ਟਰੇਸੀ ਦੇ ਗੁਰਦੁਆਰੇ ਤੋਂ ਇੱਕ ਬਜ਼ੁਰਗ ਸਿੱਖ ਭੇਦਭਰੇ ਹਾਲਾਤ ਵਿੱਚ ਹੋਇਆ ਲਾਪਤਾ

ਅਗਵਾ ਕਰ ਲੈਣ ਦਾ ਸ਼ੱਕ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਟਰੇਸੀ ਦੇ ਇਕ ਗੁਰਦੁਆਰੇ ਤੋਂ ਇਕ 57 ਸਾਲਾ ਬਜੁਰਗ ਸਿੱਖ ਅਵਤਾਰ ਸਿੰਘ ਦੇ ਭੇਦਭਰੇ ਹਾਲਾਤ ਵਿੱਚ ਲਾਪਤਾ ਹੋ ਜਾਣ ਦੀ ਖਬਰ ਹੈ।

ਸਮਝਿਆ ਜਾਂਦਾ ਹੈ ਕਿ ਉਸ ਨੂੰ ਜਬਰਦਸਤੀ ਅਗਵਾ ਕਰ ਲਿਆ ਗਿਆ ਹੈ। ਮਾਮਲੇ ਦੀ ਸੈਨ ਜੋਆਕੁਇਨ ਕਾਊਂਟੀ ਸ਼ੈਰਿਫ ਦਫਤਰ ਜਾਂਚ ਕਰ ਰਿਹਾ ਹੈ। ਸ਼ੈਰਿਫ ਦਫਤਰ ਅਨੁਸਾਰ ਅਵਤਾਰ ਸਿੰਘ 17 ਫਰਵਰੀ ਦੀ ਰਾਤ ਨੂੰ ਲਾਪਤਾ ਹੋਇਆ। ਸੂਚਨਾ ਮਿਲਣ ‘ਤੇ ਪੁਲਿਸ ਰਾਤ ਤਕਰੀਬਨ 8.52 ਵਜੇ ਵੈਸਟ ਗਰਾਂਟ ਲੇਨ ਰੋਡ ਦੇ 16000 ਬਲਾਕ ਵਿੱਚ ਪੁੱਜੀ ਹਾਲਾਂ ਕਿ ਇਸ ਤੋਂ ਪਹਿਲਾਂ ਦੁਪਹਿਰ ਬਾਅਦ 2.30 ਵਜੇ ਦੀ ਇੱਕ ਵੀਡੀਓ ਜਾਂਚ ਦਾ ਕੇਂਦਰ ਬਿੰਦੂ ਬਣ ਗਈ ਹੈ । ਇਸ ਵੀਡੀਓ ਵਿੱਚ 3 ਅਣਪਛਾਤੇ ਵਿਅਕਤੀ ਜਿਨਾਂ ਨੇ ਕਾਲੇ ਕਪੜੇ ਪਾਏ ਹੋਏ ਹਨ, ਚਿੱਟੇ ਰੰਗ ਦੀ  ਐਸ ਯੂ ਵੀ ਗੱਡੀ ਵਿੱਚ ਅਵਤਾਰ ਸਿੰਘ ਨੂੰ ਅਗਵਾ ਕਰਕੇ ਲਿਜਾਂਦੇ ਹੋਏ ਨਜਰ ਆ ਰਹੇ ਹਨ।

ਜਾਂਚਕਾਰ ਇਨਾਂ ਅਗਵਾਕਾਰਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੇ ਹਨ। ਹਾਲਾਂ ਕਿ ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਦੇ ਲਾਪਤਾ ਤੇ ਅਗਵਾ ਹੋਣ ਦੋਵਾਂ ਹੀ ਪੱਖਾਂ ਤੋਂ ਜਾਂਚ ਕਰ ਰਹੇ ਹਨ। ਲਾਅ ਇਨਫੋਰਸਮੈਂਟ ਵੱਲੋਂ ਜਾਰੀ ਜਾਣਕਾਰੀ  ਅਨੁਸਾਰ  ਅਵਤਾਰ ਸਿੰਘ ਟਰੇਸੀ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਵਜੋਂ ਕੰਮ ਕਰਦਾ ਸੀ ਤੇ ਉਹ ਗੁਰਦੁਆਰਾ ਦੇ ਅੰਦਰ ਹੀ ਰਹਿੰਦਾ ਸੀ। ਉਹ ਮੂਲ ਰੂਪ ਵਿੱਚ ਲੁੁਧਿਆਣਾ ਦਾ ਰਹਿਣਾ ਵਾਲਾ ਹੈ ਤੇ ਉਸ ਦਾ ਪਰਿਵਾਰ ਕਈ ਸਾਲ ਕੈਲੀਫੋਰਨੀਆ ਵਿੱਚ ਰਹਿੰਦਾ ਰਿਹਾ ਹੈ। ਪੁਲਿਸ ਨੇ ਅਵਤਾਰ ਸਿੰਘ ਤੇ ਐਸ ਯੂ ਵੀ ਗੱਡੀ ਦੀ ਤਸਵੀਰ ਜਨਤਿਕ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਣ ‘ਤੇ ਪੁਲਿਸ ਨਾਲ ਸੰਪਰਕ ਕਰਨ।

Comments are closed, but trackbacks and pingbacks are open.