ਪੰਜਾਬ ਨੂੰ ਜਲ-ਪਰਲੋ ਤੋਂ ਬਚਾਉਣ ਲਈ ਡੈਮਾਂ ਦਾ ਕੰਟਰੋਲ ਤੁਰੰਤ ਲੈਣਾ ਜਰੂਰੀ”- ‘ਲੋਕ-ਰਾਜ’ ਪੰਜਾਬ

ਪ੍ਰਬੰਧਕੀ ਅਤੇ ਕਾਨੂੰਨੀ ਕਦਮ ਚੁੱਕਣ ਦਾ ਫ਼ੈਸਲਾ ਲੈਣ ਦਾ ਵੀ ਮਤਾ ਪਾਉਣ ਦੀ ਪੁਰਜ਼ੋਰ ਅਪੀਲ

 ਪਟਿਆਲਾ – ‘ਲੋਕ-ਰਾਜ’ ਪੰਜਾਬ, ‘ਪੰਜਾਬ ਵਿਦਿਆਰਥੀ ਪ੍ਰੀਸ਼ਦ’ ਅਤੇ ‘ਪੰਜਾਬ ਮੈਡੀਕੋਜ਼ ਯੂਨੀਅਨ’ ਵੱਲੋਂ, ਪੰਜਾਬ ਨੂੰ ਜਲ-ਪਰਲੋ ਵਰਗੀ ਤਬਾਹੀ ਅਤੇ ਨਿੱਤ ਦੇ ਮਾਰੂ ਹੜ੍ਹਾਂ ਦੇ ਉਜਾੜੇ ਤੋਂ ਬਚਾਉਣ ਲਈ ਪੰਜਾਬ ਦੀਆਂ ਸਮੂਹ ਗ੍ਰਾਮਸਭਾਵਾਂ ਨੂੰ ਪੰਜਾਬ ਦੇ ਦਰਿਆਵਾਂ ਦੇ ਸਾਰੇ ਡੈਮਾਂ ਅਤੇ ਹੈਡਵਰਕਸ ਦਾ ਕੰਟਰੋਲ ਤੁਰੰਤ ਬੀ.ਬੀ.ਐਮ.ਬੀ ਭੰਗ ਕਰਕੇ ਪੰਜਾਬ ਨੂੰ ਦੇਣ ਦੇ ਮਤੇ ਬਿਨਾ ਕਿਸੇ ਦੇਰੀ ਤੋਂ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਗਰਾਮ ਸਭਾ ਦੇ ਮਤੇ ਦੀ ਇਬਾਰਤ ਜਾਰੀ ਕਰਦੇ ਹੋਏ ਡਾ ਮਨਜੀਤ ਸਿੰਘ ਰੰਧਾਵਾ ਪ੍ਰਧਾਨ ‘ਲੋਕ-ਰਾਜ’ ਪੰਜਾਬ, ਵਿਦਿਆਰਥੀ ਆਗੂ ਯਾਦਵਿਁਦਰ ਸਿੰਘ “ਯਾਦੂ” ਪ੍ਰਧਾਨ ‘ਪੰਜਾਬ ਵਿਦਿਆਰਥੀ ਪ੍ਰੀਸ਼ਦ’ ਅਤੇ ਡਾ ਗੁਰਭਗਤ ਸਿੰਘ ਵਿਰਕ ਜਰਨਲ ਸੈਕਟਰੀ ‘ਪੰਜਾਬ ਮੈਡੀਕੋਜ਼ ਯੂਨੀਅਨ’ ਨੇ ਸਾਂਝੇ ਬਿਆਨ ਵਿੱਚ, ਪੰਜਾਬ ਦੀਆਂ ਸਮੂਹ ਗ੍ਰਾਮ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਭਾਖ਼ੜਾ ਡੈਮ ਦੇ ਨਿਕਾਸੀ ਗੇਟ ਅੱਠ ਫੁੱਟ ਤੱਕ ਖੋਲ੍ਹ ਦਿਤੇ ਜਾਣ ਕਰਕੇ, “ਪੰਜਾਬ ਨੂੰ ਜਲ-ਪਰਲੋ ਵਰਗੀ ਤਬਾਹੀ ਤੋਂ ਬਚਾਉਣ” ਲਈ, ਇਹ ਅਤਿ ਜਰੂਰੀ ਮਤੇ ਤੁਰੰਤ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਭੇਜੇ ਜਾਣ।

