ਭਾਰਤ ਅਤੇ ਪਾਕਿਸਤਾਨ ਵੀ ਨਿਸ਼ਾਨੇ ’ਤੇ
ਲੰਡਨ – ਬਰਤਾਨੀਆ ਦੀ ਹੋਮ ਸੈਕਟਰੀ ਸ਼ਬਾਨਾ ਮਹਿਮੂਦ ਵੱਲੋਂ ਦਿੱਤੀ ਗਈ ਵੀਜ਼ਾ ਪਾਬੰਦੀਆਂ ਦੀ ਧਮਕੀ ਰੰਗ ਲਿਆਈ ਹੈ। ਬਿ੍ਰਟੇਨ ਦੇ ਹੋਮ ਆਫ਼ਿਸ ਅਨੁਸਾਰ, ਤਿੰਨ ਅਫਰੀਕੀ ਦੇਸ਼ – ਨਾਮੀਬੀਆ, ਅੰਗੋਲਾ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਆਪਣੇ ਉਨ੍ਹਾਂ ਨਾਗਰਿਕਾਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ ਜੋ ਬਿ੍ਰਟੇਨ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਜਾਂ ਅਪਰਾਧਿਕ ਮਾਮਲਿਆਂ ’ਚ ਦੋਸ਼ੀ ਹਨ।
ਹੋਮ ਸੈਕਟਰੀ ਸ਼ਬਾਨਾ ਮਹਿਮੂਦ ਨੇ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਦੇਸ਼ੀ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦਿਆਂ ਹਨ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ, ‘‘ਮੇਰਾ ਸੰਦੇਸ਼ ਸਾਫ਼ ਹੈ – ਗ਼ੈਰ-ਕਾਨੂੰਨੀ ਪ੍ਰਵਾਸੀਆਂ ਤੇ ਖ਼ਤਰਨਾਕ ਅਪਰਾਧੀਆਂ ਨੂੰ ਹੁਣ ਵਾਪਸ ਭੇਜਿਆ ਜਾਵੇਗਾ। ਮੈਂ ਆਪਣੀਆਂ ਸਰਹੱਦਾਂ ’ਤੇ ਕੰਟਰੋਲ ਬਹਾਲ ਕਰਨ ਲਈ ਹਰ ਜ਼ਰੂਰੀ ਕਦਮ ਚੁੱਕਾਂਗੀ।’’
ਰਿਪੋਰਟਾ ਅਨੁਸਾਰ ਭਾਰਤ, ਪਾਕਿਸਤਾਨ, ਨਾਈਜੀਰੀਆ, ਬੰਗਲਾਦੇਸ਼, ਸੋਮਾਲੀਆ ਅਤੇ ਗੈਬਨ ਵਰਗੇ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵਿੱਚ ਰੁਕਾਵਟਾ ਪਾ ਰਹੇ ਹਨ। ਹਾਲਾਂਕਿ ਹੋਮ ਆਫ਼ਿਸ ਨੇ ਅਜੇ ਇਨ੍ਹਾਂ ਨਾਵਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਜਿਹੜੇ ਦੇਸ਼ ਸਹਿਯੋਗ ਨਹੀਂ ਕਰਨਗੇ, ਉਨ੍ਹਾਂ ਵਿਰੁੱਧ ਭਵਿੱਖ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਹੋਮ ਆਫ਼ਿਸ ਨੇ ਸਪੱਸ਼ਟ ਕੀਤਾ ਕਿ ਅਜਿਹੇ ਦੇਸ਼ ਬਰਤਾਨੀਆ ਨਾਲ ਆਣ ਵੀਜ਼ਾ ਸਬੰਧਾਂ ਦੀ ਉਮੀਦ ਨਾ ਰੱਖਣ।
ਰਿਕਾਰਡ ਗਿਣਤੀ ’ਚ ਦੇਸ਼ ਨਿਕਾਲਾ
ਜੁਲਾਈ 2024 ’ਚ ਲੇਬਰ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਹੁਣ ਤੱਕ ਲਗਭਗ 58,500 ਲੋਕਾਂ ਨੂੰ ਬਰਤਾਨੀਆ ਤੋਂ ਕੱਢਿਆ ਜਾ ਚੁੱਕਾ ਹੈ, ਜੋ ਕਿ ਇੱਕ ਰਿਕਾਰਡ ਪੱਧਰ ਹੈ। ਤਿੰਨ ਅਫ਼ਰੀਕੀ ਦੇਸ਼ਾਂ ਨਾਲ ਹੋਏ ਨਵੇਂ ਸਮਝੌਤੇ ਤੋਂ ਬਾਅਦ 3,000 ਤੋਂ ਵੱਧ ਹੋਰ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਹੈ।
ਬਰਤਾਨੀਆ ਨੇ ਹੁਣ ਦੂਜੇ ਦੇਸ਼ਾਂ ਨਾਲ ਇੱਕ ‘ਲੈਣ-ਦੇਣ ਵਾਲੀ ਪਹੁੰਚ’ ਅਪਣਾਈ ਹੈ। ਇਸ ਤਹਿਤ ਵੀਜ਼ਾ ਸਹੂਲਤਾਂ ਇਸ ਗੱਲ ’ਤੇ ਨਿਰਭਰ ਕਰਨਗੀਆਂ ਕਿ ਕੋਈ ਦੇਸ਼ ਆਪਣੇ ਉਨ੍ਹਾਂ ਨਾਗਰਿਕਾਂ ਨੂੰ ਵਾਪਸ ਲੈਣ ਵਿੱਚ ਕਿੰਨਾ ਸਹਿਯੋਗ ਦਿੰਦਾ ਹੈ ਜਿਨ੍ਹਾਂ ਨੂੰ ਬਰਤਾਨੀਆ ਵਿੱਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਮਹਿਮੂਦ ਨੇ ਪਿਛਲੇ ਸਾਲ ਹੀ ਚਿਤਾਵਨੀ ਦਿੱਤੀ ਸੀ ਕਿ ‘‘ਜੇਕਰ ਤੁਸੀਂ ਨਿਯਮਾਂ ਅਨੁਸਾਰ ਨਹੀਂ ਚੱਲਦੇ, ਤਾਂ ਤੁਹਾਨੂੰ ਵੀਜ਼ਾ ਕਟੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੈਫਰੀ ਐਪਸਟਾਈਨ ਸਕੈਂਡਲ ਦੀਆਂ ਫਾਈਲਾਂ ਜਨਤਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਕੁਰਸੀ ਖ਼ਤਰੇ ਵਿੱਚ ਹੈ ਅਤੇ ਸਟਾਰਮਰ ਦੇ ਅਸਤੀਫ਼ੇ ਬਾਅਦ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਨਾ ਜ਼ੋਰਾਂ ’ਤੇ ਹੈ।


Comments are closed, but trackbacks and pingbacks are open.