ਗ੍ਰੇਵਜੈਂਡ ਗੁਰਦੁਆਰਾ ਚੋਣਾਂ ਵਿੱਚ ਬਾਜ਼ ਗਰੁੱਪ ਦੀ ਜਿੱਤ, ਇੰਦਰਪਾਲ ਸਿੰਘ ਸੱਲ੍ਹ ਪ੍ਰਧਾਨ ਬਣੇ

ਸ਼ੇਰ ਗਰੁੱਪ ਦੇ ਭਾਈ ਸੁਖਦੇਵ ਸਿੰਘ ਨੂੰ 658 ਵੋਟਾਂ ਦੇ ਫਰਕ ਨਾਲ ਹਰਾਇਆ 

ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ) – ਗ੍ਰੇਵਜੈਂਡ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀਆਂ ਚੋਣਾਂ ਯੂਕੇ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਬੀਤੇ ਦਿਨ ਹੋਈਆਂ ਚੋਣਾਂ ਉਪਰੰਤ ਆਏ ਨਤੀਜਿਆਂ ਕਾਰਨ ਚੁੰਝ ਚਰਚਾ ਤੇ ਆਪਸੀ ਦੂਸ਼ਣਬਾਜ਼ੀ ਨੂੰ ਵਿਰਾਮ ਲੱਗਿਆ ਹੈ। ਜਿਕਰਯੋਗ ਹੈ ਕਿ ਇਹਨਾਂ ਚੋਣਾਂ ਵਿੱਚ ਕੁੱਲ 3516 ਵੋਟਾਂ ਪਈਆਂ। ਜਿਹਨਾਂ ਵਿੱਚੋਂ ਬਾਜ਼ ਗਰੁੱਪ ਦੇ ਉਮੀਦਵਾਰ ਇੰਦਰਪਾਲ ਸਿੰਘ ਸੱਲ੍ਹ ਨੂੰ 2087 ਵੋਟਾਂ ਪ੍ਰਾਪਤ ਹੋਈਆਂ ਤੇ ਸ਼ੇਰ ਗਰੁੱਪ ਦੇ ਉਮੀਦਵਾਰ ਭਾਈ ਸੁਖਦੇਵ ਸਿੰਘ ਨੂੰ 1429 ਵੋਟਾਂ ਮਿਲੀਆਂ।

ਸੁਪਰੀਮ ਸਿੱਖ ਕੌਂਸਲ ਦੇ ਸੇਵਾਦਾਰਾਂ ਵੱਲੋਂ ਸਮੁੱਚੇ ਚੋਣ ਪ੍ਰਬੰਧ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਵੋਟਾਂ ਦਾ ਕੰਮ ਮੁਕੰਮਲ ਹੋਣ ਉਪਰੰਤ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਬਾਹਰ ਨਤੀਜਿਆਂ ਦੀ ਉਡੀਕ ਕਰ ਰਹੀ ਸੀ। ਜਿਉਂ ਹੀ ਸੁਪਰੀਮ ਸਿੱਖ ਕੌੰਸਲ ਦੇ ਬੁਲਾਰਿਆਂ ਨੇ ਬਾਹਰ ਆ ਕੇ ਨਤੀਜਿਆਂ ਦਾ ਐਲਾਨ ਕੀਤਾ ਤਾਂ ਸੰਗਤ ਵੱਲੋਂ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਜਿੱਤ ਹਾਸਲ ਕਰਨ ਉਪਰੰਤ ਨਵ ਨਿਯੁਕਤ ਪ੍ਰਧਾਨ ਇੰਦਰਪਾਲ ਸਿੰਘ ਸੱਲ੍ਹ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗ੍ਰੇਵਜੈਂਡ ਦੀ ਸਿੱਖ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਹਨਾਂ ਨੇ ਆਪਣਾ ਭਰੋਸਾ ਜਤਾਉਂਦਿਆਂ ਗੁਰੂਘਰ ਦੇ ਪ੍ਰਬੰਧ ਦੀ ਸੇਵਾ ਦੇ ਕਾਬਲ ਸਮਝਿਆ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸੰਗਤ ਨੇ ਉਹਨਾਂ ਨੂੰ ਮਾਣ ਦਿੱਤਾ ਹੈ, ਉਹ ਵੀ ਸੰਗਤ ਦਾ ਮਾਣ ਟੁੱਟਣ ਨਹੀਂ ਦੇਣਗੇ। ਇਸ ਸਮੇਂ ਗ੍ਰੇਵਜੈਂਡ ਦੀਆਂ ਬੀਬੀਆਂ ਨਾਲ ਇੰਦਰਪਾਲ ਸਿੰਘ ਸੱਲ੍ਹ ਦੇ ਮਾਤਾ ਜੀ ਵੀ ਮੌਜੂਦ ਰਹੇ। ਸੱਲ੍ਹ ਵੱਲੋਂ ਸਮੂਹ ਸੇਵਾਦਾਰ ਬੀਬੀਆਂ ਦਾ ਵੀ ਹਾਰਦਿਕ ਸ਼ੁਕਰਾਨਾ ਕੀਤਾ, ਜਿਹਨਾਂ ਨੇ ਸਾਰਾ ਦਿਨ ਸੇਵਾਵਾਂ ਦਿੱਤੀਆਂ।

ਇਸ ਸਮੇਂ ਅਜੈਬ ਸਿੰਘ ਚੀਮਾ, ਅਜੀਤ ਸਿੰਘ ਕਲੇਰ, ਸੁਰਿੰਦਰ ਸਿੰਘ, ਕੌਂਸਲਰ ਨਰਿੰਦਰਜੀਤ ਸਿੰਘ ਥਾਂਦੀ, ਨਾਨਕ ਸਿੰਘ, ਬਖਸ਼ੀਸ਼ ਸਿੰਘ ਸੋਢੀ, ਕੌਂਸਲਰ ਰਾਜਿੰਦਰ ਸਿੰਘ ਅਟਵਾਲ, ਅਜੀਤ ਸਿੰਘ ਖਹਿਰਾ, ਮਨਪ੍ਰੀਤ ਸਿੰਘ ਸਾਬਕਾ ਮੁੱਖ ਸੇਵਾਦਾਰ, ਬਲਬੀਰ ਸਿੰਘ ਹੇਅਰ, ਕੇਵਲ ਸਿੰਘ ਨਾਗਰਾ, ਪੀਟਰ ਹੇਅਰ, ਅਮਰਯਾਦਵਿੰਦਰ ਸਿੰਘ ਸਮਰਾਏ, ਭਿੰਦਾ ਮੁਠੱਡਾ, ਅਵਤਾਰ ਸਿੰਘ ਮੋਰਾਂਵਾਲੀ, ਜਗਜੀਤ ਸਿੰਘ, ਸ਼ੇਰ ਸਿੰਘ ਹੇਅਰ, ਸੁਖਮਿੰਦਰ ਸਿੰਘ, ਰਸ਼ਪਾਲ ਸਿੰਘ ਸਹੋਤਾ, ਕੁਲਵਿੰਦਰ ਸਿੰਘ ਸਹੋਤਾ, ਝਲਮਣ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ।

Comments are closed, but trackbacks and pingbacks are open.