ਕਿਉਂਕਿ ਤਕਨੀਕੀ ਮਾਹਿਰਾਂ ਅਨੁਸਾਰ, ਇੱਕ ਵਾਰ ਅੱਠ ਫੁੱਟ ਖੋਲ੍ਹੇ ਗਏ ਭਾਖੜਾ ਡੈਮ ਦੇ ਇਹ ਫ਼ਲਡ ਗੇਟ, 90 ਕਿਲੋਮੀਟਰ ਲੰਮੀ, 168 ਵਰਗ ਕਿਲੋਮੀਟਰ ਵਿੱਚ ਫ਼ੈਲੀ ਹੋਈ ਗੋਬਿੰਦ ਸਾਗਰ ਝੀਲ ਦੇ ਅੱਠ ਅੱਠ ਫੁੱਟ ਪਾਣੀ ਦੀ ਨਿਕਾਸੀ ਤੋਂ ਪਹਿਲਾਂ ਇਹ ਫਲੱਡ ਗੇਟ ਬੰਦ ਨਹੀਂ ਹੋ ਸਕਣਗੇ।

*ਗ੍ਰਾਮ ਸਭਾ ਦਾ ਮਤਾ*

ਆਪਣੇ ਗ੍ਰਾਮ ਸਭਾ ਇਜਲਾਸ ਵਿੱਚ ਮੈਜੂਦਾ ਅਤੇ ਨਿੱਤ ਦੇ ਮਾਰੂ ਹੜ੍ਹਾਂ ਦੇ ਬੇਹਦ ਦਰਦਨਾਕ ਹਾਲਾਤ ਦੇ ਕਾਰਨਾ ਅਤੇ ਬਚਾਅ ਬਾਰੇ ਤਫ਼ਸੀਲ ਨਾਲ ਵਿਚਾਰ ਵਟਾਂਦਰਾ ਕਰਕੇ ਹੇਠ ਲਿਖੇ ਮਤੇ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ :

“ਅਸੀਂ ਪੰਜਾਬ ਦੇ ਦਰਿਆਵਾਂ ਦੀ ਧਰਤੀ ਦੇ ਵਸਨੀਕ ਨਿੱਤ ਦੇ ਬੇਗਾਨੇ ਵੱਸ ਡੈਮਾਂ ਤੋਂ ਪਾਣੀ ਛੱਡਣ ਕਰਕੇ ਬਾਰੰ ਬਾਰ ਆਉਂਦੇ ਮਾਰੂ ਹੜ੍ਹਾਂ ਕਾਰਨ ਉਜਾੜੇ ਅਤੇ ਜਾਨੀ-ਮਾਲੀ ਨੁਕਸਾਨ ਤੋਂ ਅੱਕ ਗਏ ਹਾਂ। ਪੰਜਾਬ ਦੇ ਦਰਿਆਵਾਂ ਰਾਵੀ ਬਿਆਸ ਸਤਲੁਜ ਤੇ ਬਣੇ ਸਾਰੇ ਡੈਂਮਾਂ, ਸਾਗਰ ਅਤੇ ਹੈਡ-ਵਰਕਸ ਦਾ ਮੁਕੰਮਲ ਕੰਟਰੋਲ ਬੀ.ਬੀ.ਐਮ.ਬੋਰਡ ਭੰਗ ਕਰਕੇ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਦਿੱਤਾ ਜਾਵੇ। 

ਕਿਉਂਕਿ ਹੁਣ ਅਸੀਂ ਭਲੀ ਭਾਂਤ ਸਮਝ ਚੁੱਕੇ ਹਾਂ ਕਿ ਇਸ ਤ੍ਰਾਸਦੀ ਦਾ ਮੂਲ ਕਾਰਨ ਇਹਨਾਂ ਦਾ ਕੰਟਰੋਲ ਰਿਪੇਰੀਅਨ ਰਾਜ ਪੰਜਾਬ ਕੋਲ ਨਾ ਹੋਣ ਕਰਕੇ, ਡੈਮਾਂ ਉੱਪਰ ਗੈਰਕਾਨੂੰਨੀ ਤੇ ਗੈਰਸੰਵਿਧਾਨਕ ਭਾਖੜਾ ਬਿਆਸ ਪ੍ਰਬੰਧ ਬੋਰਡ ਬਣਾ ਕੇ ਗੈਰ ਰਿਪੇਰੀਅਨ ਰਾਜਾਂ ਹੱਥ ਦਿੱਤੇ ਗਏ ਪੱਖਪਾਤੀ ਕੰਟਰੋਲ ਹੀ ਹੈ।”

