ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ

ਮਰਹੂਮ ਸੰਗੀਤਕਾਰ ਚਰਨਜੀਤ ਆਹੂਜਾ ਅਤੇ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਗਲਾਸਗੋ,(ਹਰਜੀਤ  ਦੁਸਾਂਝ ਪੁਆਦੜਾ) – ਸਕਾਟਲੈਂਡ ਦੀ ਨਾਮਵਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਆਪਣਾ ਸਾਲਾਨਾ ਕਵੀ ਦਰਬਾਰ  ਸ਼ੇਰਬਰੁਕ ਹਾਲ ਗਲਾਸਗੋ ਵਿਖੇ ਕਰਵਾਇਆ ਗਿਆ। ਸੱਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਉਦਘਾਟਨੀ ਸੰਬੋਧਨ ਵਿੱਚ ਆਏ ਹੋਏ ਸਰੋਤਿਆਂ, ਕਵੀਆਂ, ਕਵਿੱਤਰੀਆਂ ਨੂੰ ਜੀ ਆਇਆਂ ਕਿਹਾ। ਉਪਰੰਤ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਮਰਹੂਮ ਸੰਗੀਤਕਾਰ ਚਰਨਜੀਤ ਆਹੂਜਾ ਅਤੇ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਪੰਜਾਬੀ ਸਾਹਿਤ ਸਭਾ ਵੱਲੋਂ ਗਲਾਸਗੋ ਦੀ ਉਭਰਦੀ ਕਵਿੱਤਰੀ ਜਗਰੂਪ ਕੌਰ ਦੀ ਪਲੇਠੀ ਪੁਸਤਕ ‘ਕੁੱਝ ਸੋਚ ਵਿਚਾਰ’ ਲੋਕ ਅਰਪਣ ਕੀਤੀ ਗਈ ਅਤੇ ਜਗਰੂਪ ਕੌਰ ਨੇ ਆਪਣੀ ਕਿਤਾਬ ਵਿੱਚੋਂ ਕੁਝ ਕਵਿਤਾਵਾਂ ਨਾਲ ਸਾਂਝ ਪਾਈ। ਇਸ ਬਾਅਦ ਪਿਸ਼ੌਰਾ ਸਿੰਘ ਬੱਲ, ਅਮਰ ਮੀਨੀਆਂ, ਰਜ਼ਾ ਸਲੀਮ, ਸੁੱਖੀ ਦੁਸਾਂਝ, ਕਰਮਜੀਤ ਮੀਨੀਆਂ, ਇੰਦਰਜੀਤ ਲੀਡਰ, ਸੰਤੋਖ ਸੋਹਲ, ਤਰਲੋਚਨ ਮੁਠੱਡਾ, ਜਸਪ੍ਰੀਤ, ਸੰਜੀਵ ਭਨੋਟ (ਬਰਮਿੰਘਮ), ਦੁਪਿੰਦਰ ਕੌਰ, ਜਤਿੰਦਰ ਕੌਰ ਸੰਧੂ, ਦਿਲਜੀਤ ਸਿੰਘ ਦਿਲਬਰ ਨੇ ਆਪਣੀਆਂ ਰਚਨਾਵਾਂ, ਗੀਤਾਂ, ਕਵਿਤਾਵਾਂ ਨਾਲ ਪਰੋਗਰਾਮ ਵਿੱਚ ਰੰਗ ਭਰ ਦਿੱਤਾ।  

ਇੰਗਲੈਂਡ ਤੋਂ ਸਭਾ ਦੇ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਪ੍ਰਸਿੱਧ ਸ਼ਾਇਰ ਰਾਜਿੰਦਰਜੀਤ ਨੇ ਆਪਣੀਆਂ ਕਿਤਾਬਾਂ ‘ਸਾਵੇਂ ਅਕਸ’ ਅਤੇ  ‘ਸੂਲਾਂ ਸੇਤੀ ਰਾਤ’ ਵਿੱਚੋਂ ਆਪਣੀਆਂ ਗ਼ਜ਼ਲਾਂ ਤਰੰਨੁਮ ਵਿੱਚ ਪੇਸ਼ ਕੀਤੀਆਂ ਤਾਂ ਸਰੋਤਿਆਂ ਨੇ ਇਕਾਗਰਤਾ ਨਾਲ ਮੰਤਰ ਮੁਗਧ ਹੋ ਕੇ ਉਹਨਾਂ ਦੀ ਸ਼ਾਇਰੀ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਇੰਗਲੈਂਡ ਦੀ ਪ੍ਰਸਿੱਧ ਰੇਡੀਓ ਟੈਲੀਵੀਜ਼ਨ ਪੇਸ਼ਕਾਰ ਅਤੇ ਕਵਿੱਤਰੀ ਰੂਪ ਦਵਿੰਦਰ ਕੌਰ ਨੇ ਆਪਣੀ ਕਿਤਾਬ ‘ਮੌਨ ਦਾ ਅਨੁਵਾਦ’ ਵਿੱਚੋ ਕਵਿਤਾਵਾਂ ਸੁਣਾ ਕੇ ਅਤੇ ਆਪਣੀਆਂ ਅਣ ਛਪੀਆਂ ਗ਼ਜ਼ਲਾਂ ਨਾਲ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਕਿ ਹਾਲ ਵਿੱਚ ਬੈਠਾ ਸ਼ਾਇਰੀ ਦੇ ਵਹਿਣ ਵਿੱਚ ਵਹਿ ਰਿਹਾ ਸੀ।  

ਪਰੋਗਰਾਮ ਦੇ ਆਖਰ ਵਿੱਚ ਪਰਧਾਨ ਦਲਜੀਤ ਸਿੰਘ ਦਿਲਬਰ ਵਲੋਂ ਆਏ ਸਰੋਤਿਆਂ ਦਾ ਅਤੇ ਕਵੀਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਅਮਨਦੀਪ ਸਿੰਘ ਅਮਨ ਵੱਲੋਂ ਵਾਖੂਬੀ ਨਾਲ ਨਿਭਾਏ ਗਏ । ਇਸ ਤੋਂ ਇਲਾਵਾ ਸਭਾ ਦੇ ਮੀਤ ਪ੍ਰਧਾਨ ਕਮਲਜੀਤ ਕੌਰ ਮਿਨਹਾਸ, ਡਾਕਟਰ ਇੰਦਰਜੀਤ ਸਿੰਘ, ਦਿਲਬਾਗ ਸਿੰਘ ਸੰਧੂ, ਮਾਸਟਰ ਗੁਰਦੇਵ ਸਿੰਘ, ਸੁਖਦੇਵ ਰਾਹੀ, ਜਗਦੀਸ਼ ਸਿੰਘ ਮੌਜੂਦ ਸਨ । ਪਰੋਗਰਾਮ ਦੌਰਾਨ ਸਾਹਿਤ ਸਭਾ ਵਲੋਂ ਪੰਜਾਬੀ ਕਿਤਾਬਾਂ ਦਾ ਸਟਾਲ ਵੀ ਲਾਇਆ ਗਿਆ।

Comments are closed, but trackbacks and pingbacks are open.