ਨਵਾਂ ਰੁਜ਼ਗਾਰ ਕਾਨੂੰਨ ਮਜ਼ਦੂਰਾਂ ਲਈ ਵੱਡੀ ਰਾਹਤ

ਨਵੇਂ ਰੁਜ਼ਗਾਰ ਕਾਨੂੰਨ ਦਾ ਇੰਡਿਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸਵਾਗਤ

ਲੈਸਟਰ (ਸੁਖਜਿੰਦਰ ਸਿੰਘ ਢੱਡੇ) – ਯੂਨਾਈਟਡ ਕਿੰਗਡਮ ਵਿੱਚ ਨਵਾਂ ਰੁਜ਼ਗਾਰ ਹੱਕ ਕਾਨੂੰਨ ਪੂਰੀ ਤਰ੍ਹਾਂ ਮਨਜ਼ੂਰ ਹੋਣ ਤੋਂ ਬਾਅਦ ਮਜ਼ਦੂਰ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ। ਇੰਡਿਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਇਸ ਕਾਨੂੰਨ ਦਾ ਖੁੱਲ੍ਹ ਕੇ ਸਵਾਗਤ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਹ ਕਾਨੂੰਨ ਮਜ਼ਦੂਰਾਂ ਦੇ ਹੱਕਾਂ ਨੂੰ ਮਜ਼ਬੂਤ ਬਣਾਉਣ ਵੱਲ ਵੱਡਾ ਕਦਮ ਹੈ।

ਸਰਕਾਰ ਦੇ ਅਨੁਸਾਰ ਇਸ ਕਾਨੂੰਨ ਨਾਲ ਲਗਭਗ ਇੱਕ ਕਰੋੜ ਪੰਜਾਹ ਲੱਖ ਮਜ਼ਦੂਰਾਂ ਨੂੰ ਸਿੱਧਾ ਲਾਭ ਮਿਲੇਗਾ। ਖ਼ਾਸ ਕਰਕੇ ਉਹ ਮਜ਼ਦੂਰ ਜੋ ਘੱਟ ਤਨਖ਼ਾਹਾਂ ‘ਤੇ ਕੰਮ ਕਰਦੇ ਹਨ, ਅਸਥਿਰ ਨੌਕਰੀਆਂ ਵਿੱਚ ਫਸੇ ਹੋਏ ਹਨ ਜਾਂ ਜਿਨ੍ਹਾਂ ਕੋਲ ਪਹਿਲਾਂ ਕੋਈ ਪੱਕੀ ਸੁਰੱਖਿਆ ਨਹੀਂ ਸੀ, ਉਨ੍ਹਾਂ ਲਈ ਇਹ ਕਾਨੂੰਨ ਵੱਡੀ ਰਾਹਤ ਸਾਬਤ ਹੋਵੇਗਾ।

ਨਵੇਂ ਕਾਨੂੰਨ ਤਹਿਤ ਨੌਕਰੀ ਦੇ ਪਹਿਲੇ ਹੀ ਦਿਨ ਤੋਂ ਪਿਤਾ ਛੁੱਟੀ ਅਤੇ ਮਾਪਿਆਂ ਲਈ ਛੁੱਟੀ ਦਾ ਹੱਕ ਮਿਲੇਗਾ। ਬਿਮਾਰ ਹੋਣ ਦੀ ਸਥਿਤੀ ਵਿੱਚ ਬੀਮਾਰੀ ਭੱਤੇ ਵਿੱਚ ਸੁਧਾਰ ਕੀਤਾ ਗਿਆ ਹੈ, ਤਾਂ ਜੋ ਮਜ਼ਦੂਰ ਬਿਨਾਂ ਡਰ ਦੇ ਛੁੱਟੀ ਲੈ ਸਕਣ। ਇਸ ਦੇ ਨਾਲ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਣ ਵਿਰੁੱਧ ਵਧੇਰੇ ਸੁਰੱਖਿਆ, ਅਸਥਿਰ ਅਤੇ ਸ਼ੋਸ਼ਣ ਵਾਲੀਆਂ ਨੌਕਰੀਆਂ ਖ਼ਿਲਾਫ਼ ਸਖ਼ਤ ਕਦਮ ਅਤੇ ਗਰਭਵਤੀ ਮਹਿਲਾਵਾਂ ਤੇ ਕੰਮਕਾਜੀ ਮਾਪਿਆਂ ਲਈ ਵਧੇਰੇ ਹੱਕ ਵੀ ਦਿੱਤੇ ਗਏ ਹਨ।

ਇਸ ਮੌਕੇ ਇੰਡਿਅਨ ਵਰਕਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਇਹ ਕਾਨੂੰਨ ਮਜ਼ਦੂਰਾਂ ਲਈ ਇਕ ਇਤਿਹਾਸਕ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਉਹਨਾਂ ਸਮੱਸਿਆਵਾਂ ਨੂੰ ਮੰਨਤਾ ਦਿੰਦਾ ਹੈ ਜਿਨ੍ਹਾਂ ਨਾਲ ਲੱਖਾਂ ਮਜ਼ਦੂਰ ਹਰ ਰੋਜ਼ ਜੂਝਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਇੱਜ਼ਤ, ਸੁਰੱਖਿਆ ਅਤੇ ਇਨਸਾਫ਼ ਮਿਲੇਗਾ।

ਉਨ੍ਹਾਂ ਹੋਰ ਕਿਹਾ ਕਿ ਘੱਟ ਤਨਖ਼ਾਹਾਂ ਵਾਲੇ, ਏਸ਼ੀਆਈ ਅਤੇ ਪ੍ਰਵਾਸੀ ਭਾਈਚਾਰਿਆਂ ਦੇ ਮਜ਼ਦੂਰ ਇਸ ਕਾਨੂੰਨ ਤੋਂ ਸਭ ਤੋਂ ਵੱਧ ਲਾਭ ਉਠਾਉਣਗੇ। ਐਸੋਸੀਏਸ਼ਨ ਵੱਲੋਂ ਮਜ਼ਦੂਰ ਜਥੇਬੰਦੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਜ਼ੋਰ ਦਿੱਤਾ ਗਿਆ ਕਿ ਹੁਣ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਹੱਕ ਜ਼ਮੀਨੀ ਪੱਧਰ ‘ਤੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ, ਤਾਂ ਜੋ ਮਜ਼ਦੂਰਾਂ ਨੂੰ ਅਸਲ ਮਾਇਨੇ ਵਿੱਚ ਲਾਭ ਮਿਲ ਸਕੇ।

Comments are closed, but trackbacks and pingbacks are open.