“ਗ੍ਰਾਮ ਸਭਾ ਇਸ ਮਤੇ ਰਾਹੀਂ ਮੌਜੂਦਾ ਹੜ੍ਹਾਂ ਦੀ ਨਿਆਇਕ ਜਾਂਚ ਦੀ ਵੀ ਮੰਗ ਕਰਦੀ ਹੈ। ਕਿਉਂਂਜੁ ਇਹ ਹੜ੍ਹ, ਸ੍ਰੀ ਦਰਬਾਰ ਸਾਹਿਬ ਨੂੰ ਹੜ੍ਹਗ੍ਰਸਤ ਵਿਖਾਉਣ ਵਾਲੀ ਵੀਡੀੳ ਵਾਇਰਲ ਹੋਣ ਮਗਰੋਂ “ਸ਼ੰਕਾਪੂਰਨ ਹਾਲਾਤ ਵਿੱਚ, ਆਰੰਭ ਹੋਏ। ਨਿਰਧਾਰਤ ਨੇਮਾਂ ਨੂੰ ਤੋੜ ਕੇ ਬਹੁਤ ਸਾਰਾ ਪਾਣੀ ਜਮ੍ਹਾਂ ਰੱਖਿਆ ਗਿਆ। ਡੈਮਾਂ ਦਾ ਪਾਣੀ ਜਲ-ਤੋਪਾਂ ਵਾਂਗ ਵਰਤ ਕੇ ਲਿਆਂਦੇ ਗਏ, ਇਹ ਮਾਰੂ-ਹੜ੍ਹ ਕਿਸੇ ਪੱਖੋਂ ਕੁਦਰਤੀ ਨਹੀਂ ਹਨ। ਕਿਓੰਕਿ ਇਹ ਹੜ੍ਹ ਦਰਿਆਵਾਂ ਵਿੱਚ ਵਗਦੇ ਬਰਸਾਤੀ ਪਾਣੀ ਦੇ ਵਹਾਅ ਕਰਕੇ ਨਹੀਂ, ਬਲਕਿ ਡੈਮਾਂ ਦੇ ‘ਲੋਕ ਸੁਰੱਖ਼ਿਆ ਨੇਮਾਂ’ ਦੀ ਅਣਦੇਖੀ ਕਰਕੇ ਆਏ। 

ਬਰਸਾਤ ਤੋਂ ਪਹਿਲਾਂ ਹੀ ਡੈਮ ਅੱਧੇ ਭਰੇ ਰੱਖੇ ਗਏ, ਜੋ ਅਪਰਾਧਿਕ ਮਨੁੱਖੀ ਕਾਰਾ ਹੈ। ਨਿਰਧਾਰਤ ਤਲਾਂ ਤੱਕ ਡੈਮਾਂ ਨੂੰ ਖਾਲੀ ਕੀਤਾ ਹੀ ਨਹੀਂ ਗਿਆ। ਜੋ ਭਾਖ਼ੜਾ ਡੈਮ 80 ਫੁੱਟ, ਪੌਂਗ ਡੈਮ 30 ਫੁੱਟ ਅਤੇ ਰਣਜੀਤ ਸਾਗਰ 78 ਫੁੱਟ ਵੱਧ ਪਹਿਲਾਂ ਹੀ ਭਰੇ ਰੱਖਣ ਕਰਕੇ ਸਾਰੇ ਡੈਮਾਂ ਦੀ ਸਮਰੱਥਾ ਬਹੁਤ ਘਟ ਗਈ। ਜਦੋਂ ਕਿ ਮੌਸਮ ਵਿਭਾਗ ਵੱਲੋਂ ਐਤਕੀਂ ਜ਼ਿਆਦਾ ਬਾਰਿਸ਼ ਹੋਣ ਦੀ ਪਹਿਲਾਂ ਹੀ ਚਿਤਾਵਨੀ ਸੀ।”

