ਵੱਖ-ਵੱਖ ਕਿਸਮ ਦੀਆਂ ਪੰਜਾਬੀ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ
ਗਲਾਸਗੋ, (ਹਰਜੀਤ ਸਿੰਘ ਦੁਸਾਂਝ ਪੁਆਦੜਾ) – ਸਕਾਟਲੈਂਡ ਵਿੱਚ ਹਰ ਸਾਲ ਨਵੰਬਰ ਦੇ ਮਹੀਨੇ ਸਕਾਟਿਸ਼ ਬੁੱਕ ਟਰੱਸਟ ਦੇ ਸਹਿਯੋਗ ਨਾਲ ‘ਸਕਾਟਲੈਂਡ ਦਾ ਕਿਤਾਬ ਹਫ਼ਤਾ’ (ਬੁੱਕ ਵੀਕ ਆਫ ਸਕਾਟਲੈਂਡ) ਮਨਾਇਆ ਜਾਂਦਾ ਹੈ।
ਸਕਾਟਿਸ਼ ਬੁੱਕ ਟਰੱਸਟ ਇੱਕ ਰਾਸ਼ਟਰੀ ਸੰਸਥਾ ਹੈ ਜੋ ਕਿ ਕਈ ਤਰ੍ਹਾਂ ਦੇ ਸਮਾਗਮਾਂ ਰਾਹੀਂ ਅਤੇ ਲਾਇਬਰੇਰੀਆਂ, ਸਕੂਲਾਂ, ਅਧਿਆਪਕਾਂ, ਸਾਹਿਤਕ ਸੰਸਥਾਵਾਂ ਆਦਿ ਰਾਹੀਂ ਲੋਕਾਂ ਨੂੰ ਸਾਹਿਤ ਨਾਲ ਜੁੜਨ ਲਈ ਉਤਸ਼ਾਹਿਤ ਕਰਦੀ ਹੈ ਅਤੇ ਹਰ ਉਮਰ ਦੇ ਲੋਕਾਂ ਨੂੰ ਕਿਤਾਬਾਂ ਪੜਨ ਅਤੇ ਲਿਖਣ ਲਈ ਪ੍ਰੇਰਿਤ ਕਰਦੀ ਹੈ । ਇਸ ਸਾਲ 17 ਤੋਂ 23 ਨਵੰਬਰ ਤੱਕ ਸਕਾਟਲੈਂਡ ਦਾ ਕਿਤਾਬ ਹਫ਼ਤਾ ਮਨਾਇਆ ਗਿਆ ।
ਪੰਜਾਬੀ ਸਾਹਿਤ ਸਭਾ ਗਲਾਸਗੋ ਵਲੋਂ ਸਕਾਟਲੈਂਡ ਭਰ ਵਿੱਚ ਮਨਾਏ ਜਾ ਰਹੇ ਕਿਤਾਬ ਹਫ਼ਤੇ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਅਲਬਰਟ ਡਰਾਈਵ ਗਲਾਸਗੋ ਵਿਖੇ ਪੰਜਾਬੀ ਕਿਤਾਬਾਂ ਦਾ ਸਟਾਲ ਲਗਾਇਆ ਗਿਆ, ਜਿੱਥੇ ਸੰਗਤ ਨੂੰ ਪੰਜਾਬੀ ਕਵਿਤਾ, ਕਹਾਣੀ, ਨਾਵਲ, ਲੇਖ, ਇਤਿਹਾਸ, ਧਾਰਮਿਕ ਸਾਹਿਤ ਅਤੇ ਬੱਚਿਆਂ ਲਈ ਪੰਜਾਬੀ ਪਾਠ ਸਮਗਰੀ ਸਮੇਤ ਵੱਖ-ਵੱਖ ਕਿਸਮ ਦੀਆਂ ਪੰਜਾਬੀ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ।

ਇਸ ਉਪਰਾਲੇ ਦਾ ਮੁੱਖ ਮਕਸਦ ਗਲਾਸਗੋ ਅਤੇ ਸਕਾਟਲੈਂਡ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ, ਖ਼ਾਸਕਰ ਨੌਜਵਾਨਾਂ ਅਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਆਪਣੇ ਸਾਹਿਤ ਨਾਲ ਜੋੜਨਾ ਸੀ। ਪੰਜਾਬੀ ਸਾਹਿਤ ਸਭਾ ਗਲਾਸਗੋ ਪਿਛਲੇ 30 ਸਾਲਾਂ ਤੋਂ ਗਲਾਸਗੋ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾਤਾਰ ਕੰਮ ਕਰ ਰਹੀ ਹੈ। ਸਭਾ ਵਲੋਂ ਹਰ ਸਾਲ ਵੱਖ-ਵੱਖ ਸਾਹਿਤਕ ਗਤੀਵਿਧੀਆਂ ਅਤੇ ਸਮਾਗਮ ਆਯੋਜਿਤ ਜਾਂਦੇ ਹਨ।
ਸਮਾਗਮ ਵਿੱਚ ਸਭਾ ਵਲੋਂ ਅਮਨਦੀਪ ਸਿੰਘ, ਦਲਜੀਤ ਸਿੰਘ ਦਿਲਬਰ, ਦੁਪਿੰਦਰ ਕੌਰ, ਤਰਲੋਚਨ ਮੁਠੱਡਾ, ਗੁਰਦੇਵ ਸਿੰਘ, ਹਰਜੀਤ ਸਿੰਘ , ਅਮਰਜੀਤ ਮੀਨੀਆ ਅਤੇ ਦਲਜੀਤ ਕੌਰ ਖ਼ਾਸ ਤੌਰ ‘ਤੇ ਹਾਜ਼ਰ ਸਨ। ਇਨ੍ਹਾਂ ਨੇ ਸੰਗਤ ਨੂੰ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਸਾਹਿਤ ਦੀ ਮਹੱਤਤਾ ਅਤੇ ਪੜ੍ਹਨ ਲਈ ਪ੍ਰੇਰਿਤ ਕੀਤਾ। ਸੰਗਤ ਵਲੋਂ ਪੰਜਾਬੀ ਸਾਹਿਤ ਸਭਾ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਬੱਚਿਆਂ, ਨੌਜਵਾਨਾਂ ਤੇ ਪਰਿਵਾਰਾਂ ਨੇ ਕਿਤਾਬਾਂ ਵਿੱਚ ਬਹੁਤ ਰੁਚੀ ਦਿਖਾਈ। ਵੱਡੀ ਗਿਣਤੀ ਵਿੱਚ ਲੋਕ ਪੰਜਾਬੀ ਕਿਤਾਬਾਂ ਲੈ ਕੇ ਗਏ।


Comments are closed, but trackbacks and pingbacks are open.