ਬਰਤਾਨੀਆ ਅਤੇ ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਮਨਜੀਤ ਸਿੰਘ ਲਿੱਟ ਵਲੋਂ ਪ੍ਰੋਫੈਸਰ ਵਿਰਦੀ ਦੀ ਕੈਂਸਰ ਵਿਰੁੱਧ ਮੁਹਿੰਮ ਨੂੰ ਭਰਵਾਂ ਹੁੰਗਾਰਾ

ਇਕ ਲੱਖ ਡਾਲਰ ਦੇ ਬਰਾਬਰ ਯੋਗਦਾਨ ਪਾਉਣ ਦਾ ਐਲਾਨ

ਸਰੀ – ਕੈਂਸਰ ਦੇ ਇਲਾਜ ਅਤੇ ਖੋਜ ਲਈ ਕੈਨੇਡਾ ਵਾਕ ਕਰਨ ਵਾਲੇ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਦੀ ਫੰਡਰੇਜ਼ਿੰਗ ਮੁਹਿੰਮ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਆਪਣੀ ਇਸ ਮੁਹਿੰਮ ਲਈ ਇਕ ਮਿਲੀਅਨ ਡਾਲਰ ਇਕੱਠਾ ਕਰਕੇ ਬੀ ਸੀ ਕੈਂਸਰ ਫਾੳੂਂਡੇਸ਼ਨ ਨੂੰ ਦੇਣ ਦਾ ਐਲਾਨ ਕੀਤਾ ਹੈ।

ਇਸੇ ਦੌਰਾਨ ਉਹਨਾਂ ਦੀ ਇਸ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਬਰਤਾਨੀਆ ਅਤੇ ਕੈਨੇਡਾ ਦੇ ਉੱਘੇ ਬਿਜ਼ਨਸਮੈਨ ਸ. ਮਨਜੀਤ ਸਿੰਘ ਲਿੱਟ ਨੇ ਐਲਾਨ ਕੀਤਾ ਕਿ ਉਹ ਪ੍ਰੋਫੈਸਰ ਵਿਰਦੀ ਵਲੋਂ ਇਕੱਤਰ ਕੀਤੇ ਜਾ ਰਹੇ ਹਰ ਇਕ ਡਾਲਰ ਨਾਲ ਇਕ ਡਾਲਰ ਮੈਚ ਕਰਨਗੇ। ਭਾਵ ਪ੍ਰੋਫੈਸਰ ਵਿਰਦੀ ਵਲੋਂ ਇਕ ਲੱਖ ਡਾਲਰ ਇਕੱਠਾ ਹੋਣ ’ਤੇ ਉਹ ਆਪਣੇ ਵਲੋਂ ਇਕ ਲੱਖ ਡਾਲਰ ਦਾ ਯੋਗਦਾਨ ਪਾਉਣਗੇ। ਉਹਨਾਂ ਦੇ ਇਸ ਐਲਾਨ ਦਾ ਪ੍ਰੋਫੈਸਰ ਵਿਰਦੀ ਨੇ ਸਵਾਗਤ ਕਰਦਿਆਂ ਹੋਰ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਤਾਂਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।

ਇਸ ਮੌਕੇ ਉੱਘੇ ਸਮਾਜ ਸੇਵੀ ਜਤਿੰਦਰ ਸਿੰਘ, ਜੇ ਮਿਨਹਾਸ ਅਤੇ ਸ. ਇੰਦਰਜੀਤ ਸਿੰਘ ਬੈਂਸ ਨੇ ਸ. ਲਿੱਟ ਦੇ ਐਲਾਨ ਦਾ ਸਵਾਗਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਵਿਰਦੀ ਦੀ ਕੈਂਸਰ ਖਿਲਾਫ਼ ਮੁਹਿੰਮ ਨੂੰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸਰੀ ਵਲੋਂ ਸਪਾਂਸਰ ਕੀਤਾ ਗਿਆ ਹੈ।

Comments are closed, but trackbacks and pingbacks are open.