“ਗ੍ਰਾਮ ਸਭਾ ਇਸ ਮਤੇ ਰਾਹੀਂ ਹਾਈ ਕੋਰਟ ਅਤੇ ਸੁਪ੍ਰੀਮ ਕੋਰਟ ਵਿਚ ਡੈਮਾਂ ਦਾ ਮੁਕੰਮਲ ਕੰਟਰੋਲ ਰਿਪੇਰੀਅਨ ਰਾਜ ਪੰਜਾਬ ਨੂੰ ਦਿਵਾਉਣ ਲਈ ਕੇਸ ਕਰਨ, ਅਤੇ ਗੁਜਰਾਤ ਦੇ ਸਾਦਿਕਭਾਈ ਰਾਜਭਾਈ ਕੇਸ ਵਿੱਚ ਸੁਪਰੀਮ ਕੋਰਟ ਦੇ 10 ਮਈ 2016 ਦੇ ਫੈਸਲੇ ਮੁਤਾਬਿਕ ਡੈਮਾਂ ਦੇ ਪ੍ਰਬੰਧਕ ਭਾਖੜਾ ਬਿਆਸ ਮੈਨਜਮੈਂਟ ਬੋਰਡ ਤੋਂ ਹਰਜਾਨਾ ਵਸੂਲ ਕਰਨ ਲਈ ਹਰ ਕਾਨੂੰਨੀ ਕਦਮ ਚੁੱਕਣ ਦਾ ਫ਼ੈਸਲਾ ਕਰਦੀ ਹੈ।

“ਗ੍ਰਾਮ ਸਭਾ ਇਸ ਮਤੇ ਰਾਹੀਂ “ਚੁਣੀ ਹੋਈ ਪੰਜਾਬ ਵਿਧਾਨ ਸਭਾ ਦੇ ਸਮੂਹ ਮੈਂਬਰਾਂ ਨੂੰ ਤੁਰੰਤ ਵਿਸ਼ੇਸ਼ ਇਜਲਾਸ ਸੱਦ ਕੇ ਭਾਖ਼ੜਾ ਬਿਆਸ ਮੈਨੇਜਮੇੈਂਟ ਬੋਰਡ ਨੂੰ ਭੰਗ ਕਰਕੇ ਡੈਮਾਂ ਦਾ ਕੰਟਰੋਲ ਰਿਪੇਰੀਅਨ ਰਾਜ ਪੰਜਾਬ ਨੂੰ ਦੇਣ ਦਾ ਮਤਾ ਪਾਉਣ, ਅਤੇ ਹੜ੍ਹਾਂ ਕਰਕੇ ਪੰਜਾਬ ਦੇ ਹੋਏ ਨੁਕਸਾਨ ਲਈ ਜਿੰਮੇਵਾਰ ਬੀ.ਬੀੇ.ਐਮ.ਬੋਰਡ. ਦੇ ਪ੍ਰਬੰਧਕ ਭਾਈਵਾਲ ਗੈਰ-ਰਿਪੇਰੀਅਨ ਰਾਜਾਂ ਅਤੇ ਕੇਂਦਰ ਦੀਆਂ ਸਰਕਾਰਾਂ ਤੋਂ ਹਰਜਾਨਾ ਵਸੂਲਣ ਲਈ ਸਾਰੇ ਪ੍ਰਬੰਧਕੀ ਅਤੇ ਕਾਨੂੰਨੀ ਕਦਮ ਚੁੱਕਣ ਦਾ ਫ਼ੈਸਲਾ ਲੈਣ ਦਾ ਵੀ ਮਤਾ ਪਾਉਣ ਦੀ ਪੁਰਜ਼ੋਰ ਅਪੀਲ ਕਰਦੀ ਹੈ।

ਡਾ ਮਨਜੀਤ ਸਿੰਘ ਰੰਧਾਵਾ
ਪ੍ਰਧਾਨ, ‘ਲੋਕ-ਰਾਜ’ ਪੰਜਾਬ
ਮੋਬਾ: +91 98723 27993.

ਯਾਦਵਿੰਦਰ ਸਿੰਘ “ਯਾਦੂ”
ਵਿਦਿਆਰਥੀ ਆਗੂ “ਸੈਫ਼ੀ” ਅਤੇ ਪ੍ਰਧਾਨ ਪੰਜਾਬ ਵਿਦਿਆਰਥੀ ਪ੍ਰੀਸ਼ਦ
ਮੋਬਾ: +91 98784 82980

Comments are closed, but trackbacks and pingbacks are open.