ਉਹ ਫੈਸ਼ਨ ਡਿਜਾਈਨਰ ਵਜੋਂ ਸ਼ਾਹੀ ਜਿੰਦਗੀ ਜੀ ਰਹੀ ਹੈ ਤੇ ਤਲਾਕਸ਼ੁੱਦਾ ਹੈ।
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਵਾਲਿੰਗਟਨ, ਨਿਊਜਰਸੀ ਵਿੱਚ ਰਹਿੰਦੇ 52 ਸਾਲਾ ਜੋਸਫ ਨੋਵਾਕ ਦੀ ਫੇਸਬੁੱਕ ਉਪਰ ਇਕ ਔਰਤ ਨਾਲ ਸ਼ੁਰੂ ਹੋਈ ਦੋਸਤੀ ਦਾ ਅੰਤ ਉਸ ਦੀ ਜੀਵਨ ਭਰ ਦੀ ਕਮਾਈ ਦੇ ਖਾਤਮੇ ਨਾਲ ਹੋਇਆ ਹੈ।
ਅਕਤੂਬਰ 2024 ਵਿੱਚ ਨੋਵਾਕ ਨੇ ਫੇਸਬੁੱਕ ਉਪਰ ਇਕ ਪੋਸਟ ਸਾਂਝੀ ਕੀਤੀ ਸੀ ਕਿ ਸੇਫ ਫਾਸਟ ਫੂਡ ਦੇ ਬਦਲ ਨਾ ਹੋਣ ਕਾਰਨ ਉਸ ਦਾ ਪੁੱਤਰ ਸੀਲੇਸ ਰੋਗ ਤੋਂ ਪੀੜਤ ਹੈ। ਇਸ ‘ਤੇ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਜਿਨਾਂ ਵਿਚੋਂ ਇੱਕ ਟਿੱਪਣੀ ਇੱਕ ਔਰਤ ਜਿਸ ਨੇ ਆਪਣਾ ਨਾਂ ਏਲਿਸ ਡੈਨਰ ਦੱਸਿਆ, ਦੀ ਸੀ। ਉਸ ਨੇ ਆਪਣੀ ਟਿੱਪਣੀ ਵਿੱਚ ਕਿਹਾ ਸੀ ‘ ਮੈ ਨਹੀਂ ਜਾਣਦੀ ਕਿ ਤੁਸੀਂ ਮੇਰੇ ਫੇਸਬੁੱਕ ਉਪਰ ਸੰਭਾਵੀ ਮਿਤਰ ਹੋ.. ਮੈ ਤੁਹਾਨੂੰ ਸ਼ਾਮਿਲ ਕੀਤਾ ਹੈ ਤੇ ਆਸ ਕਰਦੀ ਹਾਂ ਕਿ ਇਸ ਨਾਲ ਤੁਸੀਂ ਗਲਤ ਮਹਿਸੂਸ ਨਹੀਂ ਕਰੋਗੇ।’
ਉਸ ਨੇ ਹੋਰ ਲਿਖਿਆ ‘ਮੈਨੂੰ ਤੁਹਾਡੀ ਪੁੱਤਰ ਬਾਰੇ ਦਿੱਲ ਨੂੰ ਛੂਹ ਲੈਣ ਵਾਲੀ ਪੋਸਟ ਮਿਲੀ ਹੈ, ਕੀ ਅਸੀਂ ਸੰਪਰਕ ਕਰ ਸਕਦੇ ਹਾਂ? ਇਹ ਸੁਨੇਹਾ ਸਧਾਰਨ ਸੀ ਤੇ ਇਸ ਵਿੱਚ ਕੁਝ ਵੀ ਨੁਕਸਾਨਦਾਇਕ ਨਹੀਂ ਲੱਗਦਾ ਸੀ। ਡੈਨਰ ਨੇ ਆਪਣੇ ਆਪ ਨੂੰ ਫੈਸ਼ਨ ਡਿਜਾਈਨਰ ਦਸਿਆ ਤੇ ਕਿਹਾ ਕਿ ਉਹ ਨਿਊਯਾਰਕ ਵਿੱਚ ਮੈਡੀਸਨ ਐਵੀਨਿਊ ਵਿੱਚ ਕੰਮ ਕਰਦੀ ਹੈ। ਉਨਾਂ ਵਿਚਾਲੇ ਦੋਸਤੀ ਫੇਸਬੁੱਕ ਤੋਂ ਬਦਲ ਕੇ ਵੱਟਸ ਐਪ ਉਪਰ ਆ ਗਈ ਤੇ ਆਪਸ ਵਿੱਚ ਨਿੱਜੀ ਗੱਲਾਂ ਵੀ ਸਾਂਝੀਆਂ ਕਰਨ ਲੱਗੇ। ਨੋਵਾਕ ਜਿਸ ਦੀ ਇਨਫਰਮੇਸ਼ਨ ਟੈਕਨਾਲੋਜੀ ਦੇ ਉਪ ਪ੍ਰਧਾਨ ਵਜੋਂ ਨੌਕਰੀ ਜਾਂਦੀ ਰਹੀ ਸੀ ਤੇ ਉਹ ਪਤਨੀ ਨਾਲ ਦੋ ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਿਹਾ ਸੀ। ਡੈਨਰ ਨੇ ਦਸਿਆ ਕਿ ਉਹ ਫੈਸ਼ਨ ਡਿਜਾਈਨਰ ਵਜੋਂ ਸ਼ਾਹੀ ਜਿੰਦਗੀ ਜੀ ਰਹੀ ਹੈ ਤੇ ਤਲਾਕਸ਼ੁੱਦਾ ਹੈ। ਇਸ ਸਾਲ ਫਰਵਰੀ ਵਿੱਚ ਉਨਾਂ ਨੇ ਇਕ ਦੂਸਰੇ ਨੂੰ ਪਿਆਰ ਕਰਨ ਦਾ ਐਲਾਨ ਕੀਤਾ।
ਅਪ੍ਰੈਲ ਵਿੱਚ ਡੈਨਰ ਨੇ ਇਕ ਨਕਲੀ ਕ੍ਰਿਪਟੋ ਨਿਵੇਸ਼ ਸਕੀਮ ਵਿੱਚ ਪੈਸਾ ਲਾਉਣ ਦੀ ਸ਼ਿਫਾਰਿਸ਼ ਕੀਤੀ ਜਿਸ ਉਪਰੰਤ ਨੋਵਾਕ ਨੇ ਆਪਣੀ ਜੀਵਨ ਭਰ ਦੀ ਕਮਾਈ 2,80,000 ਡਾਲਰ ਇਸ ਨਕਲੀ ਸਕੀਮ ਵਿੱਚ ਨਿਵੇਸ਼ ਕਰ ਦਿੱਤੇ। ਇਸ ਤੋਂ ਬਾਅਦ ਡੈਨਰ ਆਪਣੀ ਪ੍ਰੋਫਾਈਲ ਸਮੇਤ ਫੇਸਬੁੱਕ ਤੋਂ ਗਾਇਬ ਹੋ ਗਈ। ਸਭ ਕੁਝ ਗਵਾਉਣ ਤੋਂ ਬਾਅਦ ਨੋਵਾਕ ਹੁਣ ਪਛਤਾ ਰਿਹਾ ਹੈ ਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹੈ। ਉਸ ਕੋਲ ਆਪਣੀ 78 ਸਾਲਾ ਬਿਰਧ ਮਾਂ ਦੀ ਦਵਾਈ ਲਈ ਵੀ ਪੈਸੇ ਨਹੀਂ ਹਨ।


Comments are closed, but trackbacks and pingbacks are open.