭਾਸ਼ਾ, ਸਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣ ਦੇ ਸੰਦੇਸ਼ ਨਾਲ ਸਮਾਪਤ ਹੋ ਗਿਆ। ਮੇਲਾ ਟੀਮ ਵਲੋਂ ਸਭ ਦੇ ਖਾਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।

ਇਸ ਮੇਲੇ  ਨੂੰ ਸਥਾਈ ਤੌਰ ’ਤੇ ਫੋਟੋਗਰਾਫੀ ਤੇ ਵੀਡਿਊ ਰਿਕਾਰਡਿੰਗ ਕਰਕੇ ਸਾਂਭਣ  ਦੀ ਜ਼ਿੰਮੇਵਾਰੀ ਪੰਜਾਬ 2000 ਅਤੇ ਯੂ.ਕੇ ਮੀਡੀਆ ਹੱਬ ਨੇ ਬਾਖ਼ੂਬੀ ਨਿਭਾਈ। ਸਿਮਰਨ ਨੇ ਸੂਟਾਂ ਅਤੇ ਨੀਤੂ ਸੰਧੂ ਨੇ ਜਿਊਲਰੀ ਦੇ ਸਟਾਲ ਔਰਤਾਂ ਲਈ ਖਰੀਦੋ ਫਰੋਖਤ ਦੇ ਕੇਂਦਰ ਬਿੰਦੂ ਬਣੇ ਰਹੇ।

Comments are closed, but trackbacks and pingbacks are open.