ਗੀਤਾਂ ਦੀ ਅੰਤਾਕਸ਼ਰੀ ਵੀ ਕਰਵਾਈ ਗਈ, ਜਿਸ ਨਾਲ ਦਰਸ਼ਕਾਂ ਦੀ ਰੁਚੀ ਹੋਰ ਵੀ ਵਧ ਗਈ
ਗਲਾਸਗੋ (ਹਰਜੀਤ ਦੁਸਾਂਝ ਪੁਆਦੜਾ) – ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਗਲਾਸਗੋ ਦੇ ਫਿਰੰਗੀ ਰੈਸਟੋਰੈਂਟ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਭਾ ਦੇ ਪ੍ਰਧਾਨ ਦਲਜੀਤ ਸਿੰਘ ਦਿਲਬਰ ਨੇ ਆਏ ਲੋਕਾਂ ਦਾ ਸਵਾਗਤ ਕੀਤਾ ਅਤੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਵਲੋਂ ਮੂੰਗਫਲੀ ਤੇ ਰਿਓੜੀਆਂ ਵੀ ਵੰਡੀਆਂ ਗਈਆਂ। ਇਸ ਤੋਂ ਬਾਅਦ ਦੁਪਿੰਦਰ ਕੌਰ ਅਤੇ ਉਸ ਦੀ ਟੀਮ ਵਲੋਂ ਲੋਹੜੀ ਦਾ ਗੀਤ “ਸੁੰਦਰ ਮੁੰਦਰੀਏ” ਗਾਇਆ ਗਿਆ, ਜਿਸਦਾ ਸਮਾਗਮ ਵਿੱਚ ਸ਼ਾਮਲ ਸਾਰੇ ਲੋਕਾਂ ਨੇ ਤਾੜੀਆਂ ਨਾਲ ਸਾਥ ਦਿੱਤਾ।
ਇਸ ਮੌਕੇ ਸੰਤੋਖ ਸੋਹਲ, ਕਰਮਜੀਤ ਮੀਨੀਆ, ਜਸਵਿੰਦਰ ਕੁਮਾਰ, ਇੰਦਰਜੀਤ ਲੀਡਰ ਅਤੇ ਦਲਜੀਤ ਸਿੰਘ ਦਿਲਬਰ ਵਲੋਂ ਵੀ ਪੰਜਾਬੀ ਗੀਤ ਪੇਸ਼ ਕੀਤੇ ਗਏ। ਮਾਸਟਰ ਗੁਰਦੇਵ ਸਿੰਘ ਵਲੋਂ ਪੰਜਾਬੀ ਮੁਹਾਵਰਿਆਂ ’ਤੇ ਆਧਾਰਿਤ ਬਹੁਤ ਹੀ ਰੌਚਿਕ ਅਤੇ ਗਿਆਨ ਭਰਪੂਰ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਸਾਰੇ ਸਰੋਤਿਆਂ ਨੇ ਖੁਸ਼ੀ ਨਾਲ ਭਾਗ ਲਿਆ। ਬੱਚਿਆਂ ਲਈ ਪੰਜਾਬੀ ਗੀਤਾਂ ਨਾਲ ਮਿਊਜ਼ਿਕਲ ਚੇਅਰ ਖੇਡ ਕਰਵਾਈ ਗਈ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਜੇਤੂ ਬੱਚਿਆਂ ਨੂੰ ਹੌਂਸਲਾ ਹਫ਼ਜਾਈ ਲਈ ਇਨਾਮ ਦਿੱਤੇ ਗਏ। ਮਿਊਜੀਕਲ ਚੇਅਰ ਪਰੋਗਰਾਮ ਵਿੱਚ ਬੀਬੀਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਮਿਨਹਾਸ ਵਲੋਂ ਬਖੂਬੀ ਨਿਭਾਈ ਗਈ। ਉਨ੍ਹਾਂ ਵਲੋਂ ਗੀਤਾਂ ਦੀ ਅੰਤਾਕਸ਼ਰੀ ਵੀ ਕਰਵਾਈ ਗਈ, ਜਿਸ ਨਾਲ ਦਰਸ਼ਕਾਂ ਦੀ ਰੁਚੀ ਹੋਰ ਵੀ ਵਧ ਗਈ।
ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਦਿਲਬਾਗ ਸਿੰਘ ਸੰਧੂ, ਤਰਲੋਚਨ ਮੁਠੱਡਾ, ਜਗਦੀਸ਼ ਸਿੰਘ, ਸੁਖਦੇਵ ਰਾਹੀ, ਡਾ: ਇੰਦਰਜੀਤ ਸਿੰਘ ਆਦਿ ਮੌਜੂਦ ਸਨ । ਅੰਤ ਵਿੱਚ ਸਭਾ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਵਲੋਂ ਲੋਹੜੀ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਦਾ, ਕਲਾਕਾਰਾਂ ਦਾ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।


Comments are closed, but trackbacks and pingbacks are open.