ਬਾਰਕਲੇਜ਼ ਬੈਂਕ ਸਾਊਥਾਲ ਵੱਲੋਂ ਦੀਵਾਲੀ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ

ਸਾਊਥਾਲ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਲਿਆ ਹਿੱਸਾ

ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ)- ਸਾਊਥਾਲ ਸਥਿਤ ਬਾਰਕਲੇਜ਼ ਬੈਂਕ ਵਿਖੇ ਦੀਵਾਲੀ  ਸਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਭਾਈਚਾਰੇ ਨਾਲ ਸੰਬੰਧਤ ਨਾਮੀ ਸ਼ਖਸੀਅਤਾਂ ਨੇ ਹਿੱਸਾ ਲਿਆ। ਬਰਾਂਚ ਮੈਨੇਜਰ ਰਵਿੰਦਰ ਕੂਨਰ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ।

ਇਸ ਸਮੇਂ ਮੈਂਬਰ ਪਾਰਲੀਮੈਂਟ  ਵਰਿੰਦਰ ਸ਼ਰਮਾ ਈਲਿੰਗ ਕੌਂਸਲ ਦੇ ਮੇਅਰ ਸ੍ਰੀਮਤੀ ਮਨਿੰਦਰ ਕੌਰ ਮਿੱਡਾ ਤੇ ਮਿਸਟਰ ਮਿੱਡਾ, ਸ੍ਰੀ ਰਣਜੀਤ ਧੀਰ, ਕੇਸੀ ਮੋਹਨ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਨਾਮੀ ਗਰਾਮੀ ਸ਼ਖ਼ਸੀਅਤਾਂ ਨੇ ਭਾਗ ਲਿਆ।

ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਸ੍ਰੀਮਤੀ ਮਹਿੰਦਰ ਕੌਰ ਮਿੱਡਾ ਅਤੇ ਹਾਜ਼ਰੀਨ ਨੇ ਕੀਤੀ।ਆਪਣੇ ਸੰਬੋਧਨ ਦੌਰਾਨ ਵਰਿੰਦਰ ਸ਼ਰਮਾ, ਸ਼੍ਰੀਮਤੀ ਮਿੱਡਾ, ਰਣਜੀਤ ਧੀਰ ਅਤੇ ਹੋਰ ਬੁਲਾਰਿਆਂ ਨੇ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।

ਇਸ ਉਪਰੰਤ ਬਾਰਕਲੇਜ਼ ਬੈਂਕ ਦੇ ਨੌਰਥ ਵੈਸਟ ਲੰਡਨ ਏਰੀਆ ਮੈਨੇਜਰ ਕ੍ਰੇਗ ਮਾਰਟਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿੱਥੇ ਯੂਕੇ ਵਸਦੇ ਭਾਰਤੀ ਭਾਈਚਾਰੇ ਲਈ ਭਾਰਤੀ ਤਿਉਹਾਰ ਬਹੁਤ ਹੀ ਮਹੱਤਵਪੂਰਨ ਹਨ, ਉੱਥੇ ਹੋਰਨਾਂ ਭਾਈਚਾਰਿਆਂ ਲਈ ਵੀ ਇਨ੍ਹਾਂ ਤਿਉਹਾਰਾਂ ਦੀ ਸਾਰਥਿਕਤਾ ਉਦੋਂ ਵੱਧ ਜਾਂਦੀ ਹੈ ਜਦੋਂ ਇਨ੍ਹਾਂ ਤਿਉਹਾਰਾਂ ਦੇ ਪਿਛੋਕੜ ਬਾਰੇ ਪਤਾ ਚੱਲਦਾ ਹੈ।

ਹੈੱਡ ਆਫ ਬਿਜ਼ਨੈੱਸ ਪੌਲ ਐਲਿਸੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬੈਂਕਿੰਗ ਦੇ ਖੇਤਰ ਵਿੱਚ ਭਾਰਤੀ ਭਾਈਚਾਰੇ ਵੱਲੋਂ  ਬਹੁਤ ਹੀ ਜ਼ਿੰਮੇਵਾਰ ਗਾਹਕ ਹੋਣ ਦਾ ਸਬੂਤ ਦਿੱਤਾ ਜਾਂਦਾ ਹੈ।

ਇਸ ਲਈ ਸਾਡੇ ਅਦਾਰੇ ਦਾ ਵੀ ਫ਼ਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੇ ਤਿਉਹਾਰਾਂ ਨੂੰ ਇਕੱਠਿਆਂ ਰਲ ਮਿਲ ਕੇ ਮਨਾਈਏ। ਇਸ ਸਮੇਂ ਬਿਜ਼ਨਸ ਮੈਨੇਜਰ ਸਿਮਰ ਆਲਮ, ਗੁਰਪ੍ਰੀਤ ਨਾਗੀ ਅਤੇ ਸਾਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮੇਂ ਹੋਏ ਰੰਗਾਰੰਗ ਪ੍ਰੋਗਰਾਮ ਦੌਰਾਨ ਰੂਟਸ ਆਫ ਪੰਜਾਬ ਭੰਗੜਾ ਗਰੁੱਪ ਵੱਲੋਂ ਮਨਪ੍ਰੀਤ ਸਿੰਘ ਮਨੀ ਦੀ ਅਗਵਾਈ ਵਿੱਚ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦੇ ਅਖੀਰ ਵਿਚ ਅਦਾਰੇ ਵੱਲੋਂ ਆਏ ਹੋਏ ਮਹਿਮਾਨਾਂ ਲਈ ਸੁਆਦੀ ਭੋਜਨ ਵੀ ਪਰੋਸਿਆ ਗਿਆ।

Comments are closed, but trackbacks and pingbacks are open.